ਵਿੱਦਿਆ ਦੇ ਨਾਂ ''ਤੇ ਕੀਤੀ ਜਾ ਰਹੀ ਲੁੱਟ ਦਾ ਮਾਮਲਾ ਪੁੱਜਾ ਥਾਣੇ
Sunday, Apr 08, 2018 - 10:24 AM (IST)
ਘਨੌਰ (ਜੋਸਨ, ਅਲੀ, ਹਰਵਿੰਦਰ)-ਇਕ ਨਿੱਜੀ ਸਕੂਲ ਵੱਲੋਂ ਵਿੱਦਿਆ ਦੇ ਨਾਂ 'ਤੇ ਕੀਤੀ ਜਾ ਰਹੀ ਲੁੱਟ ਦਾ ਮਾਮਲਾ ਥਾਣੇ ਪੁੱਜਾ ਗਿਆ। ਇਸ ਸਬੰਧੀ ਕਰਮਜੀਤ ਸਿੰਘ ਬਘੌਰਾ (ਸੋਨੂੰ) ਬਾਬਲਾ ਸਰਾਲਾ, ਕਮਲ ਚਹਿਲ, ਗੁਰਦੇਵ ਸਰਾਲਾ, ਚਰਨਜੀਤ ਸਿੰਘ, ਜੋਗਾ ਸਿੰਘ ਘਨੌਰ, ਨਵਦੀਪ ਸਿੰਘ ਅਤੇ ਨਰੇਸ਼ ਕਪੂਰੀ ਸਣੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਅਪੋਲੋ ਪਬਲਿਕ ਸਕੂਲ ਘਨੌਰ ਵਿਚ ਪੜ੍ਹਦੇ ਹਨ। ਹੁਣ ਸਕੂਲ ਪ੍ਰਬੰਧਕਾਂ ਵੱਲੋਂ ਅਗਲੇ ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਹੀ ਐਨੂਅਲ ਚਾਰਜ, ਫੀਸਾਂ, ਆਈਡੀ ਕਾਰਡ, ਟਰਾਂਸਪੋਰਟ, ਲੈਬ ਫੀਸ, ਸਪੋਰਟਸ ਦੇ ਨਾਂ 'ਤੇ ਹੋਰ ਬੇਅਥਾਹ ਖਰਚੇ ਵਧਾਅ ਦਿੱਤੇ ਗਏ ਹਨ, ਜਿਸ ਕਰਨ ਬੱਚਿਆਂ ਦੇ ਮਾਪੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਅਤੇ ਉਹ ਸਕੂਲ ਵਲੋਂ ਕੀਤਾ ਗਿਆ ਅਥਾਹ ਵਾਧਾ ਦੇਣ ਤੋਂ ਅਸਮਰੱਥ ਹਨ। ਇਸ ਦੌਰਾਨ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਸਪੁੱਤਰ ਗਗਨਦੀਪ ਸਿੰਘ ਜਲਾਲਪੁਰ ਨੇ ਪੁਲਸ ਥਾਣਾ ਘਨੌਰ ਪਹੁੰਚ ਕੇ ਸਕੂਲ ਪ੍ਰਬੰਧਕਾਂ ਚੇਅਰਪਰਸਨ ਜਤਿੰਦਰ ਕੌਰ ਅਤੇ ਪ੍ਰਿੰਸੀਪਲ ਰੀਨਾ, ਪੁਲਸ ਇੰਸਪੈਕਟਰ ਰਘਵੀਰ ਸਿੰਘ ਅਤੇ ਬੱਚਿਆਂ ਦੇ ਮਾਪਿਆਂ ਨਾਲ ਮੀਟਿੰਗ ਕੀਤੀ ਅਤੇ ਮਾਮਲੇ ਨੂੰ ਪੂਰੀ ਤਰ੍ਹਾਂ ਹੱਲ ਕਰਨ ਦੀ ਕੋਸ਼ਿਸ਼ ਕੀਤੀ।
ਗਗਨਦੀਪ ਸਿੰਘ ਜਲਾਲਪੁਰ ਨੇ ਸਕੂਲ ਪ੍ਰਬੰਧਕਾਂ ਨੂੰ ਕਹਿ ਕੇ ਕੁਝ ਖਰਚੇ ਘਟਾ ਦਿੱਤੇ ਪਰ ਐਨੂਅਲ ਚਾਰਜ 'ਤੇ ਜਾ ਕੇ ਗੱਲ ਅਟਕ ਗਈ। ਇਸ ਦੌਰਾਨ ਸਕੂਲ ਪ੍ਰਬੰਧਕਾਂ ਨੇ ਐਨੂਅਲ ਚਾਰਜ 'ਤੇ ਸੋਚ ਵਿਚਾਰ ਕਰਨ ਲਈ ਹੋਰ ਸਮੇਂ ਦੀ ਮੰਗ ਕੀਤੀ।
ਅਸੀਂ ਕੋਈ ਵੀ ਬੇਲੋੜੇ ਖਰਚੇ ਨਹੀਂ ਵਧਾਏ : ਚੇਅਰਪਰਸਨ
ਇਸ ਸਬੰਧੀ ਸਕੂਲ ਚੇਅਰਪਰਸਨ ਜਤਿੰਦਰ ਕੌਰ ਨੇ ਕਿਹਾ ਕਿ ਅਸੀਂ ਕੋਈ ਵੀ ਬੇਲੋੜੇ ਖਰਚੇ ਨਹੀਂ ਵਧਾਏ ਲੋੜ ਅਨੁਸਾਰ ਫੀਸਾਂ ਅਤੇ ਹੋਰ ਖਰਚੇ ਵਧਾਏ ਗਏ ਹਨ ਜੇਕਰ ਕਿਸੇ ਨੂੰ ਵਾਧਾ ਜ਼ਿਆਦਾ ਲੱਗਦਾ ਹੈ ਉਹ ਆਪਣੇ ਬੱਚਿਆਂ ਨੂੰ ਕਿਸੇ ਹੋਰ ਥਾਂ ਪੜ੍ਹਾ ਸਕਦਾ ਅਤੇ ਬੱਚਿਆਂ ਦੇ ਮਾਪੇ ਚਾਹੁਣ ਤਾਂ ਉਹ ਵਰਦੀਆਂ ਅਤੇ ਕਿਤਾਬਾਂ ਵੀ ਬਾਹਰੋਂ ਖਰੀਦ ਸਕਦੇ ਹਨ।
