ਫਾਰਮੇਸੀ ਅਫਸਰ ਭਰਤੀ ਪ੍ਰੀਖਿਆ ’ਚ ਹਾਈਟੈੱਕ ਨਕਲ ਮਾਮਲਾ : 16 ਮੁਲਜ਼ਮਾਂ ਨੂੰ ਮਿਲੀ ਜ਼ਮਾਨਤ

Saturday, Aug 15, 2026 - 04:26 PM (IST)

ਫਾਰਮੇਸੀ ਅਫਸਰ ਭਰਤੀ ਪ੍ਰੀਖਿਆ ’ਚ ਹਾਈਟੈੱਕ ਨਕਲ ਮਾਮਲਾ : 16 ਮੁਲਜ਼ਮਾਂ ਨੂੰ ਮਿਲੀ ਜ਼ਮਾਨਤ

ਫਰੀਦਕੋਟ (ਰਾਜਨ) : ਫਾਰਮੇਸੀ ਅਫਸਰ ਭਰਤੀ ਪ੍ਰੀਖਿਆ ’ਚ ਕਥਿਤ ਪੇਪਰ ਲੀਕ ਅਤੇ ਹਾਈਟੈੱਕ ਨਕਲ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ 16 ਮੁਲਜ਼ਮਾਂ ਸੂਰਜ ਕੁਮਾਰ, ਕੁਲਵੰਤ ਸਿੰਘ, ਗੁਰਪਿੰਦਰ ਸਿੰਘ, ਕੁਲਦੀਪ ਸਿੰਘ, ਗਗਨਦੀਪ ਸਿੰਘ, ਜਸਕਰਨ ਸਿੰਘ, ਰਿੰਕੂ, ਜਸਵੀਰ ਸਿੰਘ, ਅਕਸ਼ਦੀਪ ਸਿੰਘ, ਅਮਨਦੀਪ ਸ਼ਰਮਾ, ਸਤਨਾਮ ਸਿੰਘ, ਗੌਰਵ ਚੌਹਾਨ, ਮਨਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਕੁਲਵਿੰਦਰ ਸਿੰਘ ਅਤੇ ਗੁਰਸ਼ਵਾਕ ਸਿੰਘ—ਨੂੰ ਫ਼ਰੀਦਕੋਟ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਵਧੀਕ ਮੁੱਖ ਨਿਆਂਇਕ ਮੈਜਿਸਟ੍ਰੇਟ ਦਲਜੀਤ ਕੌਰ ਦੀ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ 20-20 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ਅਤੇ ਜ਼ਮਾਨਤੀ ’ਤੇ ਨਿਯਮਤ ਜ਼ਮਾਨਤ ਦੇਣ ਦੇ ਆਦੇਸ਼ ਦਿੱਤੇ ਹਨ। ਅਦਾਲਤ ਨੇ ਸਪੱਸ਼ਟ ਕੀਤਾ ਕਿ ਅਗਲੀ ਜਾਂਚ ਲਈ ਮੁਲਜ਼ਮਾਂ ਨੂੰ ਹਿਰਾਸਤ ’ਚ ਰੱਖਣਾ ਜ਼ਰੂਰੀ ਨਹੀਂ ਹੈ ਅਤੇ ਦੋਸ਼ਾਂ ਦੀ ਗੰਭੀਰਤਾ ਇਕੱਲੇ ਜ਼ਮਾਨਤ ਰੱਦ ਕਰਨ ਦਾ ਆਧਾਰ ਨਹੀਂ ਹੋ ਸਕਦੀ।

ਇਹ ਮਾਮਲਾ 19 ਜੁਲਾਈ 2026 ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵੱਲੋਂ ਕਰਵਾਈ ਪ੍ਰੀਖਿਆ ਨਾਲ ਸਬੰਧਤ ਹੈ, ਜਿਸ ਵਿੱਚ ਬਲੂਟੁੱਥ ਰਿਸੀਵਰ ਅਤੇ ਛੋਟੇ ਈਅਰਪੀਸ ਵਰਗੇ ਉਪਕਰਨਾਂ ਰਾਹੀਂ ਨਕਲ ਦੇ ਦੋਸ਼ ਲੱਗੇ ਸਨ। ਇਸ ’ਤੇ 20 ਜੁਲਾਈ ਨੂੰ ਸਾਈਬਰ ਕ੍ਰਾਈਮ ਥਾਣਾ ਫਰੀਦਕੋਟ ਵਿਖੇ ਬੀ. ਐੱਨ. ਐੱਸ. ਅਤੇ ਆਈ. ਟੀ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਕਈ ਮੁਲਜ਼ਮਾਂ ਦੇ ਨਾਂ ਅਤੇ ਰੋਲ ਨੰਬਰ ਮੂਲ ਐੱਫ.ਆਈ.ਆਰ. ’ਚ ਦਰਜ ਨਹੀਂ ਸਨ ਅਤੇ ਉਨ੍ਹਾਂ ਕੋਲੋਂ ਕੋਈ ਇਲੈਕਟ੍ਰਾਨਿਕ ਉਪਕਰਨ ਵੀ ਬਰਾਮਦ ਨਹੀਂ ਹੋਇਆ। ਦੂਜੇ ਪਾਸੇ, ਸਰਕਾਰੀ ਵਕੀਲ ਸਤਨਾਮ ਸਿੰਘ ਗਿੱਲ ਨੇ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਮਾਮਲਾ ਨੌਜਵਾਨਾਂ ਦੇ ਭਵਿੱਖ ਨਾਲ ਜੁੜਿਆ ਹੈ ਅਤੇ ਪੂਰੀ ਜਾਂਚ ਲਈ ਹਿਰਾਸਤ ਜ਼ਰੂਰੀ ਹੈ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਜ਼ਮਾਨਤ ਮਨਜ਼ੂਰ ਕਰ ਲਈ। ਐਡਵੋਕੇਟ ਮਨਦੀਪ ਚਾਨਣਾ ਨੇ ਦੱਸਿਆ ਕਿ ਕਾਨੂੰਨੀ ਰਸਮਾਂ ਪੂਰੀਆਂ ਹੋਣ ’ਤੇ ਮੁਲਜ਼ਮਾਂ ਦੀ ਰਿਹਾਈ ਹੋਵੇਗੀ, ਜਦਕਿ ਪੁਲਸ ਜਾਂਚ ਹਾਲੇ ਜਾਰੀ ਹੈ।


author

Gurminder Singh

Content Editor

Related News