ਮੋਗਾ ਪੁਲਸ ਨੇ ਤੜਕਸਾਰ ਚਲਾਇਆ ਕਾਸੋ ਆਪਰੇਸ਼ਨ, ਲੋਕਾਂ ਨੂੰ ਪਈਆਂ ਭਾਜੜਾਂ
Wednesday, Aug 20, 2025 - 11:13 AM (IST)

ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਪੁਲਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਅੱਜ ਮੋਗਾ ਦੇ ਸਭ ਡਵੀਜ਼ਨ ਨਿਹਾਲ ਸਿੰਘ ਵਾਲਾ ਦੇ ਵੱਖ-ਵੱਖ ਪਿੰਡਾਂ 'ਚ ਕਾਸੋ ਆਪਰੇਸ਼ਨ ਚਲਾਇਆ ਗਿਆ। ਇਸ 'ਚ ਪਿੰਡ ਵਾਸੀਆਂ ਨੂੰ ਤੜਕਸਾਰ ਭਾਜੜਾਂ ਪੈ ਗਈਆਂ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਅਨਵਰ ਅਲੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਕਾਸੋ ਆਪਰੇਸ਼ਨ ਚਲਾਇਆ ਗਿਆ ਹੈ।
ਇਹ ਕਾਸੋ ਆਪਰੇਸ਼ਨ ਦੁਪਹਿਰ ਤੱਕ ਚੱਲੇਗਾ। ਇਸ ਮੌਕੇ ਮਿਲੀ ਜਾਣਕਾਰੀ ਅਨੁਸਾਰ ਮੋਗਾ ਪੁਲਸ ਵੱਲੋਂ ਨਸ਼ਿਆਂ ਖ਼ਿਲਾਫ਼ ਜਾਰੀ ਮੁਹਿੰਮ ਤਹਿਤ ਵਿਸ਼ੇਸ਼ ਕਾਰਵਾਈ ਕਰਦੇ ਹੋਏ ਕੁੱਲ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ 11 ਬੋਤਲਾਂ ਸ਼ਰਾਬ ਨਾਜਾਇਜ਼ , 25 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਗ੍ਰਿਫ਼ਤਾਰ ਵਿਅਕਤੀਆਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਅਤੇ ਐਕਸਾਈਜ਼ ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ।