''ਪੈਟਰੋਲ-ਡੀਜ਼ਲ'' ਦੇ ਖਰਚੇ ''ਤੇ ਵੀ ਚੋਣ ਕਮਿਸ਼ਨ ਦੀ ਤਿੱਖੀ ਨਜ਼ਰ
Wednesday, Apr 24, 2019 - 01:21 PM (IST)
![''ਪੈਟਰੋਲ-ਡੀਜ਼ਲ'' ਦੇ ਖਰਚੇ ''ਤੇ ਵੀ ਚੋਣ ਕਮਿਸ਼ਨ ਦੀ ਤਿੱਖੀ ਨਜ਼ਰ](https://static.jagbani.com/multimedia/2019_4image_13_20_371354622petrol.jpg)
ਚੰਡੀਗੜ੍ਹ (ਭੁੱਲਰ) : ਚੋਣ ਪ੍ਰਚਾਰ ਦੌਰਾਨ ਉਮੀਦਵਾਰਾਂ ਤੇ ਪਾਰਟੀਆਂ ਵਲੋਂ ਵਾਹਨਾਂ 'ਚ ਪਾਏ ਜਾਣ ਵਾਲੇ ਪੈਟਰੋਲ ਤੇ ਡੀਜ਼ਲ ਦੇ ਖਰਚੇ 'ਤੇ ਵੀ ਚੋਣ ਕਮਿਸ਼ਨ ਸਖਤ ਨਜ਼ਰ ਰੱਖੇਗਾ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਪੰਜਾਬ ਰਾਜ 'ਚ ਕੰਮ ਕਰ ਰਹੀਆਂ ਤੇਲ ਕੰਪਨੀਆਂ ਦੇ ਅਧਿਕਾਰੀਆਂ ਨਾਲ ਚੋਣ ਜ਼ਾਬਤੇ ਸਬੰਧੀ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਰਾਜੂ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਚੋਣ ਲੜ ਰਹੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਲਈ ਖਰਚ ਸੀਮਾ 70 ਲੱਖ ਰੁਪਏ ਤੈਅ ਕੀਤੀ ਗਈ ਹੈ ਅਤੇ ਬੀਤੇ ਸਮੇਂ 'ਚ ਕਈ ਵਾਰ ਉਮੀਦਵਾਰਾਂ ਵਲੋਂ ਜਾਂ ਉਨ੍ਹਾਂ ਦੇ ਚੋਣ ਮੈਨੇਜਰਾਂ ਵਲੋਂ ਚੋਣ ਪ੍ਰਚਾਰ ਦੌਰਾਨ ਕੀਤੀਆਂ ਜਾਣ ਵਾਲੀਆਂ ਰੈਲੀਆਂ/ਸਟਾਰ ਕੰਪੈਂਨਰ ਦੇ ਰੋਡ ਸ਼ੋਅ ਦੌਰਾਨ ਭੀੜ ਇਕੱਠੀ ਕਰਨ ਲਈ ਲੋਕਾਂ ਦੇ ਵਾਹਨਾਂ 'ਚ ਆਪਣੇ ਪੈਸੇ ਨਾਲ ਤੇਲ ਭਰਵਾਉਣ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ, ਜਿਸ ਨੂੰ ਧਿਆਨ 'ਚ ਰੱਖਦਿਆਂ ਭਾਰਤੀ ਚੋਣ ਕਮਿਸ਼ਨ ਵਲੋਂ ਹਦਾਇਤ ਕੀਤੀ ਗਈ ਹੈ ਕਿ ਚੋਣ ਜ਼ਾਬਤੇ ਦੌਰਾਨ ਤੇਲ ਵਿਕਰੀ ਪਰਚੀ ਰਾਹੀਂ ਕਰਨ। ਜਿਸ ਥਾਂ 'ਤੇ ਵੱਡੀ ਰੈਲੀ ਹੋਵੇਗੀ, ਉਨ੍ਹਾਂ ਥਾਵਾਂ ਦੇ ਨਜ਼ਦੀਕੀ ਪੈਟਰੋਲ ਪੰਪਾਂ ਤੋਂ ਉਨ੍ਹਾਂ ਦਿਨਾਂ 'ਚ ਹੋਈ ਵਿਕਰੀ ਸਬੰਧੀ ਤੱਥ ਵੀ ਇਕੱਤਰ ਕੀਤੇ ਜਾਣਗੇ ਅਤੇ ਸੀ. ਸੀ. ਟੀ. ਵੀ. ਫੁਟੇਜ ਵੀ ਲਏ ਜਾਣਗੇ। ਇਸ ਤੋਂ ਇਲਾਵਾ ਪੈਟਰੋਲ ਪੰਪਾਂ ਤੋਂ ਵੱਡੇ ਪੱਧਰ 'ਤੇ ਤੇਲ ਦੀ ਖਰੀਦ ਕਰਨ ਵਾਲੇ ਵਿਅਕਤੀਆਂ ਦੀ ਵੀ ਜਾਣਕਾਰੀ ਲਈ ਜਾਵੇਗੀ।