ਫਗਵਾੜਾ ਬਾਈਪਾਸ ''ਤੇ ਲੋਕਾਂ ਨੇ ਲਾਇਆ ਧਰਨਾ

Thursday, Mar 15, 2018 - 06:25 AM (IST)

ਫਗਵਾੜਾ ਬਾਈਪਾਸ ''ਤੇ ਲੋਕਾਂ ਨੇ ਲਾਇਆ ਧਰਨਾ

ਫਗਵਾੜਾ, (ਜਲੋਟਾ, ਰੁਪਿੰਦਰ ਕੌਰ)— ਫਗਵਾੜਾ-ਚੰਡੀਗੜ੍ਹ ਮੇਨ ਬਾਈਪਾਸ 'ਤੇ ਜਾਰੀ ਸਿਕਸ ਲੇਨ ਪ੍ਰਾਜੈਕਟ ਦੇ ਤਹਿਤ ਨਿਰਮਾਣ ਹੋ ਰਹੇ ਪੁਲ ਦੇ ਹੇਠਾਂ ਅੰਡਰਪਾਸ ਮੁਹੱਈਆ ਕਰਵਾਉਣ ਦੀ ਮੰਗ ਨੂੰ ਲੈ ਕੇ ਪਿੰਡ ਖਲਵਾੜਾ ਦੇ ਕੋਲ ਅੱਜ ਸੈਂਕੜੇ ਪਿੰਡਾਂ ਦੇ ਲੋਕਾਂ ਨੇ ਧਰਨਾ ਲਾ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਪੁਲ ਦੇ ਹੇਠਾਂ ਅੰਡਰਪਾਸ ਮੁਹੱਈਆ ਨਹੀਂ ਹੁੰਦਾ ਤਾਂ ਉਨ੍ਹਾਂ ਦੇ ਪਿੰਡ ਫਗਵਾੜਾ ਸਮੇਤ ਹੋਰ ਇਲਾਕਿਆਂ ਤੋਂ ਦੂਰ ਹੋ ਜਾਣਗੇ ਅਤੇ ਫਗਵਾੜਾ ਸਮੇਤ ਹੋਰ ਇਲਾਕਿਆਂ ਵਿਚ ਜਾਣ ਲਈ ਉਨ੍ਹਾਂ ਨੂੰ ਲੰਮਾ ਰਸਤਾ ਤੈਅ ਕਰਨਾ ਪਵੇਗਾ।  
ਪਿੰਡਾਂ ਦੇ ਲੋਕਾਂ ਵਲੋਂ ਲਾਏ ਗਏ ਧਰਨੇ ਦੇ ਕਾਰਨ ਫਗਵਾੜਾ ਬਾਈਪਾਸ 'ਤੇ ਟ੍ਰੈਫਿਕ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ, ਜਿਸ ਕਾਰਨ ਉਥੋਂ ਦੀ ਲੰਘਣ ਵਾਲੇ ਵਾਹਨਾਂ ਵਿਚ ਸਵਾਰ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਮੌਕੇ 'ਤੇ ਪਹੁੰਚੇ ਫਗਵਾੜਾ ਦੇ ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਕੈਂਥ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਵਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਤੋਂ ਸਰਕਾਰ ਪੂਰੀ ਤਰ੍ਹਾਂ ਨਾਲ ਜਾਣੂ ਹੈ ਅਤੇ ਕਿਸੇ ਵੀ ਪਿੰਡ ਵਾਸੀ ਨੂੰ ਪੁਲ ਦੇ ਨਿਰਮਾਣ ਅਤੇ ਇਸਦੇ ਡਿਜ਼ਾਈਨ ਨੂੰ ਲੈ ਕੇ ਚਿੰਤਾ ਨਹੀਂ ਕਰਨੀ ਚਾਹੀਦੀ।  ਕੇਂਦਰ ਦੀ ਮੋਦੀ ਸਰਕਾਰ ਨੂੰ ਪਿੰਡਾਂ ਦੇ ਲੋਕਾਂ ਦਾ ਪੂਰਾ ਖਿਆਲ ਹੈ। ਇਸਦੇ ਬਾਅਦ ਵਿਧਾਇਕ ਸੋਮ ਪ੍ਰਕਾਸ਼ ਕੈਂਥ ਨੂੰ ਪਿੰਡ ਵਾਸੀਆਂ ਨੇ ਮੋਦੀ ਸਰਕਾਰ ਵਿਚ ਕੈਬਨਿਟ ਮੰਤਰੀ ਨਿਤਿਨ ਗੱਡਕਰੀ ਆਦਿ ਸਮੇਤ ਸਰਕਾਰ ਦੇ ਨਾਂ ਮੰਗ ਪੱਤਰ ਸੌਂਪਿਆ। 
ਪ੍ਰਦਰਸ਼ਨਕਾਰੀਆਂ ਦੀ ਪੁਲਸ ਨਾਲ ਹੋਈ ਬਹਿਸ
ਧਰਨੇ ਦੌਰਾਨ ਕਾਂਗਰਸੀ ਆਗੂਆਂ, ਵਿਧਾਇਕਾਂ ਆਦਿ ਦਾ ਵੱਡਾ ਕਾਫਿਲਾ ਟ੍ਰੈਫਿਕ ਜਾਮ ਵਿਚ ਫਸ ਜਾਣਦੇ ਬਾਅਦ ਜਦ ਪੁਲਸ ਥਾਣਾ ਸਦਰ ਦੀ ਟੀਮ ਨੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਮੌਕੇ ਤੋਂ ਨਾ ਹਟਣ ਦੀ ਸੂਰਤ ਵਿਚ ਪੁਲਸ ਨੇ ਕੇਸ ਦਰਜ ਕਰਨ ਦੀ ਗੱਲ ਕਹੀ ਤਾਂ ਮਾਮਲਾ ਹੋਰ ਵੀ ਭੜਕ ਗਿਆ ਅਤੇ ਸੈਂਕੜੇ ਪਿੰਡਾਂ ਦੇ ਲੋਕ ਧਰਨੇ 'ਤੇ ਡਟ ਕੇ ਬੈਠ ਗਏ। ਇਸਦੇ ਬਾਅਦ ਬੜੀ ਮੁਸ਼ਕਲ ਨਾਲ ਟ੍ਰੈਫਿਕ ਬਹਾਲ ਕਰਵਾਈ। 


Related News