''ਲੰਗਸ ਟਰਾਂਸਪਲਾਟ'' ਕਰਕੇ ਵਾਹੋ-ਵਾਹੀ ਖੱਟਣ ਵਾਲੇ ''ਪੀ. ਜੀ. ਆਈ.'' ਦਾ ਮਾਣ ਟੁੱਟਿਆ, ਜਾਣੋ ਕੀ ਬੋਲੇ ਡਾਕਟਰ

Friday, Jul 28, 2017 - 10:15 AM (IST)

''ਲੰਗਸ ਟਰਾਂਸਪਲਾਟ'' ਕਰਕੇ ਵਾਹੋ-ਵਾਹੀ ਖੱਟਣ ਵਾਲੇ ''ਪੀ. ਜੀ. ਆਈ.'' ਦਾ ਮਾਣ ਟੁੱਟਿਆ, ਜਾਣੋ ਕੀ ਬੋਲੇ ਡਾਕਟਰ

ਚੰਡੀਗੜ੍ਹ (ਅਰਚਨਾ) : ਪੀ. ਜੀ. ਆਈ. ਨੇ ਭਾਰਤ ਦੇ ਕਿਸੇ ਵੀ ਸਰਕਾਰੀ ਹਸਪਤਾਲ 'ਚ ਲੰਗਜ਼ ਟਰਾਂਸਪਲਾਂਟ ਕਰਨ ਦਾ ਮਾਣ ਹਾਸਿਲ ਕੀਤਾ ਸੀ ਪਰ ਉਕਤ ਟਰਾਂਸਪਲਾਂਟ ਫੇਲ ਹੋ ਗਿਆ। ਜਿਹੜੀ ਔਰਤ ਨੂੰ ਪਹਿਲਾ ਲੰਗਜ਼ ਟਰਾਂਸਪਲਾਂਟ ਦਾ ਲਾਭ ਮਿਲਿਆ ਸੀ, ਉਸ ਦੀ ਦੇਰ ਰਾਤ ਇਨਫੈਕਸ਼ਨ ਕਾਰਨ ਮੌਤ ਹੋ ਗਈ। ਡਾਕਟਰਾਂ ਦੀ ਮੰਨੀਏ ਤਾਂ ਟਰਾਂਸਪਲਾਂਟ 'ਚ ਕੋਈ ਕਮੀ ਨਹੀਂ ਰਹੀ ਪਰ ਔਰਤ ਦੇ ਸਰੀਰ 'ਚ ਐਂਟੀਬਾਇਓਟਿਕ ਅਸਰ ਨਹੀਂ ਕਰ ਰਹੀ ਸੀ, ਜਿਸ ਕਾਰਨ ਇਨਫੈਕਸ਼ਨ ਖੂਨ ਤਕ ਪਹੁੰਚ ਗਈ ਤੇ ਔਰਤ ਨੂੰ ਬਚਾਇਆ ਨਹੀਂ ਜਾ ਸਕਿਆ।
ਆਪਣੇ ਜਵਾਨ ਬੇਟੇ ਦੀ ਮੌਤ ਤੋਂ ਬਾਅਦ ਉਸ ਦਾ ਅੰਗਦਾਨ ਕਰਨ ਦਾ ਫੈਸਲਾ ਲੈਣ ਵਾਲੇ ਪਿਤਾ ਸੋਮਾ ਸਿੰਘ ਮਰੀਜ਼ ਦੀ ਮੌਤ ਤੋਂ ਬਾਅਦ ਭਾਵੁਕ ਹੋ ਗਏ ਤੇ ਕਿਹਾ ਕਿ ਅਸਲ 'ਚ ਉਨ੍ਹਾਂ ਦੇ ਬੇਟੇ ਦੀ ਮੌਤ ਅੱਜ ਹੋਈ ਹੈ। ਮੈਂ ਤੇ ਮੇਰੀ ਪਤਨੀ ਤਾਂ ਇਹੀ ਮੰਨ ਰਹੇ ਸੀ ਕਿ ਸਾਡਾ ਬੇਟਾ ਹੁਣ ਕਿਸੇ ਹੋਰ ਦੇ ਸਰੀਰ 'ਚ ਸਾਹ ਲਏਗਾ। ਉਨ੍ਹਾਂ ਦੱਸਿਆ ਕਿ ਪੀ. ਜੀ. ਆਈ. ਦੇ ਡਾਕਟਰਾਂ ਨੇ ਇਹੀ ਸਮਝਾਇਆ ਸੀ ਕਿ ਜੇਕਰ ਤੁਸੀਂ ਆਪਣੇ ਬੇਟੇ ਨੂੰ ਜਿਉਂਦਾ ਦੇਖਣਾ ਚਾਹੁੰਦੇ ਹੋ ਤਾਂ ਉਸ ਨੂੰ ਕਿਸੇ ਹੋਰ ਦੇ ਸਰੀਰ 'ਚ ਸਾਹ ਲੈਣ ਦਿਓ। ਅਸੀਂ ਇਹੀ ਦੁਆ ਕਰਾਂਗੇ ਕਿ ਸੁੱਖਾ ਦੇ ਦੂਸਰੇ ਟਰਾਂਸਪਲਾਂਟ ਕੀਤੇ ਹੋਏ ਅੰਗ ਠੀਕ ਰਹਿਣ ਤੇ ਉਹ ਦੂਸਰਿਆਂ ਦੇ ਸਰੀਰ 'ਚ ਸਾਹ ਲੈਂਦਾ ਰਹੇ।
