ਕੁੱਟਮਾਰ ਤੇ ਰੇਹੜੀ ਪਲਟਾਉਣ ਕਾਰਨ ਮਾਲਕ ਨੇ ਖੁਦ ''ਤੇ ਛਿੜਕਿਆ ਪੈਟਰੋਲ

Thursday, Oct 05, 2017 - 07:46 AM (IST)

ਕੁੱਟਮਾਰ ਤੇ ਰੇਹੜੀ ਪਲਟਾਉਣ ਕਾਰਨ ਮਾਲਕ ਨੇ ਖੁਦ ''ਤੇ ਛਿੜਕਿਆ ਪੈਟਰੋਲ

ਸਮਾਣਾ, (ਦਰਦ)- ਗਾਂਧੀ ਗਰਾਊਂਡ ਨੇੜੇ ਸ਼ਰਾਫਾ ਗਲੀ ਦੇ ਬਾਹਰ ਦਹਾਕਿਆਂ ਤੋਂ ਟਿੱਕੀ-ਛੋਲਿਆਂ ਦੀ ਰੇਹੜੀ ਲਾਉਣ ਵਾਲੇ ਰੇਹੜੀ ਮਾਲਕ ਨਾਲ ਗਲੀ ਦੇ ਕੁਝ ਦੁਕਾਨਦਾਰਾਂ ਵੱਲੋਂ ਕੁੱਟਮਾਰ ਕਰਨ ਅਤੇ ਤਿਆਰ ਸਾਮਾਨ ਨਾਲ ਭਰੀ ਰੇਹੜੀ ਨੂੰ ਪਲਟਾਉਣ ਦਾ ਪਤਾ ਲੱਗਾ ਹੈ, ਜਿਸ ਤੋਂ ਬਾਅਦ ਗੁੱਸੇ 'ਚ ਆਏ ਰੇਹੜੀ ਮਾਲਕ ਨੇ ਖੁਦ ਨੂੰ ਅੱਗ ਲਾਉਣ ਲਈ ਆਪਣੇ ਕੱਪੜਿਆਂ 'ਤੇ ਪੈਟਰੋਲ ਛਿੜਕ ਲਿਆ ਪਰ ਮੌਕੇ 'ਤੇ ਮੌਜੂਦ ਲੋਕਾਂ ਤੇ ਦੁਕਾਨਦਾਰਾਂ ਵੱਲੋਂ ਉਸ ਨੂੰ ਤੁਰੰਤ ਕਾਬੂ ਕਰ ਲੈਣ ਨਾਲ ਇਕ ਵੱਡੀ ਘਟਨਾ ਹੋਣੋਂ ਟਲ ਗਈ। 
ਇਸ ਸਬੰਧੀ ਸੂਚਨਾ ਮਿਲਣ 'ਤੇ ਸਿਟੀ ਪੁਲਸ ਦੇ ਸਬ-ਇੰਸਪੈਕਟਰ ਭਿੰਦਰਪਾਲ ਸਿੰਘ ਤੇ ਚਮਕੌਰ ਸਿੰਘ ਹੋਰ ਸਾਥੀ ਮੁਲਾਜ਼ਮਾਂ ਨਾਲ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੀੜਤ ਰੇਹੜੀ ਚਾਲਕ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਇਸ ਦੌਰਾਨ ਗਾਂਧੀ ਗਰਾਊਂਡ ਸਰਕਲ ਨੇੜੇ ਰੇਹੜੀ ਵਾਲਿਆਂ ਨੇ ਇਕੱਠੇ ਹੋ ਕੇ ਮੌਕੇ 'ਤੇ ਹੀ ਧਰਨਾ ਦੇ ਕੇ ਰਸਤਾ ਜਾਮ ਕਰ ਦਿੱਤਾ ਅਤੇ ਪੁਲਸ ਪ੍ਰਸ਼ਾਸਨ ਤੇ ਕਾਂਗਰਸ ਪਾਰਟੀ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਰੇਹੜੀ ਵਾਲਿਆਂ ਨੇ ਦੋਸ਼ ਲਾਇਆ ਕਿ ਇਹ ਸਭ ਕੁਝ ਕਾਂਗਰਸ ਪਾਰਟੀ ਦੇ ਨੇਤਾਵਾਂ ਦੀ ਸ਼ਹਿ 'ਤੇ ਸਰਾਫਾ ਗਲੀ ਦੇ ਕੁਝ ਦੁਕਾਨਦਾਰਾਂ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਇਸ ਗਲੀ ਦੇ ਬਾਹਰ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਸਾਲਾਂ ਤੋਂ  ਰੱਖੀ ਪੀਣ ਵਾਲੇ ਪਾਣੀ ਦੀ ਟੈਂਕੀ ਨੂੰ ਤੋੜ ਦਿੱਤਾ ਗਿਆ ਸੀ ਅਤੇ ਰਾਤੋ-ਰਾਤ ਗਲੀ 'ਚੋਂ ਚੁੱਕ ਕੇ ਗਾਇਬ ਕਰ ਦਿੱਤਾ ਗਿਆ। ਲੋਕਾਂ ਵੱਲੋਂ ਸ਼ਿਕਾਇਤ ਕਰਨ ਦੇ ਬਾਵਜੂਦ ਨੇਤਾਵਾਂ ਦੇ ਪ੍ਰਭਾਵ ਕਾਰਨ ਕੋਈ ਕਾਰਵਾਈ ਨਹੀਂ ਹੋਈ। ਪੀੜਤ ਰੇਹੜੀ ਮਾਲਕ ਬਸੰਤ ਸਿੰਘ ਪੁੱਤਰ ਗੁਰਚਰਨ ਸਿੰਘ ਨੇ ਦੱਸਿਆ ਕਿ 40 ਸਾਲ ਪਹਿਲਾਂ ਉਸ ਦਾ ਪਿਤਾ ਅਤੇ ਹੁਣ ਉਹ ਟਿੱਕੀ-ਛੋਲਿਆਂ ਤੇ ਖਾਣ-ਪੀਣ ਦੇ ਸਾਮਾਨ ਦੀ ਰੇਹੜੀ ਲਾਉਂਦਾ ਆ ਰਿਹਾ ਹੈ। ਬੁੱਧਵਾਰ ਸਵੇਰੇ ਗਲੀ ਦੇ ਕੁਝ ਦੁਕਾਨਦਾਰਾਂ ਨੇ ਉਸ ਨਾਲ, ਉਸ ਦੇ ਪਿਤਾ ਗੁਰਚਰਨ ਸਿੰਘ ਭਰਾ ਸਾਹਿਬ ਸਿੰਘ ਅਤੇ ਕਮਲਜੀਤ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਤਿਆਰ ਕੀਤੇ ਸਾਮਾਨ ਸਮੇਤ ਰੇਹੜੀ ਨੂੰ ਪਲਟਾ ਕੇ ਉੱਥੋਂ ਭੱਜਣ ਲਈ ਕਿਹਾ। ਇਸ ਸਬੰਧੀ ਦੂਜੇ ਪੱਖ ਸਰਾਫਾ ਬਾਜ਼ਾਰ ਦੇ ਦੁਕਾਨਦਾਰ ਪਰਮਿੰਦਰ ਤੇ ਨਿਸ਼ੂ ਵਰਮਾ ਨੂੰ ਵੀ ਸਿਵਲ ਹਸਪਤਾਲ ਦਾਖਲ ਕੀਤਾ ਗਿਆ। ਉਨ੍ਹਾਂ ਅਨੁਸਾਰ ਸਥਾਨਕ ਵਿਧਾਇਕ ਦੀ ਪਤਨੀ ਵੱਲੋਂ ਸਮਝੌਤਾ ਕਰਵਾਉਣ ਦੇ ਬਾਵਜੂਦ ਰੇਹੜੀ ਵਾਲਾ ਉਸੇ ਥਾਂ 'ਤੇ ਖੜ੍ਹਾ ਹੋ ਗਿਆ, ਜਿਸ ਨੂੰ ਸਮਝਾਉਣ 'ਤੇ ਉਸ ਨੇ ਆਪਣੇ ਲੋਕਾਂ ਨਾਲ ਮਿਲ ਕੇ ਗੱਲੀ ਵਾਲਿਆਂ 'ਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਤੇ ਪਹਿਲਾਂ ਤੋਂ ਲਿਆਂਦਾ ਪੈਟਰੋਲ ਖੁਦ 'ਤੇ ਛਿੜਕ ਲਿਆ। ਇਸ ਸੰਬਧੀ ਸਦਰ ਬਾਜ਼ਾਰ ਦੇ ਵਪਾਰੀ ਸੁਦਰਸ਼ਨ ਮਿੱਤਲ ਨੇ ਇਸ ਨੂੰ ਪ੍ਰਸ਼ਾਸਨ ਅਤੇ ਪੁਲਸ ਦੀ ਲਾਪ੍ਰਵਾਹੀ ਦੱਸਦਿਆਂ ਕਿਹਾ ਕਿ ਗਲੀ ਦੇ ਦੁਕਾਨਦਾਰਾਂ ਵੱਲੋਂ ਗਾਇਬ ਕੀਤੀ ਗਈ ਸਾਲਾਂ ਤੋਂ ਰੱਖੀ ਪਾਣੀ ਦੀ ਟੈਂਕੀ ਬਾਰੇ ਕੋਈ ਕਾਰਵਾਈ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ ਕੁਝ ਦੁਕਾਨਦਾਰ ਦੁਕਾਨਾਂ ਅੱਗੇ ਰੇਹੜੀ ਵਾਲਿਆਂ ਨੂੰ ਖੜ੍ਹਾ ਕਰਨ ਲਈ ਕਿਰਾਇਆ ਵਸੂਲ ਕਰਦੇ ਹਨ, ਜਿਸ ਨਾਲ ਟ੍ਰੈਫਿਕ ਵਿਵਸਥਾ ਤੇ ਬਾਜ਼ਾਰ ਦਾ ਮਾਹੌਲ ਵੀ ਖਰਾਬ ਹੁੰਦਾ ਹੈ ਪਰ ਪ੍ਰਸ਼ਾਸਨ ਦੇ ਕੰਨਾਂ 'ਤੇ ਜੂੰ ਨਹੀਂ ਸਰਕਦੀ। 


Related News