ਸੋਸ਼ਲ ਮੀਡੀਆ ’ਤੇ 16 ਲੱਖ ਰੁਪਏ ਦੀ ਠੱਗੀ ਹੋਣ ਦੀ ਫੈਲੀ ਅਫ਼ਵਾਹ ਨੇ ਉਡਾਈ ਫਗਵਾੜਾ ਪੁਲਸ ਦੀ ਨੀਂਦ

Monday, Oct 11, 2021 - 05:10 PM (IST)

ਫਗਵਾੜਾ (ਜਲੋਟਾ)- ਸੋਸ਼ਲ ਮੀਡੀਆ ’ਤੇ ਪ੍ਰਾਪਰਟੀ ਮਾਮਲੇ ਸਬੰਧੀ 16 ਲੱਖ ਰੁਪਏ ਦੀ ਠੱਗੀ ਹੋਣ ਦੀ ਅਫ਼ਵਾਹ ਫੈਲਾਉਣ ਦੇ ਵਾਪਰੇ ਇਕ ਸਨਸਨੀਖੇਜ਼ ਮਾਮਲੇ ਨੇ ਫਗਵਾੜਾ ਪੁਲਸ ਦੀ ਨੀਂਦ ਉਡਾ ਦਿੱਤੀ। ਇਸ ਮਾਮਲੇ ਵਿਚ ਫਗਵਾੜਾ ਪੁਲਸ ਨੇ ਜ਼ਿਲ੍ਹਾ ਕਪੂਰਥਲਾ ਦੇ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਦੇ ਹੁਕਮਾਂ ਦੇ ਤਹਿਤ ਵੱਡੀ ਕਾਰਵਾਈ ਕਰਦੇ ਹੋਏ 4 ਲੋਕਾਂ ਖ਼ਿਲਾਫ਼ ਵੱਖ-ਵੱਖ ਕਾਨੂੰਨੀ ਧਾਰਾਵਾਂ ਤਹਿਤ ਪੁਲਸ ਕੇਸ ਦਰਜ ਕਰਨ ਦੀ ਸੂਚਨਾ ਮਿਲੀ ਹੈ।

ਜਾਣਕਾਰੀ ਮੁਤਾਬਕ ਮੁਲਜ਼ਮਾਂ ’ਚ ਇਕ ਯੂ-ਟਿਊਬ ਚੈਨਲ ਨਾਲ ਸਬੰਧਤ ਹਰਦੀਪ ਸਿੰਘ ਤੱਗੜ ਪੁੱਤਰ ਬਲਜੀਤ ਸਿੰਘ ਵਾਸੀ ਮਕਾਨ ਨੰ. 19, ਭੁਪਿੰਦਰ ਅਸਟੇਟ ਨਜ਼ਦੀਕ ਅਰਬਨ ਅਸਟੇਟ ਫਗਵਾੜਾ, ਇਕ ਹੋਰ ਵੈੱਬ ਪੋਰਟਲ ਦਾ ਵਿਨੋਦ ਕੁਮਾਰ ਪੁੱਤਰ ਰਤਨ ਚੰਦ ਵਾਸੀ ਖਲਵਾੜਾ ਗੇਟ ਮੁਹੱਲਾ ਆਹਲੂਵਾਲੀਆ, ਇਕ ਯੂ-ਟਿਊਬ ਚੈਨਲ ਨਾਲ ਸਬੰਧਤ ਕੁਲਦੀਪ ਸਿੰਘ ਨੂਰ ਪੁੱਤਰ ਲੇਟ ਬਲਦੇਵ ਸਿੰਘ ਵਾਸੀ ਮੁਹੱਲਾ ਬਸੰਤ ਨਗਰ ਗਲੀ ਨੰ. 3 ਫਗਵਾੜਾ ਅਤੇ ਇਕ ਵੈੱਬ ਪੋਰਟਲ ਦੇ ਅਮਰ ਕਿਸ਼ੋਰ ਪਾਸੀ ਵਾਸੀ ਫਗਵਾੜਾ ਖ਼ਿਲਾਫ਼ ਪੁਲਸ ਨੇ ਧਾਰਾ 469,500,505,120ਬੀ,67 ਆਈਟੀ ਐਕਟ ਤਹਿਤ ਥਾਣਾ ਸਿਟੀ ਫਗਵਾੜਾ ’ਚ ਪੁਲਸ ਕੇਸ ਦਰਜ ਕੀਤਾ ਹੈ। ਹਾਲਾਂਕਿ ਮੁਲਜ਼ਮ ਪੱਖ ਦੇ ਨਿਕਟ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਉਹ ਬੇਕਸੂਰ ਹਨ ਅਤੇ ਉਨ੍ਹਾਂ ਵੱਲੋਂ ਕਿਸੇ ਦਾ ਨਾਂ ਨਹੀਂ ਲਿਖਿਆ ਗਿਆ ਹੈ।

