26 ਨੌਜਵਾਨਾਂ ਨੂੰ ਰਸ਼ੀਆ ਭੇਜਣ ਵਾਲਾ ਮੁੱਖ ਏਜੰਟ ਗ੍ਰਿਫਤਾਰ, ਹੋਏ ਇਹ ਖੁਲਾਸੇ

Sunday, Dec 01, 2019 - 09:45 AM (IST)

26 ਨੌਜਵਾਨਾਂ ਨੂੰ ਰਸ਼ੀਆ ਭੇਜਣ ਵਾਲਾ ਮੁੱਖ ਏਜੰਟ ਗ੍ਰਿਫਤਾਰ, ਹੋਏ ਇਹ ਖੁਲਾਸੇ

ਫਗਵਾੜਾ (ਹਰਜੋਤ) : ਰਸ਼ੀਆ 'ਚ ਫਸੇ 26 ਪੰਜਾਬੀ ਨੌਜਵਾਨਾਂ ਦੇ ਮਾਮਲੇ 'ਚ ਅੱਜ ਉਸ ਸਮੇਂ ਪੁਲਸ ਨੂੰ ਵੱਡੀ ਪ੍ਰਾਪਤੀ ਹੋਈ ਜਦੋਂ ਪੁਲਸ ਨੇ ਇਸ ਮਾਮਲੇ ਦੇ ਮੁੱਖ ਦੋਸ਼ੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ । ਇਸ ਸਬੰਧੀ ਜਾਂਚ ਅਧਿਕਾਰੀ ਗੁਰਮੁੱਖ ਸਿੰਘ ਸਬ ਇੰਸਪੈਕਟਰ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਦੀ ਪਛਾਣ ਸੁਰਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਕੋਟਭਾਈ ਮੁਕਤਸਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਕੁਝ ਸਮੇਂ ਪਹਿਲਾਂ ਰਸ਼ੀਆ 'ਚ ਨੌਕਰੀ ਕਰਨ ਗਿਆ ਸੀ ਅਤੇ ਉਥੇ ਕੰਪਨੀ ਨੂੰ ਮਜ਼ਦੂਰਾਂ ਦੀ ਜ਼ਰੂਰਤ ਸੀ ਤਾਂ ਉਕਤ ਵਿਅਕਤੀ ਨੇ ਕੰਪਨੀ ਤੋਂ ਇਕ ਲੇਬਰ ਦੀ ਲੋੜ ਦਾ ਕਾਗਜ਼ ਤਿਆਰ ਕਰਵਾ ਲਿਆ ਅਤੇ ਪਹਿਲਾਂ ਤੋਂ ਗ੍ਰਿਫਤਾਰ ਕੀਤੇ ਏਜੰਟ ਦਲਜੀਤ ਸਿੰਘ ਜੋ ਇਸ ਦੇ ਸੰਪਰਕ 'ਚ ਸੀ, ਇਸ ਦੇ ਨਾਲ ਮਿਲ ਕੇ ਉਸ ਨੇ ਸਕੀਮ ਬਣਾ ਕੇ ਕੁਝ ਹੋਰ ਵੀਜ਼ਾ ਮਾਹਿਰਾਂ ਨਾਲ ਸੰਪਰਕ ਕਰ ਕੇ ਇਨ੍ਹਾਂ ਲੋਕਾਂ ਨੂੰ ਵਿਦੇਸ਼ ਭੇਜਣ ਲਈ ਤਿਆਰ ਕਰ ਲਿਆ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦੀ ਗ੍ਰਿਫ਼ਤਾਰੀ ਦਲਜੀਤ ਸਿੰਘ ਨੂੰ ਪੁਲਸ ਰਿਮਾਂਡ ਦੌਰਾਨ ਕੀਤੀ ਗਈ । ਪੁੱਛਗਿੱਛ ਦੌਰਾਨ ਉਸ ਨੇ ਇਸ ਦਾ ਖੁਲਾਸਾ ਕੀਤਾ ਅਤੇ ਇਹ ਵਿਅਕਤੀ ਅੱਜ ਕਲ ਇੰਡੀਆ 'ਚ ਹੀ ਸੀ, ਜਿਸ ਨੂੰ ਪੁਲਸ ਨੇ ਛਾਪੇਮਾਰੀ ਕਰ ਕੇ ਅੱਜ ਕਾਬੂ ਕਰ ਕੇ ਉਸ ਦੀ ਗ੍ਰਿਫ਼ਤਾਰੀ ਪਾ ਦਿੱਤੀ ਹੈ ਅਤੇ ਇਸ ਪਾਸੋਂ ਵੀ ਹੋਰ ਪੁੱਛਗਿੱਛ ਕੀਤੀ ਜਾਵੇਗੀ।
PunjabKesari
ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਵਿਦੇਸ਼ ਗਏ ਵਿਅਕਤੀਆਂ ਨਾਲ 35 ਹਜ਼ਾਰ ਰੁਪਏ ਤਨਖ਼ਾਹ ਦੇਣ ਦਾ ਵਾਅਦਾ ਕੀਤਾ ਸੀ ਪਰ ਉਥੇ ਜਾ ਕੇ ਕੰਪਨੀ ਵਾਲੇ 20 ਹਜ਼ਾਰ ਰੁਪਏ ਤਨਖਾਹ ਦੇਣ ਲਈ ਅੜ੍ਹ ਗਏ। ਅਧਿਕਾਰੀ ਨੇ ਦੱਸਿਆ ਕਿ ਏਜੰਟਾਂ ਦੇ ਹਿਸਾਬ ਨਾਲ ਨੌਜਵਾਨਾਂ ਦੀ ਤਨਖ਼ਾਹ ਤਦ ਬਣਨੀ ਸੀ ਜੇਕਰ ਉਹ ਆਪਣੇ ਠੇਕੇ 'ਤੇ ਸੁਕੇਅਰ ਫੁੱਟਾਂ ਦੇ ਹਿਸਾਬ ਨਾਲ ਠੇਕੇ 'ਤੇ ਕੰਮ ਕਰਦੇ ਸਨ । ਇਸੇ ਚੱਕਰ ਕਾਰਣ ਉਥੇ ਪੁੱਜੇ ਨੌਜਵਾਨ ਪ੍ਰੇਸ਼ਾਨ ਹੋ ਰਹੇ ਹਨ । ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਏਜੰਟ ਤੋਂ ਹੋਰ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਉਕਤ ਏਜੰਟ ਨੂੰ ਕਲ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਅਤੇ ਇਸ ਦਾ ਵੀ ਰਿਮਾਂਡ ਹਾਸਲ ਕਰਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਵਰਣਨਯੋਗ ਹੈ ਕਿ ਉਕਤ ਏਜੰਟਾਂ ਵੱਲੋਂ ਦੋਆਬਾ ਖੇਤਰ ਦੇ 26 ਨੌਜਵਾਨਾਂ ਨੂੰ ਰਸ਼ੀਆ ਭੇਜ ਕੇ ਫ਼ਸਾ ਦਿੱਤਾ ਗਿਆ ਸੀ। ਜਿਸ ਦੀ ਦਰਖਾਸਤ ਤੋਂ ਬਾਅਦ ਸਦਰ ਪੁਲਸ ਨੇ ਉਕਤ ਏਜੰਟ ਦਲਜੀਤ ਸਿੰਘ ਖਿਲਾਫ਼ ਧਾਰਾ 420, 406 ਤਹਿਤ ਕੇਸ ਦਰਜ ਕਰ ਲਿਆ ਸੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਜਾਰੀ ਹੈ। ਵਰਣਨਯੋਗ ਹੈ ਕਿ 26 ਨੌਜਵਾਨਾਂ 'ਚੋਂ ਪਿਛਲੇ ਦਿਨੀਂ ਮਲਕੀਅਤ ਰਾਮ ਸੋਨੂੰ ਦੀ ਬੀਮਾਰ ਹੋਣ ਦੇ ਚੱਲਦੇ ਮੌਤ ਹੋ ਗਈ, ਜਿਸ ਦੀ ਮ੍ਰਿਤਕ ਦੇਹ ਜੋਗਿੰਦਰ ਵਾਸੀ ਰੁੜਕੀ ਰਸ਼ੀਆ ਤੋਂ ਵਾਪਸ ਭਾਰਤ ਲੈ ਕੇ ਆਇਆ। ਜਿਸ ਦਾ ਸ਼ੁੱਕਰਵਾਰ ਨੂੰ ਪਿੰਡ ਪਾਸਲਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ।

