''ਗੋਲ ਚੌਕ ਦਾ ਨਾਂ ਸੰਵਿਧਾਨ ਚੌਕ ਅਮਰ ਸ਼ਹੀਦ ਯਸ਼ਵੰਤ ਬੌਬੀ ਰੱਖਿਆ ਜਾਵੇ''
Wednesday, Jul 18, 2018 - 04:08 PM (IST)

ਫਗਵਾੜਾ (ਰੁਪਿੰਦਰ ਕੌਰ)— ਫਗਵਾੜਾ ਵਿਖੇ ਗੋਲ ਚੌਕ ਦਾ ਨਾਂ ਸੰਵਿਧਾਨ ਚੌਕ ਅਮਰ ਸ਼ਹੀਦ ਯਸ਼ਵੰਤ ਬੌਬੀ ਰੱਖਣ ਨੂੰ ਲੈ ਕੇ ਭਗਵਾਨ ਵਾਲਮੀਕਿ ਐਕਸ਼ਨ ਕਮੇਟੀ ਵੱਲੋਂ ਨਗਰ ਨਿਗਮ ਕਮਿਸ਼ਨਰ ਬਖਤਾਵਰ ਸਿੰਘ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਇਕ ਮੰਗ-ਪੱਤਰ ਦਿੱਤਾ ਗਿਆ।
ਜਾਣਕਾਰੀ ਦਿੰਦੇ ਹੋਏ ਚੇਅਰਮੈਨ ਕਿਸ਼ਨ ਲਾਲ ਹੀਰੋ, ਵਾਈਸ ਚੇਅਰਮੈਨ ਸਤੀਸ਼ ਸਲਹੋਤਰਾ, ਪ੍ਰਧਾਨ ਧਰਮਵੀਰ ਸੇਠੀ, ਜਨਰਲ ਸਕੱਤਰ ਰਾਜਪਾਲ ਘਈ, ਕੁੰਦਨ ਲਾਲ ਕਲਿਆਣ, ਤੁਲਸੀ ਰਾਮ ਖੋਸਲਾ ਨੇ ਦੱਸਿਆ ਕਿ ਫਗਵਾੜਾ ਵਿਖੇ ਗੋਲ ਚੌਕ ਨੂੰ ਲੈ ਕੇ ਹੋਈ ਹਿੰਸਾ ਦੌਰਾਨ ਮਾਰੇ ਗਏ ਯਸ਼ਵੰਤ ਬੌਬੀ ਦੇ ਨਾਂ 'ਤੇ ਐਲਾਨੇ ਗਏ ਸੰਵਿਧਾਨ ਚੌਕ ਨੂੰ ਅਮਲੀ ਰੂਪ ਦੇਣ ਲਈ ਕਮਿਸ਼ਨਰ ਨਗਰ ਨਿਗਮ ਬਖਤਾਵਰ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਇਕ ਮੰਗ-ਪੱਤਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਭਗਵਾਨ ਵਾਲਮੀਕਿ ਐਕਸ਼ਨ ਕਮੇਟੀ ਦੀ ਮੀਟਿੰਗ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਸੀ, ਜਿਸ ਵਿਚ ਐਕਸ਼ਨ ਕਮੇਟੀ ਦੇ ਮੋਹਤਬਰ ਆਗੂਆਂ ਤੋਂ ਇਲਾਵਾ ਡਾ. ਰਾਜਕੁਮਾਰ ਚੱਬੇਵਾਲ, ਜੋਗਿੰਦਰ ਸਿੰਘ ਮਾਨ ਸਾਬਕਾ ਕੈਬਨਿਟ ਮੰਤਰੀ, ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿਚ 13 ਅਪ੍ਰੈਲ ਨੂੰ ਫਗਵਾੜਾ ਵਿਖੇ ਹੋਏ ਗੋਲੀਕਾਂਡ ਸਬੰਧੀ ਇਕ ਮੰਗ-ਪੱਤਰ ਦਿੱਤਾ ਗਿਆ ਸੀ, ਜਿਸ ਵਿਚ ਕੁਝ ਮੰਗਾਂ ਰੱਖੀਆਂ ਗਈਆਂ ਸਨ, ਜਿਸ ਵਿਚ ਗੋਲ ਚੌਕ ਦਾ ਨਾਂ 'ਸੰਵਿਧਾਨ ਚੌਕ ਅਮਰ ਸ਼ਹੀਦ ਯਸ਼ਵੰਤ ਬੌਬੀ' ਰੱਖਣ ਦੀ ਮੰਗ ਕੀਤੀ ਗਈ ਸੀ ਪਰ ਕਰੀਬ ਤਿੰਨ ਮਹੀਨੇ ਬੀਤ ਜਾਣ ਮਗਰੋਂ ਵੀ ਨਗਰ ਨਿਗਮ ਫਗਵਾੜਾ ਦੇ ਪ੍ਰਸ਼ਾਸਨਿਕ ਅਧਿਕਾਰੀਆ ਵੱਲੋਂ ਗੋਲ ਚੌਕ ਦਾ ਨਾਂ ਬਦਲਣ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਮੰਗ ਕੀਤੀ ਕਿ ਗੋਲ ਚੌਕ ਦਾ ਨਾਂ ਸੰਵਿਧਾਨ ਚੌਕ ਅਮਰ ਸ਼ਹੀਦ ਯਸ਼ਵੰਤ ਬੌਬੀ ਰੱਖਿਆ ਜਾਵੇ।ਇਸ ਦੌਰਾਨ ਭਗਵਾਨ ਵਾਲਮੀਕਿ ਐਕਸ਼ਨ ਕਮੇਟੀ ਨੇ ਮੰਗ ਕੀਤੀ ਕਿ ਗੋਲ ਚੌਕ ਦਾ ਨਾਂ ਜਲਦ ਤੋਂ ਜਲਦ ਬਦਲਿਆ ਜਾਵੇ। ਇਸ ਮੌਕੇ ਭਗਵਾਨ ਵਾਲਮੀਕਿ ਐਕਸ਼ਨ ਕਮੇਟੀ ਦੇ ਸਮੂਹ ਮੈਂਬਰ ਮੌਜੂਦ ਸਨ।