ਇਹ ਵੀ ਪੜ੍ਹੋ:  ਜਲੰਧਰ ਵਿਖੇ ਕਬਾੜ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ, ਕਈ ਝੁੱਗੀਆਂ ਵੀ ਸੜੀਆਂ

ਮਾਮਲੇ ਦੀ ਜਾਂਚ ਕਰ ਰਹੀ ਪੁਲਸ ਮੁਤਾਬਕ ਕਿ ਇਹ ਸਾਰਾ ਮਾਮਲਾ ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਪ੍ਰਾਪਰਟੀ ਮਾਮਲੇ ਸਬੰਧੀ 16 ਲੱਖ ਰੁਪਏ ਦੀ ਠੱਗੀ ਹੋਣ ਦੀ ਸਨਸਨੀ ਫੈਲਾਉਣ ਨਾਲ ਸਬੰਧਤ ਰਿਹਾ ਹੈ, ਜਿਸ ਤੋਂ ਬਾਅਦ ਪੁਲਸ ਨੇ ਜਦ ਡੂੰਘਾਈ ਨਾਲ ਜਾਂਚ ਕੀਤੀ ਅਤੇ ਮੁਲਜ਼ਮਾਂ ਤੋਂ ਉਨ੍ਹਾਂ ਦਾ ਪੱਖ ਜਾਣਿਆ ਤਾਂ ਰਜਿਸਟਰ ਕੀਤੀ ਗਈ। ਪੁਲਸ ਐੱਫ. ਆਈ. ਆਰ. ’ਚ ਖ਼ੁਦ ਮੁਲਜ਼ਮਾਂ ਨੇ ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਇਹ ਕਹਿੰਦੇ ਹੋਏ ਪੱਲਾ ਝਾੜ ਲਿਆ ਹੈ, ਇਹ ਉਹ ਨਹੀਂ ਜਾਣਦੇ ਹਨ ਕਿ ਇਹੋ ਜਿਹੀ ਲੱਖਾਂ ਰੁਪਏ ਦੀ ਠੱਗੀ ਕਿੱਥੇ ਹੋਈ ਹੈ ਅਤੇ ਇਸ ਨੂੰ ਕਿਹੜਾ ਵਿਅਕਤੀ ਅੰਜਾਮ ਦੇ ਕੇ ਗਿਆ ਹੈ? ਪਰ ਉਨ੍ਹਾਂ ਵੱਲੋਂ ਆਪਣੇ ਸਬੰਧਤ ਵੱਖ-ਵੱਖ ਵੈੱਬ ਪੋਰਟਲਾਂ ’ਤੇ ਸੋਸ਼ਲ ਮੀਡੀਆ ਰਾਹੀਂ ਇਹ ਸੂਚਨਾ ਦਿੱਤੀ ਗਈ ਸੀ, ਜਿਸ ’ਚ ਉਨ੍ਹਾਂ ਵੱਲੋਂ ਲੱਖਾਂ ਰੁਪਏ ਦੀ ਠੱਗੀ ਹੋਣ ਦਾ ਦਾਅਵਾ ਕੀਤਾ ਗਿਆ ਹੈ।  ਇਕ ਮੁਲਜ਼ਮ ਨੇ ਤਾਂ ਪੁਲਸ ਨੂੰ ਆਨ ਰਿਕਾਰਡ ਇਥੋਂ ਤੱਕ ਦਰਜ ਕਰਵਾਇਆ ਹੈ ਕਿ ਉਸ ਨੇ ਇਹ ਸਾਰਾ ਮਾਮਲਾ ਬਿਨਾਂ ਕਿਸੇ ਤਰ੍ਹਾਂ ਖ਼ੁਦ ਜਾਂਚ ਕੀਤੇ ਬਿਨਾਂ ਕਿਸੇ ਸਬੂਤ ਅਤੇ ਸ਼ਿਕਾਇਤ ਤੋਂ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ 'ਤੇ ਸ਼ੇਅਰ ਕੀਤਾ ਹੈ। ਇਸ ਲਈ ਉਹ ਮੁਆਫ਼ੀ ਮੰਗਦਾ ਹੈ ਪਰ ਉਹ ਨਹੀਂ ਜਾਣਦਾ ਇਹ ਸਾਰਾ ਮਾਮਲਾ ਕੀ ਹੈ ਅਤੇ ਕਿਸ ਨੇ ਅਤੇ ਕਿੱਥੇ 16 ਲੱਖ ਰੁਪਏ ਦੀ ਪ੍ਰਾਪਰਟੀ ਸਬੰਧੀ ਠੱਗੀ ਮਾਰੀ ਹੈ?

