ਟੈਲੀਫੋਨ ''ਤੇ ਪ੍ਰਾਪਤ ਮੰਗ ਮੁਤਾਬਕ ਕਿਸਾਨਾਂ ਤੱਕ ਪਹੁੰਚਾਈਆਂ ਗਈਆਂ ਕੀੜੇਮਾਰ ਦਵਾਈਆਂ ਅਤੇ ਬੀਜ
Saturday, Mar 28, 2020 - 05:50 PM (IST)
ਜਲੰਧਰ-ਜ਼ਿਲ੍ਹਾ ਪ੍ਰਸਾਸ਼ਨ ਦੀਆਂ ਹਦਾਇਤਾਂ ਅਨੁਸਾਰ ਕੀਤੇ ਜਾ ਰਹੇ ਉਪਰਾਲਿਆਂ ਅਧੀਨ ਅੱਜ ਪਿੰਡ ਰਾਏਪੁਰ ਰਸੂਲਪੁਰ ਅਤੇ ਰੰਧਾਵਾ ਮਸੰਦਾ ਪਿੰਡਾਂ ਦੇ ਕਿਸਾਨ ਸ. ਬਲਜਿੰਦਰ ਸਿੰਘ, ਸ. ਮੱਖਣ ਸਿੰਘ, ਸ. ਕੁਲਵਿੰਦਰ ਸਿੰਘ, ਸ. ਰਘੂਬੀਰ ਸਿੰਘ ਅਤੇ ਰਵਿੰਦਰ ਸਿੰਘ ਹੋਰਾਂ ਦੀ ਮੰਗ ਅਨੁਸਾਰ ਕੀੜੇ ਮਾਰ ਦਵਾਈਆਂ ਅਤੇ ਬਹਾਰ ਰੁੱਤ ਦੀ ਮੱਕੀ ਦਾ ਬੀਜ ਇਹਨਾ ਕਿਸਾਨਾ ਨੂੰ ਉਹਨਾ ਦੇ ਘਰਾਂ ਤੱਕ ਪੁੱਜਦਾ ਕੀਤਾ ਗਿਆ। ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਇਹਨਾ ਕਿਸਾਨਾਂ ਵੱਲੋਂ ਰਜਿਸਟਰਡ ਡੀਲਰ ਨਵਯੁਗ ਖਾਦ ਸਟੋਰ ਨੂੰ ਟੈਲੀਫੋਨ ਤੇ ਕੀੜੇਮਾਰ ਦਵਾਈਆਂ ਅਤੇ ਬੀਜ ਦੀ ਮੰਗ ਲਿਖਵਾਈ ਗਈ ਸੀ।ਇਸ ਤੋਂ ਇਲਾਵਾ ਪਿੰਡ ਫਤਿਹ ਜਲਾਲ ਤੋਂ ਸ. ਅਜੈ ਪਾਲ ਸਿੰਘ ਢਿੱਲੋ ਵੱਲੋਂ 1.60 ਕੁਇੰਟਲ ਪਨਸੀਡ ਦੇ ਮੂੰਗੀ ਦੇ ਬੀਜ ਦੀ ਵੀ ਮੰਗ ਕੀਤੀ ਗਈ ਹੈ ਜੋ ਕਿ ਜਲਦੀ ਹੀ ਪੂਰੀ ਕੀਤੀ ਜਾਵੇਗੀ।
ਡਾ. ਸਿੰਘ ਨੇ ਕਿਹਾ ਹੈ ਕਿ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਕੋਵਿਡ-19 ਦੇ ਪ੍ਰਕੋਪ ਨੂੰ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਅਧੀਨ ਮਹਿਕਮਾ ਖੇਤੀਬਾੜੀ ਵੱਲੋਂ ਜ਼ਿਲੇ ਦੇ ਸਮੂਹ ਬਲਾਕਾਂ 'ਚ ਸਮੂਹ ਖਾਦ ਬੀਜ ਅਤੇ ਦਵਾਈ ਵਿਕਰੇਤਾਵਾਂ ਨੁੰ ਕਰਫਿਊ ਪਾਸ ਜਾਰੀ ਕਰਦੇ ਹੋਏ ਇਹ ਕਿਹਾ ਗਿਆ ਹੈ ਕਿ ਉਹ ਕਿਸਾਨਾਂ ਦੀ ਲੋੜ ਅਨੁਸਾਰ ਕੋਵਿਡ-19 ਸਬੰਧੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਦਵਾਈ ਆਦਿ ਬਿੱਲ ਸਮੇਤ ਬਗੈਰ ਕਿਸੇ ਵਾਧੂ ਖਰਚੇ ਤੋਂ ਕਿਸਾਨਾਂ ਦੇ ਘਰਾਂ ਜਾਂ ਖੂਹਾਂ ਤੇ ਪੁਚਾਉਣ ।
