ਬਲਾਕ ਸੰਮਤੀ ਚੋਣ ਰੰਜਿਸ਼ ਨੂੰ ਲੈ ਕੇ ਹਮਲਾ, 14 ਵਿਅਕਤੀਆਂ ਖ਼ਿਲਾਫ਼ ਕੇਸ ਦਰਜ

Saturday, Aug 08, 2026 - 02:48 PM (IST)

ਬਲਾਕ ਸੰਮਤੀ ਚੋਣ ਰੰਜਿਸ਼ ਨੂੰ ਲੈ ਕੇ ਹਮਲਾ, 14 ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਫ਼ਰੀਦਕੋਟ (ਰਾਜਨ) : ਪਿੰਡ ਘੁਗਿਆਣਾ 'ਚ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਚੱਲੀ ਆ ਰਹੀ ਰੰਜਿਸ਼ ਨੇ ਉਸ ਸਮੇਂ ਤੂਲ ਫੜ੍ਹ ਲਿਆ, ਜਦੋਂ ਇੱਕ ਧਿਰ ਵੱਲੋਂ ਦੂਜੀ ਧਿਰ ਦੇ ਵਿਅਕਤੀ ’ਤੇ ਕਥਿਤ ਤੌਰ ’ਤੇ ਹਮਲਾ ਕਰਕੇ ਉਸ ਦੀ ਕੁੱਟਮਾਰ ਕੀਤੀ ਗਈ। ਇਸ ਦੌਰਾਨ ਮੋਟਰਸਾਈਕਲ ਅਤੇ ਘਰ ਦੇ ਗੇਟ ਦੀ ਵੀ ਭੰਨਤੋੜ ਕੀਤੇ ਜਾਣ ਦਾ ਦੋਸ਼ ਹੈ। ਇਸ ਮਾਮਲੇ 'ਚ ਥਾਣਾ ਸਦਰ ਫ਼ਰੀਦਕੋਟ ਪੁਲਸ ਨੇ 14 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਸੁੱਖਾ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਘੁਗਿਆਣਾ ਨੇ ਦੱਸਿਆ ਕਿ 5 ਅਗਸਤ ਦੀ ਰਾਤ ਕਰੀਬ 8 ਵਜੇ ਉਹ ਪਿੰਡ ਵਿੱਚ ਆਪਣੇ ਕੰਮ ਸਬੰਧੀ ਮੌਜੂਦ ਸੀ। ਇਸ ਦੌਰਾਨ ਲੱਖਾ ਸਿੰਘ, ਕਰਨ ਸਿੰਘ, ਅਮਰ ਸਿੰਘ, ਗੁਰਲਾਲ ਸਿੰਘ, ਰਾਜਨ ਸਿੰਘ, ਸਾਜਨ ਸਿੰਘ, ਭੋਲਾ ਸਿੰਘ, ਮੰਗਲ ਸਿੰਘ, ਸੁਖਪਾਲ ਸਿੰਘ, ਬਿੱਟੂ ਸਿੰਘ, ਪੱਪੂ ਸਿੰਘ, ਬਾਦਲ ਸਿੰਘ ਅਤੇ ਬੂਟਾ ਸਿੰਘ, ਸਾਰੇ ਵਾਸੀ ਪਿੰਡ ਘੁਗਿਆਣਾ, ਸਮੇਤ ਸ਼ੇਰਾ ਸਿੰਘ ਵਾਸੀ ਪਿੰਡ ਕਾਬਲਵਾਲਾ ਉਥੇ ਪਹੁੰਚੇ। ਸ਼ਿਕਾਇਤਕਰਤਾ ਅਨੁਸਾਰ ਉਕਤ ਵਿਅਕਤੀ ਸਕਾਰਪੀਓ ਗੱਡੀ ਅਤੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਸਨ ਅਤੇ ਉਨ੍ਹਾਂ ਕੋਲ ਹਥਿਆਰ ਵੀ ਸਨ।

ਮੁਲਜ਼ਮਾਂ ਨੇ ਕਥਿਤ ਤੌਰ ’ਤੇ ਉਸ ਦਾ ਰਸਤਾ ਰੋਕ ਲਿਆ ਅਤੇ ਉਸ ਨਾਲ ਕੁੱਟਮਾਰ ਕਰਦਿਆਂ ਸੱਟਾਂ ਮਾਰੀਆਂ। ਇਸ ਤੋਂ ਇਲਾਵਾ ਉਸ ਦੇ ਮੋਟਰਸਾਈਕਲ ਅਤੇ ਘਰ ਦੇ ਗੇਟ ਦੀ ਵੀ ਭੰਨਤੋੜ ਕੀਤੀ ਗਈ। ਬਿਆਨਾਂ 'ਚ ਦੋਸ਼ ਲਗਾਇਆ ਗਿਆ ਹੈ ਕਿ ਹਮਲੇ ਦਾ ਕਾਰਨ ਪਿੰਡ 'ਚ ਹੋਈਆਂ ਬਲਾਕ ਸੰਮਤੀ ਚੋਣਾਂ ਨਾਲ ਸਬੰਧਿਤ ਰੰਜਿਸ਼ ਹੈ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਬਲਾਕ ਸੰਮਤੀ ਚੋਣਾਂ ਦੌਰਾਨ ਵਿਰੋਧੀ ਧਿਰ ਵੱਲੋਂ ਉਸ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਵਾਇਆ ਗਿਆ ਸੀ ਅਤੇ ਇਸੇ ਰੰਜਿਸ਼ ਦੇ ਚਲਦਿਆਂ ਹੁਣ ਉਸ ’ਤੇ ਹਮਲਾ ਕੀਤਾ ਗਿਆ। ਹਮਲੇ ਦੌਰਾਨ ਸੱਟਾਂ ਲੱਗਣ ਕਾਰਨ ਸੁੱਖਾ ਸਿੰਘ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਦਾਖ਼ਲ ਕਰਵਾਇਆ ਗਿਆ। ਪੁਲਸ ਨੇ ਉਸ ਦੇ ਬਿਆਨ ਦਰਜ ਕਰਨ ਉਪਰੰਤ ਨਾਮਜ਼ਦ 14 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਜਾਰੀ ਹੈ।


author

Babita

Content Editor

Related News