ਫੂਲਕਾ ਨੇ ਨਕਾਰੇ ਕੁੰਵਰ ਵਿਜੇ ਪ੍ਰਤਾਪ ਦੇ ਦੋਸ਼, ਕਿਹਾ-ਕੇਸ ਲੜਨ ਦੀ ਗੱਲ ’ਤੇ ਅੱਜ ਵੀ ਹਾਂ ਕਾਇਮ
Wednesday, Apr 21, 2021 - 12:30 AM (IST)
ਚੰਡੀਗੜ੍ਹ (ਰਮਨਜੀਤ)-ਰਾਜਨੇਤਾ ਅਤੇ ਸੁਪਰੀਮ ਕੋਰਟ ਦੇ ਵਕੀਲ ਐੱਚ.ਐੱਸ. ਫੂਲਕਾ ਨੇ ਆਈ. ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਉਸ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਉਹ ਕੁੰਵਰ ਵਿਜੈ ਪ੍ਰਤਾਪ ਖਿਲਾਫ਼ ਕੁਝ ਵੀ ਨਹੀਂ ਬੋਲਣਾ ਚਾਹੁੰਦੇ। ਅਸਲ ਵਿਚ ਕੁੰਵਰ ਵਿਜੈ ਪ੍ਰਤਾਪ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਐੱਚ.ਐੱਸ. ਫੂਲਕਾ ਨੇ ਗੁਰੂ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਕੇਸ ਦੀ ਪੰਜਾਬ-ਹਰਿਆਣਾ ਹਾਈ ਕੋਰਟ ਦੇ ਵਿਚ ਪੈਰਵੀ ਕਰਨ ਤੋਂ ਮਨ੍ਹਾ ਕਰ ਦਿੱਤਾ ਤੇ ਉਸੇ ਕਰਕੇ ਕੇਸ ਹਾਰ ਗਏ ਤੇ ਕੁੰਵਰ ਵਿਜੇ ਪ੍ਰਤਾਪ ਨੂੰ ਅਸਤੀਫ਼ਾ ਦੇਣਾ ਪਿਆ।
ਇਹ ਵੀ ਪੜ੍ਹੋ : ਸਕੂਲ ਫ਼ੀਸ ਮਾਮਲੇ ’ਤੇ ਸਿੱਖਿਆ ਮੰਤਰੀ ਦਾ ਵੱਡਾ ਬਿਆਨ, ਸਕੂਲਾਂ ਨੂੰ ਦਿੱਤੀ ਚਿਤਾਵਨੀ
ਫੂਲਕਾ ਨੇ ਕਿਹਾ ਹੈ ਕਿ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਖਿਲਾਫ਼ ਕੁਝ ਨਹੀਂ ਬੋਲਣਾ ਚਾਹੁੰਦੇ, ਕਿਉਂਕਿ ਉਹ ਇਹ ਗੱਲ ਮੰਨਦੇ ਹਨ ਕਿ ਜੇਕਰ ਇਸ ਕੇਸ ’ਤੇ ਸਾਡੀ ਆਪਸੀ ਨਾਰਾਜ਼ਗੀ ਹੋ ਜਾਂਦੀ ਹੈ ਤਾਂ ਇਸ ਦਾ ਫਾਇਦਾ ਵਿਰੋਧੀਆਂ ਅਤੇ ਮੁਲਜ਼ਮਾਂ ਨੂੰ ਹੋਵੇਗਾ। ਇਸ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜੋ ਕੋਈ ਵੀ ਇਸ ਕੇਸ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੰਮ ਕਰ ਰਿਹਾ ਹੈ, ਉਨ੍ਹਾਂ ਸਾਰਿਆਂ ਨੂੰ ਆਪਸ ਵਿਚ ਇਕੱਠੇ ਮਿਲ ਕੇ ਚੱਲਣਾ ਚਾਹੀਦਾ ਹੈ। ਇਸ ਕਰਕੇ ਇਸ ਮੁੱਦੇ ਉਪਰ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ਼ ਬਿਆਨ ਨਹੀਂ ਦੇਣਗੇ। ਹਾਲਾਂਕਿ ਫੂਲਕਾ ਨੇ ਕਿਹਾ ਕਿ ਜਿਥੋਂ ਤੱਕ ਉਨ੍ਹਾਂ ਦੀ ਹਾਈ ਕੋਰਟ ਵਿਚ ਕੇਸ ਲੜਨ ਤੋਂ ਇਨਕਾਰ ਦੀ ਗੱਲ ਹੈ, ਕੁਝ ਸਮਾਂ ਪਹਿਲਾਂ ਇਸ ਕੇਸ ਦੀ ਪੀੜਤ ਧਿਰ ਵਲੋਂ ਇਕ ਪੀੜਤ ਉਨ੍ਹਾਂ ਨੂੰ ਮਿਲਣ ਜ਼ਰੂਰ ਆਇਆ ਸੀ, ਜਿਸ ਨੇ ਇਸ ਕੇਸ ਦੇ ਕਾਗਜ਼ ਉਨ੍ਹਾਂ ਨੂੰ ਸੌਂਪੇ ਤੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਉਨ੍ਹਾਂ ਨੂੰ ਇਹ ਕਾਗਜ਼ ਤੁਹਾਨੂੰ ਸੌਂਪਣ ਦੇ ਲਈ ਕਿਹਾ ਹੈ। ਫਿਰ ਜਦੋਂ ਉਨ੍ਹਾਂ ਨੇ ਪੀੜਤਾਂ ਤੋਂ ਪੁੱਛਿਆ ਕਿ ਉਹ ਵਕੀਲ ਰਾਜਵਿੰਦਰ ਸਿੰਘ ਬੈਂਸ (ਸੀਨੀਅਰ ਐਡਵੋਕੇਟ ਪੰਜਾਬ ਹਰਿਆਣਾ ਹਾਈ ਕੋਰਟ) ਨੂੰ ਬਦਲਣਾ ਕਿਉਂ ਚਾਹੁੰਦੇ ਹਨ ਤਾਂ ਪੀੜਤ ਨੇ ਕਿਹਾ ਕਿ ਅਸੀਂ ਵਕੀਲ ਰਾਜਵਿੰਦਰ ਸਿੰਘ ਬੈਂਸ ਨੂੰ ਨਹੀਂ ਬਦਲਣਾ ਚਾਹੁੰਦੇ, ਸਾਨੂੰ ਤਾਂ ਸਿਰਫ਼ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਤੁਹਾਡੇ ਕੋਲ ਭੇਜਿਆ ਹੈ, ਬਾਕੀ ਤੁਸੀਂ ਉਨ੍ਹਾਂ ਨਾਲ ਗੱਲ ਕਰ ਲਵੋ। ਫੂਲਕਾ ਨੇ ਕਿਹਾ ਕਿ ਉਸ ਤੋਂ ਬਾਅਦ ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕੀ ਉਹ ਇਹ ਚਾਹੁੰਦੇ ਹਨ ਕਿ ਫੂਲਕਾ ਇਸ ਕੇਸ ਦੀ ਪੈਰਵੀ ਕਰਨ ਤੇ ਰਾਜਵਿੰਦਰ ਬੈਂਸ ਨੂੰ ਬਦਲਿਆ ਜਾਵੇ।
ਇਹ ਵੀ ਪੜ੍ਹੋ : ਲੁਧਿਆਣਾ ’ਚ ਕੋਰੋਨਾ ਨੇ ਮਾਤਮ ’ਚ ਬਦਲੀਆਂ ਵਿਆਹ ਦੀਆਂ ਖ਼ੁਸ਼ੀਆਂ, ਪੰਜ ਦਿਨਾਂ ’ਚ ਮਾਂ-ਪੁੱਤ ਦੀ ਮੌਤ
ਫੂਲਕਾ ਨੇ ਕਿਹਾ ਕਿ ਉਨ੍ਹਾਂ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਇਹ ਵੀ ਕਿਹਾ ਕੀ ਉਹ ਇਕ ਰਾਜਨੀਤਕ ਲੀਡਰ ਰਹੇ ਨੇ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜਾਂ ਵਿਚ ਉਨ੍ਹਾਂ ਦੇ ਇਕ ਰਾਜਨੀਤਕ ਲੀਡਰ ਹੋਣ ਦੀ ਜਾਣਕਾਰੀ ਹੈ, ਇਸ ਲਈ ਇਕ ਮਨੁੱਖੀ ਅਧਿਕਾਰ ਦੇ ਵਕੀਲ ਰਾਜਵਿੰਦਰ ਸਿੰਘ ਬੈਂਸ ਨੂੰ ਬਦਲ ਕੇ ਉਨ੍ਹਾਂ ਦਾ ਆਉਣਾ ਉਸ ਕੇਸ ਲਈ ਬਿਲਕੁਲ ਠੀਕ ਨਹੀਂ ਰਹੇਗਾ। ਇਸ ਕਰਕੇ ਫੂਲਕਾ ਨੇ ਕਿਹਾ ਕਿ ਤਾਂ ਚੰਗੀ ਰਣਨੀਤੀ ਵਜੋਂ ਰਾਜਿੰਦਰ ਸਿੰਘ ਬੈਂਸ ਨੂੰ ਬਦਲਣਾ ਠੀਕ ਨਹੀਂ ਹੋਵੇਗਾ ਪਰ ਜੇਕਰ ਇਹ ਕੇਸ ਸੁਪਰੀਮ ਕੋਰਟ ਵਿਚ ਆਉਂਦਾ ਹੈ ਤਾਂ ਉਹ ਇਹ ਕੇਸ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਜੋ ਕੇਸ ਸੀ ਉਸ ਵਿਚ ਵੱਡਾ ਰੋਲ ਸਰਕਾਰੀ ਵਕੀਲਾਂ ਦਾ ਸੀ। ਸਰਕਾਰੀ ਵਕੀਲਾਂ ਦੀ ਨਲਾਇਕੀ ਜਾਂ ਮਿਲੀਭੁਗਤ ਨਾਲ ਇਹ ਕੇਸ ਖਰਾਬ ਕੀਤਾ ਗਿਆ ਹੈ, ਜਿਸ ਕਰਕੇ ਸਾਨੂੰ ਅੱਜ ਹਾਰ ਦੇਖਣੀ ਪਈ। ਜੇਕਰ ਇਹ ਕੇਸ ਹਾਰ ਗਏ ਹਾਂ ਤੇ ਇਸਦਾ ਦੋਸ਼ ਰਾਜਵਿੰਦਰ ਸਿੰਘ ਬੈਂਸ ’ਤੇ ਮੜ੍ਹਨਾ ਬਿਲਕੁਲ ਗਲਤ ਹੋਵੇਗਾ।
ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।