ਡੋਨਰ ਤੋਂ ਮਿਲੇ ਲੰਗਜ਼ ਤੋਂ ਹੋਇਆ ਹੋ ਸਕਦੈ ਇਨਫੈਕਸ਼ਨ
ਪੀ. ਜੀ.ਆਈ. ਦੇ ਪਲਮਨਰੀ ਵਿਭਾਗ ਦੇ ਪ੍ਰਮੁੱਖ ਡਾਕਟਰ ਦਿਗੰਬਰ ਬਹਿਰਾ ਦਾ ਕਹਿਣਾ ਹੈ ਕਿ ਬੇਸ਼ੱਕ ਲੰਗਜ਼ ਟਰਾਂਸਪਲਾਂਟ ਤੋਂ ਬਾਅਦ ਔਰਤ ਨੇ ਦਮ ਤੋੜ ਦਿੱਤਾ ਹੈ ਪਰ ਲੰਗਜ਼ ਟਰਾਂਸਪਲਾਂਟ ਪ੍ਰੋਗਰਾਮ 'ਚ ਕੋਈ ਕਮੀ ਨਹੀਂ ਸੀ ਰਹੀ। ਹਰਜੀਤ ਕੌਰ ਦੀ ਮੌਤ ਦੇ ਕਾਰਨ ਦੀ ਸਮੀਖਿਆ ਕੀਤੀ ਗਈ ਤੇ ਇਹੀ ਸਾਹਮਣੇ ਆਇਆ ਹੈ ਕਿ ਐਂਟੀਬਾਇਓਟਿਕ ਦਵਾਈਆਂ ਹਰਜੀਤ ਕੌਰ ਦੇ ਸਰੀਰ 'ਤੇ ਕੰਮ ਨਹੀਂ ਕਰ ਰਹੀਆਂ ਸਨ।  ਡਾ. ਬਹਿਰਾ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਡੋਨਰ ਦੇ ਲੰਗਜ਼ 'ਚ ਵੀ ਇਨਫੈਕਸ਼ਨ ਹੋਵੇ, ਜਿਸ ਤੋਂ ਇਨਫੈਕਸ਼ਨ ਹਰਜੀਤ ਨੂੰ ਮਿਲ ਗਿਆ ਹੋਵੇ। ਡਾ. ਬਹਿਰਾ ਨੇ ਇਹ ਵੀ ਕਿਹਾ ਕਿ ਲੰਗਜ਼ ਟਰਾਂਸਪਲਾਂਟ  ਇੰਟਰਨੈਸ਼ਨਲ ਟਰਾਂਸਪਲਾਂਟ ਗਾਈਡਲਾਈਨਜ਼ ਅਨੁਸਾਰ ਹੀ ਕੀਤਾ ਗਿਆ ਸੀ, ਇਸ ਲਈ ਟਰਾਂਸਪਲਾਂਟ ਨੂੰ ਫ਼ੇਲ ਨਹੀਂ ਕਿਹਾ ਜਾ ਸਕਦਾ ਕਿਉਂਕਿ ਲੰਗਜ਼ ਹਰਜੀਤ ਦੇ ਸਰੀਰ 'ਚ ਸਫ਼ਲਤਾ ਨਾਲ ਟਰਾਂਸਪਲਾਂਟ ਹੋ ਗਿਆ ਸੀ। ਇਨਫੈਕਸ਼ਨ ਨੂੰ ਕੰਟ੍ਰੋਲ ਕਰਨਾ ਮਹੱਤਵਪੂਰਨ ਸੀ। ਇਸ ਲਈ ਉਨ੍ਹਾਂ ਨੂੰ ਕਾਰਡੀਅਕ ਸੈਂਟਰ ਦੇ ਆਈ. ਸੀ. ਯੂ. 'ਚ ਰੱਖਿਆ ਗਿਆ ਸੀ।  ਉਧਰ ਪਲਮਨਰੀ ਮਾਹਰ ਡਾ. ਆਸ਼ੂਤੋਸ਼ ਅਗਰਵਾਲ ਦਾ ਕਹਿਣਾ ਹੈ ਕਿ ਸਿਰਫ ਇਨਫੈਕਸ਼ਨ ਕਾਰਨ ਹੀ ਹਰਜੀਤ ਕੌਰ ਦੀ ਮੌਤ ਨਹੀਂ ਹੋਈ ਹੈ, ਇਸ ਦੇ ਹੋਰ ਵੀ ਕਾਰਨ ਸਨ। ਸਰੀਰ ਨੇ ਲੰਗਜ਼ ਨੂੰ ਰਿਜੈਕਟ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਬੇਸ਼ੱਕ ਹਰਜੀਤ ਕੌਰ ਦੀ ਮੌਤ ਹੋ ਗਈ ਹੈ ਪਰ ਲੰਗਜ਼ ਟਰਾਂਸਪਲਾਂਟ ਪ੍ਰੋਗਰਾਮ ਚੱਲਦਾ ਰਹੇਗਾ।


Related News