ਇਥੇ ਹੀ ਹੈਰਾਨੀ ਹੋਈ ਹੈ ਕਿ ਸੁਰਿੰਦਰ ਸਿੰਘ ਜੋ ਕਿ ਖੁਦ ਰਸ਼ੀਆ ਵਿਖੇ ਨੌਕਰੀ ਕਰਨ ਗਿਆ ਸੀ ਅਤੇ ਉਥੇ ਕੰਪਨੀ ਕੋਲੋਂ ਇਕ ਲੇਬਰ ਦੀ ਲੋੜ ਦਾ ਨੋਟਿਸ ਬਣਵਾ ਕੇ ਲੈ ਆਇਆ ਅਤੇ ਆ ਕੇ ਇਥੇ ਦਲਜੀਤ ਸਿੰਘ ਨਾਲ ਮਿਲ ਕੇ ਦੋਨੋਂ ਏਜੰਟ ਬਣ ਗਏ ਅਤੇ 1 ਲੱਖ 20 ਹਜ਼ਾਰ ਰੁਪਏ ਦੇ ਹਿਸਾਬ ਨਾਲ ਪ੍ਰਤੀ ਨੌਜਵਾਨ ਨਾਲ ਠੱਗੀ ਮਾਰ ਲਈ, ਜਿਸ ਦਾ ਸ਼ਿਕਾਰ ਭੋਲੇ-ਭਾਲੇ ਨੌਜਵਾਨ ਬਣ ਗਏ।


author

Baljeet Kaur

Content Editor

Related News