ਇਸੇ ਤਰ੍ਹਾਂ ਬਾਕੀ ਮੁਲਜ਼ਮਾਂ ਨੇ ਵੀ ਪੁਲਸ ਨੂੰ ਆਪਣਾ ਬਚਾਅ ਕਰਦੇ ਹੋਏ ਆਪਣਾ ਪੱਖ ਰੱਖ ਕਈ ਤਰ੍ਹਾਂ ਦੇ ਦਾਅਵੇ ਅਤੇ ਖ਼ੁਲਾਸਿਆਂ ਨਾਲ ਜਾਣੂੰ ਕਰਵਾਇਆ ਹੈ ਪਰ ਕੋਈ ਵੀ ਮੁਲਜ਼ਮ ਇਹ ਨਹੀਂ ਦੱਸ ਸਕਿਆ ਹੈ ਕਿ ਪ੍ਰਾਪਰਟੀ ਮਾਮਲੇ ’ਚ 16 ਲੱਖ ਰੁਪਏ ਦੀ ਵੱਡੀ ਠੱਗੀ ਕਿਸ ਨੇ ਅਤੇ ਕਿੱਥੇ ਮਾਰੀ ਹੈ? ਯਾਨੀ ਪੁਲਸ ਮੁਤਾਬਕ ਸਭ ਕੁਝ ਝੂਠਾ ਅਤੇ ਹਵਾ ਹਵਾਈ ਹੀ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਨੇ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ ਅਤੇ ਪੁਲਸ ਜਾਂਚ ਜਾਰੀ ਹੈ। ਮਾਮਲਾ ਫਗਵਾੜਾ ਸਮੇਤ ਆਸ-ਪਾਸ ਦੇ ਇਲਾਕਿਆਂ ’ਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: ਨਰਾਤਿਆਂ ਦੇ ਸ਼ੁੱਭ ਮੌਕੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਪੁੱਜੇ ਨਵਜੋਤ ਸਿੰਘ ਸਿੱਧੂ

ਝੂਠੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਨੂੰਨੀ ਕਾਰਵਾਈ : ਐੱਸ. ਐੱਸ. ਪੀ. ਖੱਖ
ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਸਿੱਧੇ ਸ਼ਬਦਾਂ ਚ ਕਿਹਾ ਹੈ ਕਿ ਸੋਸ਼ਲ ਮੀਡੀਆ ’ਤੇ ਝੂਠੀਆਂ ਅਫ਼ਵਾਹਾਂ ਫੈਲਾਉਣ ਵਾਲੇ ਲੋਕਾਂ ਖ਼ਿਲਾਫ਼ ਪੁਲਸ ਸਖ਼ਤ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਇਹੋ ਜਿਹੇ ਗਲਤ ਕਾਰਨਾਮੇ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਖੱਖ ਨੇ ਦੇਸ਼ ਹਿਤ ਵਿਚ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸੋਸ਼ਲ ਮੀਡੀਆ ਦੀ ਵਰਤੋਂ ਧਿਆਨ ਨਾਲ ਕਰਨ ਅਤੇ ਇਹੋ ਜਿਹਾ ਕੁਝ ਵੀ ਸ਼ੇਅਰ ਨਾ ਕਰਨ ਜੋ ਗ਼ਲਤ ਅਤੇ ਤੱਥਹੀਣ ਹੋਵੇ ਅਤੇ ਜਿਸ ਨਾਲ ਆਪਸੀ ਭਾਈਚਾਰੇ ਤੇ ਏਕਤਾ ਨੂੰ ਖਤਰਾ ਬਣੇ। ਉਨ੍ਹਾਂ ਕਿਹਾ ਕਿ ਕਈ ਵਾਰ ਇਕ ਝੂਠੀ ਪੋਸਟ ਵੱਡੀ ਮੁਸੀਬਤ ਦਾ ਕਾਰਨ ਬਣ ਜਾਂਦੀ ਹੈ। ਇਸ ਲਈ ਸਾਨੂੰ ਸਾਰੀਆ ਨੂੰ ਪੂਰੀ ਜ਼ਿੰਮੇਵਾਰੀ ਨਾਲ ਸੋਸ਼ਲ ਮੀਡੀਆ ਦੀ ਵਰਤੋਂ ਕਰਨੀ ਚਾਹੀਦੀ ਹੈ।

