ਇਕ ਵਾਰ ਫਿਰ ਘਟੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

11/30/2015 10:03:48 PM

ਨਵੀਂ ਦਿੱਲੀ- ਕੌਮਾਂਤਰੀ ਬਾਜ਼ਾਰ ''ਚ ਕੱਚੇ ਤੇਲ ਦੀ ਕੀਮਤ ''ਚ ਜਾਰੀ ਗਿਰਾਵਟ ਦੇ ਮੱਦੇਨਜ਼ਰ ਸੋਮਵਾਰ ਨੂੰ ਘਰੇਲੂ ਬਾਜ਼ਾਰ ਵਿਚ ਪੈਟਰੋਲ 58 ਪੈਸੇ ਅਤੇ ਡੀਜ਼ਲ 25 ਪੈਸੇ ਪ੍ਰਤੀ ਲੀਟਰ ਸਸਤਾ ਹੋ ਗਿਆ। ਨਵੀਆਂ ਦਰਾਂ ਸੋਮਵਾਰ ਅੱਧੀ ਰਾਤ ਤੋਂ ਹੀ ਲਾਗੂ ਹੋਣਗੀਆਂ।
ਜਨਤਕ ਖੇਤਰ ਦੀ ਮੋਹਰੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਦੱਸਿਆ ਕਿ ਕੀਮਤਾਂ ਘਟਣ ਨਾਲ ਹੁਣ ਦਿੱਲੀ ''ਚ ਪੈਟਰੋਲ 60.48 ਰੁਪਏ ਅਤੇ ਡੀਜ਼ਲ 46.55 ਰੁਪਏ ਪ੍ਰਤੀ ਲਿਟਰ ਮਿਲੇਗਾ। ਬੀਤੀ 16 ਨਵੰਬਰ ਨੂੰ ਪੈਟਰੋਲ ਦੀ ਕੀਮਤ ''ਚ 36 ਪੈਸੇ ਅਤੇ ਡੀਜ਼ਲ ਦੀ ਕੀਮਤ ''ਚ 87 ਪੈਸੇ ਦਾ ਵਾਧਾ ਕੀਤਾ ਗਿਆ ਸੀ। ਪੈਟਰੋਲ ਦੀ ਕੀਮਤ ਇਸ ਸਾਲ 1 ਜੁਲਾਈ ਤੋਂ ਲਗਾਤਾਰ 6 ਵਾਰ ਘਟਾਏ ਜਾਣ ਤੋਂ ਬਾਅਦ 16 ਨਵੰਬਰ ਨੂੰ ਵਧਾਈ ਗਈ ਸੀ। ਇਸ ਤਰ੍ਹਾਂ ਇਸ ਮਿਆਦ ਵਿਚ ਡੀਜ਼ਲ ਦੀਆਂ ਕੀਮਤਾਂ ਲਗਾਤਾਰ 3 ਵਾਰ ਵਧੀਆਂ ਹਨ। ਇਸ ਦੌਰਾਨ 7 ਨਵੰਬਰ ਤੋਂ ਸਰਕਾਰ ਨੇ ਪੈਟਰੋਲ ''ਤੇ ਉਤਪਾਦ ਕਰ 1.60 ਰੁਪਏ ਤੇ ਡੀਜ਼ਲ ''ਤੇ 0.40 ਰੁਪਏ ਪ੍ਰਤੀ ਲਿਟਰ ਵਧਾਇਆ ਸੀ।


Gurminder Singh

Content Editor

Related News