ਡਾ. ਸੁਰਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਵੇਲੇ ਕਣਕ ਦੀ ਫਸਲ 'ਤੇ ਚੇਪੇ/ਤੇਲੇ ਦਾ ਹਮਲਾ ਕਈ ਥਾਵਾਂ ਤੇ ਨਜ਼ਰ ਆ ਰਿਹਾ ਹੈ, ਜਿਸ ਲਈ ਕਿਸਾਨ ਨੂੰ ਦਵਾਈ ਦੀ ਸਪਰੇ ਦੀ ਜਰੂਰਤ ਮਹਿਸੂਸ ਹੋ ਰਹੀ ਹੈ, ਇਸ ਦੇ ਨਾਲ-ਨਾਲ ਕਿਸਾਨ ਵੀਰਾਂ ਵੱਲੋਂ ਬਹਾਰ ਰੁੱਤ ਦੀ ਮੱਕੀ ਜਾਂ ਮੂੰਗੀ ਦੀ ਬਿਜਾਈ ਕਰਨ ਲਈ ਵੀ ਬੀਜ ਲੋੜੀਂਦਾ ਹੈ, ਡਾ. ਸੁਰਿੰਦਰ ਸਿੰਘ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕੇ ਉਹ ਦਵਾਈਆਂ ਦਾ ਇਸਤੇਮਾਲ ਸੋਚ ਸਮਝ ਕਿ ਕਰਨ ਇਸ ਸਬੰਧੀ ਉਹਨਾ ਵੱਲੋਂ ਆਪਣੇ ਹਲਕੇ ਦੇ ਖੇਤੀਬਾੜੀ ਮਾਹਿਰ ਦੀ ਸਲਾਹ ਅਨੁਸਾਰ ਹੀ ਦਵਾਈ ਦਾ ਸਪਰੇ ਕਰਨ ਦੀ ਬੇਨਤੀ ਕੀਤੀ ਹੈ , ਕਿਉਕਿ ਕਣਕ ਦੀ ਫਸਲ 'ਤੇ ਪ੍ਰਤੀ ਸਿੱਟਾ ਜੇਕਰ ਚੇਪੇ ਜਾਂ ਤੇਲਾ ਦਾ ਹਮਲਾ 5 ਕੀੜਿਆਂ ਤੋ ਵਧੇਰੇ ਹੈ ਤਾਂ ਹੀ ਸਪਰੇ ਕਰਨ ਦੀ ਲੋੜ ਹੈ। ਉਨ੍ਹਾਂ ਜ਼ਿਲੇ ਦੇ ਸਮੂਹ ਕਿਸਾਨ ਵੀਰਾਂ ਲਈ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਕਿਹਾ ਹੈ ਕਿ ਉਹ ਸਰਕਾਰ ਦੀਆਂ ਹਦਾਇਤਾਂ ਅਧੀਨ ਖੇਤੀ ਦਾ ਕੰਮ ਕਰਨ ਲਈ 10 ਜਾਂ ਇਸ ਤੋਂ ਘੱਟ ਮਜਦੂਰਾਂ ਦੀ ਮਦਦ ਲੈਂਦੇ ਹੋਏ ਅਤੇ ਇਹ ਧਿਆਨ ਰੱਖਣ ਕਿ ਇੱਕ ਥਾਂ 'ਤੇ ਮਜਦੂਰ ਇੱਕਠੇ ਨਾ ਹੋਣ ਤੇ ਇੱਕ ਦੂਜੇ ਤੋਂ ਘੱਟ ਤੋਂ ਘੱਟ ਇੱਕ ਮੀਟਰ ਦੀ ਦੂਰੀ ਬਣਾਈ ਰੱਖਣ ਅਤੇ ਮਜਦੂਰਾਂ ਲਈ ਸੈਨੀਟਾਈਜ਼ਰ ਅਤੇ ਮਾਸਕ ਦੀ ਵਰਤੋਂ ਵੀ ਯਕੀਨੀ ਬਣਾਉਣ ਅਤੇ ਖਾਦ ਦਵਾਈ, ਬੀਜ ਆਦਿ ਦੀ ਲੋੜ ਲਈ ਆਪਣੇ ਹਲਕੇ ਦੇ ਖੇਤੀਬਾੜੀ ਅਧਿਕਾਰੀ ਕਰਮਚਾਰੀ ਜਾਂ ਕਿਸੇ ਰਜਿਸਟਰਡ ਡੀਲਰ ਨੂੰ ਟੈਲੀਫੋਨ 'ਤੇ ਦੱਸਣ ਅਤੇ ਇਹ ਵਸਤਾਂ ਘਰ ਬੈਠੇ ਬਗੈਰ ਕਿਸੇ ਵਾਧੂ ਖਰਚੇ ਤੋਂ ਪ੍ਰਾਪਤ ਕਰਨ।
-ਸੰਪਰਕ ਅਫਸਰ
-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