ਇਕ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਦਰਜ ਹੈ ਬਲੈਕਮੇਲਿੰਗ ਕਰਨ ਦਾ ਕੇਸ
ਥਾਣਾ ਸਿਟੀ ਫਗਵਾੜਾ ’ਚ ਦਰਜ ਹੋਈ ਤਾਜ਼ਾ ਐੱਫ. ਆਈ. ਆਰ. ’ਚ ਇਕ ਮੁਲਜ਼ਮ ਵਿਨੋਦ ਕੁਮਾਰ ਵਾਸੀ ਖਲਵਾੜਾ ਗੇਟ ਇਹੋ ਜਿਹਾ ਵੀ ਹੈ, ਜਿਸ ਖ਼ਿਲਾਫ਼ ਫਗਵਾੜਾ ਪੁਲਸ ਨੇ ਇਸ ਤੋਂ ਪਹਿਲਾਂ ਵੀ ਭਾਰਤੀ ਫੌਜ ’ਚ ਤਾਇਨਾਤ ਇਕ ਫੌਜੀ ਭਰਾ ਨੂੰ ਬਲੈਕਮੇਲਿੰਗ ਕਰ ਪੈਸੇ ਬਟੋਰਨ ਦੇ ਗੰਭੀਰ ਦੋਸ਼ ’ਚ ਇਸ ਨੂੰ ਇਸ ਦੇ ਇਕ ਹੋਰ ਸਾਥੀ ਨਾਲ ਗ੍ਰਿਫ਼ਤਾਰ ਕਰ ਪੁਲਸ ਕੇਸ ’ਚ ਨਾਮਜ਼ਦ ਕੀਤਾ ਹੋਇਆ ਹੈ। ਸਬੰਧਤ ਮਾਮਲੇ ’ਚ ਵਿਨੋਦ ਕੁਮਾਰ ਪੁਲਸ ਰਿਮਾਂਡ ਸਮੇਤ ਜੁਡੀਸ਼ੀਅਲ ਰਿਮਾਂਡ ’ਤੇ ਜੇਲ ਵੀ ਜਾ ਚੁੱਕਿਆ ਹੈ ਤੇ ਮੌਜੂਦਾ ਹਾਲਾਤ ’ਚ ਉਹ ਅਦਾਲਤ ਵੱਲੋਂ ਜ਼ਮਾਨਤ ’ਤੇ ਰਿਹਾਅ ਹੋਇਆ ਹੈ। ਤਦ ਵੀ ਇਹ ਮੁਲਜ਼ਮ ਆਪਣੇ ਇਕ ਹੋਰ ਸਾਥੀ ਸਮੇਤ ਵੈੱਬ ਪੋਰਟਲ ’ਤੇ ਫ਼ੌਜੀ ਭਰਾ ਦੀ ਖ਼ਬਰ ਚਲਾਉਣ ਦੀ ਕਥਿਤ ਤੌਰ ’ਤੇ ਬਲੈਕਮੇਲਿੰਗ ਕਰ ਉਸ ਤੋਂ ਪੈਸੇ ਬਟੋਰਨ ਸਬੰਧੀ ਗੰਭੀਰ ਦੋਸ਼ਾਂ ’ਚ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਧਰਨੇ ਤੋਂ ਬਾਅਦ ਕਿਸਾਨਾਂ ਨੇ ਖੋਲ੍ਹਿਆ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ, ਆਵਾਜਾਈ ਹੋਈ ਬਹਾਲ

