ਕੇਂਦਰੀ ਮਾਡਰਨ ਜੇਲ੍ਹ ’ਚ ਹਵਾਲਾਤੀ ਕੋਲੋਂ ਮੋਬਾਈਲ ਤੇ ਸਿਮ ਬਰਾਮਦ, 9 ਹਖ਼ਿਲਾਫ਼ ਮੁਕੱਦਮਾ ਦਰਜ

Wednesday, Aug 05, 2026 - 05:37 PM (IST)

ਕੇਂਦਰੀ ਮਾਡਰਨ ਜੇਲ੍ਹ ’ਚ ਹਵਾਲਾਤੀ ਕੋਲੋਂ ਮੋਬਾਈਲ ਤੇ ਸਿਮ ਬਰਾਮਦ, 9 ਹਖ਼ਿਲਾਫ਼ ਮੁਕੱਦਮਾ ਦਰਜ

ਫ਼ਰੀਦਕੋਟ (ਰਾਜਨ) : ਕੇਂਦਰੀ ਮਾਡਰਨ ਜੇਲ੍ਹ ਫ਼ਰੀਦਕੋਟ ਵਿਚ ਅਚਨਚੇਤ ਤਲਾਸ਼ੀ ਦੌਰਾਨ ਇਕ ਹਵਾਲਾਤੀ ਕੋਲੋਂ ਟੱਚ ਸਕਰੀਨ ਮੋਬਾਈਲ ਫੋਨ ਅਤੇ ਬੀਐੱਸਐਨਐੱਲ ਦੀ ਸਿਮ ਬਰਾਮਦ ਹੋਣ ਮਗਰੋਂ ਸਿਟੀ ਕੋਤਵਾਲੀ ਫ਼ਰੀਦਕੋਟ ਪੁਲਸ ਨੇ 9 ਹਵਾਲਾਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਵੀਰਪਾਲ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ 3 ਅਗਸਤ ਦੀ ਸ਼ਾਮ ਜੇਲ੍ਹ ਗਾਰਦ ਨੇ ਬਲਾਕ ਨੰਬਰ-5 ਦੀ ਬੈਰਕ ਨੰਬਰ-14 ਵਿਚ ਅਚਨਚੇਤ ਤਲਾਸ਼ੀ ਲਈ। ਇਸ ਦੌਰਾਨ ਹਵਾਲਾਤੀ ਅਰਪਨਪ੍ਰੀਤ ਵਾਸੀ ਮੋਹਣੀ ਪਾਰਕ, ਜ਼ਿਲ੍ਹਾ ਅੰਮ੍ਰਿਤਸਰ ਕੋਲੋਂ ਇੱਕ ਟੱਚ ਸਕਰੀਨ ਮੋਬਾਈਲ ਫੋਨ ਅਤੇ ਬੀਐੱਸਐਨਐੱਲ ਦੀ ਸਿਮ ਬਰਾਮਦ ਹੋਈ।

ਪੁੱਛਗਿੱਛ ਦੌਰਾਨ ਕਾਬੂ ਕੀਤੇ ਹਵਾਲਾਤੀ ਅਰਪਨਪ੍ਰੀਤ ਨੇ ਕਥਿਤ ਤੌਰ ’ਤੇ ਦੱਸਿਆ ਕਿ ਬਰਾਮਦ ਹੋਏ ਮੋਬਾਈਲ ਫੋਨ ਦੀ ਵਰਤੋਂ ਉਸ ਦੀ ਬੈਰਕ ਵਿਚ ਬੰਦ ਹੋਰ ਹਵਾਲਾਤੀ ਵੀ ਕਰਦੇ ਸਨ। ਇਸ ਖੁਲਾਸੇ ਤੋਂ ਬਾਅਦ ਪੁਲਸ ਨੇ ਅਰਪਨਪ੍ਰੀਤ ਸਮੇਤ ਹਵਾਲਾਤੀ ਯੋਗੇਸ਼ ਸ਼ਰਮਾ ਵਾਸੀ ਗੋਬਿੰਦਗੜ੍ਹ ਬਸਤੀ (ਜ਼ਿਲ੍ਹਾ ਮੋਗਾ), ਹਰਜੀਤ ਸਿੰਘ ਵਾਸੀ ਸਾਧਾਂ ਵਾਲੀ ਬਸਤੀ (ਜ਼ਿਲ੍ਹਾ ਮੋਗਾ), ਹਰਮਿੰਦਰ ਸਿੰਘ ਵਾਸੀ ਜੈ ਸਿੰਘ ਵਾਲਾ (ਜ਼ਿਲ੍ਹਾ ਮੋਗਾ), ਮਨਪ੍ਰੀਤ ਸਿੰਘ (ਹਾਲ ਵਾਸੀ ਕੇਂਦਰੀ ਮਾਡਰਨ ਜੇਲ੍ਹ ਫ਼ਰੀਦਕੋਟ), ਮਨਪ੍ਰੀਤ ਸਿੰਘ ਵਾਸੀ ਡੋਡਵਾ (ਜ਼ਿਲ੍ਹਾ ਸੋਨੀਪਤ, ਹਰਿਆਣਾ), ਸਤਨਾਮ ਸਿੰਘ ਵਾਸੀ ਰਾਜੇਆਣਾ (ਜ਼ਿਲ੍ਹਾ ਮੋਗਾ), ਜਸ਼ਨਪ੍ਰੀਤ ਸਿੰਘ ਵਾਸੀ ਰਾਜੇਆਣਾ (ਜ਼ਿਲ੍ਹਾ ਮੋਗਾ) ਅਤੇ ਸੁਖਦੀਪ ਸਿੰਘ ਵਾਸੀ ਚੰਦ ਪੁਰਾਣਾ ਲੰਘੇਆਣਾ ਨੀਵਾਂ (ਜ਼ਿਲ੍ਹਾ ਮੋਗਾ) ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

ਪੁਲਸ ਇਹ ਵੀ ਜਾਂਚ ਕਰ ਰਹੀ ਹੈ ਕਿ ਮੋਬਾਈਲ ਫੋਨ ਜੇਲ੍ਹ ਅੰਦਰ ਕਿਸ ਤਰੀਕੇ ਨਾਲ ਪਹੁੰਚਿਆ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ ’ਤੇ ਕਾਨੂੰਨ ਅਨੁਸਾਰ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।


author

Gurminder Singh

Content Editor

Related News