ਪੁਲਸ ਕਾਰਵਾਈ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਭੇਜੇ ਦਿਲਚਸਪ ਸੁਨੇਹੇ
ਫਗਵਾੜਾ ਪੁਲਸ ਵੱਲੋਂ ਸੋਸ਼ਲ ਮੀਡੀਆ ਨਾਲ ਸਬੰਧਤ 4 ਲੋਕਾਂ ਖ਼ਿਲਾਫ਼ ਦਰਜ ਕੀਤੇ ਗਏ ਪੁਲਸ ਕੇਸ ਦੀ ਸੂਚਨਾ ਜਿਵੇਂ ਹੀ ਸੋਸ਼ਲ ਮੀਡੀਆ ’ਤੇ ਟ੍ਰੈਂਡ ਹੋਣੀ ਸ਼ੁਰੂ ਹੋਈ ਤਾਂ ਲੋਕਾਂ ਨੇ ਮਾਮਲੇ ਸਬੰਧੀ ਕਈ ਤਰ੍ਹਾਂ ਦੇ ਸੁਨੇਹੇ ਲਿਖਤ ਤੌਰ ’ਤੇ ਭੇਜਣੇ ਸ਼ੁਰੂ ਕਰ ਦਿੱਤੇ। ਇਹੋ-ਜਿਹੇ ਇਕ ਸੁਨੇਹੇ ’ਚ ਖ਼ੁਦ ਨੂੰ ਪਾਗਲ ਕਹਿਣ ਵਾਲੇ ਇਕ ਵਿਅਕਤੀ ਨੇ ਸੋਸ਼ਲ ਮੀਡੀਆ ’ਤੇ ਇਹ ਲਿਖਿਆ ਕਿ ਇਹ ਲੋਕ ਪਹਿਲਾਂ ਮੁਆਫ਼ੀ ਵੀ ਮੰਗ ਚੁੱਕੇ ਹਨ, ਮਤਲਬ ਗੰਢੇ ਵੀ ਖਾਧੇ ਨਾਲੇ..... । ਇਕ ਹੋਰ ਸੁਨੇਹੇ ’ਚ ਇਹ ਲਿਖਿਆ ਗਿਆ ਹੈ ਕਿ ਪ੍ਰੈੱਸ ਆਜ਼ਾਦ ਹੈ ਪਰ ਆਜ਼ਾਦੀ ਦੀ ਬਰਕਰਾਰੀ ਲਈ ਆਪਣੀਆਂ ਹੱਦਾਂ ਖ਼ੁਦ ਤੈਅ ਕਰਨੀਆਂ ਹੋਣਗੀਆਂ। ਇਸੇ ਤਰ੍ਹਾਂ ਕੁਝ ਹੋਰ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਬਹੁਤ ਕੁਝ ਲਿਖਿਆ ਹੈ ਜੋ ਆਪਣੇ-ਆਪ ’ਚ ਖਾਸਾ ਦਿਲਚਸਪ ਰਿਹਾ ਹੈ। ਕੁੱਲ ਮਿਲਾ ਕੇ ਲੋਕਾਂ ਵਲੋਂ ਪੁਲਸ ਦੀ ਕਾਰਵਾਈ ਖਾਸ ਕਰ ਕੇ ਜ਼ਿਲਾ ਕਪੂਰਥਲਾ ਦੇ ਈਮਾਨਦਾਰ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਦਿੱਲੀ ਧਰਨੇ ਤੋਂ ਪਰਤ ਰਹੇ ਨੌਜਵਾਨ ਨੂੰ ਟਰੇਨ 'ਚ ਮੌਤ ਨੇ ਪਾਇਆ ਘੇਰਾ, ਚਾਚੇ ਦੀਆਂ ਅੱਖਾਂ ਸਾਹਮਣੇ ਤੋੜਿਆ ਦਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News