ਕੈਪਟਨ ’ਤੇ ਨਿੱਜੀ ਹਮਲਾ, ਪੰਜਾਬ ਕਾਂਗਰਸ ਦਾ ਡੈਮੇਜ ਕੰਟਰੋਲ, ਉੱਠੇ ਸਵਾਲ
Saturday, Oct 23, 2021 - 04:19 PM (IST)
 
            
            ਚੰਡੀਗੜ੍ਹ (ਅਸ਼ਵਨੀ) : ਕੈਪਟਨ ਅਮਰਿੰਦਰ ਸਿੰਘ ’ਤੇ ਨਿੱਜੀ ਹਮਲੇ ਨੂੰ ਸਿਆਸੀ ਗਲਿਆਰਿਆਂ ਵਿਚ ਪੰਜਾਬ ਕਾਂਗਰਸ ਦੀ ਡੈਮੇਜ ਕੰਟਰੋਲ ਰਣਨੀਤੀ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ। ਅਜਿਹਾ ਇਸ ਲਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਛੇਤੀ ਹੀ ਇਕ ਨਵੀਂ ਪਾਰਟੀ ਦੇ ਗਠਨ ਦਾ ਐਲਾਨ ਕੀਤਾ ਹੈ। ਇਸ ਐਲਾਨ ਦੇ ਨਾਲ ਹੀ ਕੈਪਟਨ ਨੇ ਇਸ ਗੱਲ ਦੇ ਵੀ ਸੰਕੇਤ ਦਿੱਤੇ ਹਨ ਕਿ ਖੇਤੀ ਕਾਨੂੰਨ ਦਾ ਨਿਪਟਾਰਾ ਹੋਣ ’ਤੇ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਦੇ ਦਰਵਾਜ਼ੇ ਖੁੱਲ੍ਹੇ ਹਨ। ਨਾਲ ਹੀ ਹਮਖਿਆਲੀ ਪਾਰਟੀਆਂ ਨੂੰ ਵੀ ਗਠਜੋੜ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਕੈਪਟਨ ਦੇ ਇਸ ਐਲਾਨ ਨਾਲ ਪ੍ਰਦੇਸ਼ ਦਾ ਸਿਆਸੀ ਪਾਰਾ ਤਾਂ ਚੜ੍ਹਿਆ ਹੀ ਹੈ, ਪੰਜਾਬ ਦੇ ਵੋਟ ਬੈਂਕ ਵਿਚ ਕੈਪਟਨ ਦੀ ਸੰਨ੍ਹ ਮਾਰੀ ’ਤੇ ਵੀ ਖੁੱਲ੍ਹ ਕੇ ਚਰਚਾ ਹੋਣ ਲੱਗੀ ਹੈ। ਪੰਜਾਬ ਦੇ ਪ੍ਰਦੇਸ਼ ਕਾਂਗਰਸ ਇੰਚਾਰਜ ਦਾ ਅਹੁਦਾ ਛੱਡ ਚੁੱਕੇ ਹਰੀਸ਼ ਰਾਵਤ ਨੇ ਤਾਂ ਖੁੱਲ੍ਹੇ ਤੌਰ ’ਤੇ ਕੈਪਟਨ ਨੂੰ ਵੋਟਕਟੁਵਾ ਮਤਲਬ ਵੋਟ ਕੱਟਣ ਵਾਲਾ ਦੱਸਿਆ ਹੈ। ਇਸ ਕੜੀ ਵਿਚ ਵਿਰੋਧੀ ਦਲਾਂ ਦਾ ਵੀ ਕਹਿਣਾ ਹੈ ਕਿ ਕੈਪਟਨ ਵੋਟ ਬੈਂਕ ਵਿਚ ਸੰਨ੍ਹ ਮਾਰੀ ਕਰ ਕੇ ਸਿਆਸੀ ਦਲਾਂ ਦਾ ਰਾਹ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ : ਚੰਨੀ ਸਰਕਾਰ ਦਾ ਫੈਸਲਾ : 50 ਹਜ਼ਾਰ ਪਰਿਵਾਰਾਂ ਵੱਲ ਖੜ੍ਹੇ ਪਾਣੀ ਦੇ ਬਿੱਲਾਂ ਦੇ 50 ਕਰੋੜ ਰੁਪਏ ਕੀਤੇ ਮੁਆਫ
ਸਾਫ਼ ਤੌਰ ’ਤੇ ਮੌਜੂਦਾ ਸਮੇਂ ਵਿਚ ਸਾਰੇ ਸਿਆਸੀ ਦਲ ਹੁਣ ਆਪਣੇ ਵੋਟ ਬੈਂਕ ਨੂੰ ਸੁਰੱਖਿਅਤ ਰੱਖਣ ਦੀ ਜੱਦੋ-ਜਹਿਦ ਵਿਚ ਲੱਗੇ ਹਨ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਨਾਲ ਲੰਬਾ ਸਾਥ ਰਿਹਾ ਹੈ, ਇਸ ਲਈ ਕਾਂਗਰਸ ਨੂੰ ਆਪਣੇ ਵੋਟ ਬੈਂਕ ਵਿਚ ਸੰਨ੍ਹ ਮਾਰੀ ਦਾ ਸਭ ਤੋਂ ਜ਼ਿਆਦਾ ਖ਼ਤਰਾ ਸਤਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਖਤਰੇ ਨੂੰ ਭਾਂਪਦੇ ਹੋਏ ਪੰਜਾਬ ਕਾਂਗਰਸ ਤੋਂ ਲੈ ਕੇ ਰਾਸ਼ਟਰੀ ਕਾਂਗਰਸ ਤੱਕ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਖਿਲਾਫ ਖੁੱਲ੍ਹ ਕੇ ਬੋਲ ਰਹੇ ਹਨ ਤਾਂਕਿ ਪੰਜਾਬ ਦੇ ਲੋਕਾਂ ਵਿਚਕਾਰ ਕੈਪਟਨ ਦੇ ਅਕਸ ਨੂੰ ਜ਼ਿਆਦਾ ਤੋਂ ਜ਼ਿਆਦਾ ਖ਼ਰਾਬ ਕੀਤਾ ਜਾ ਸਕੇ। ਉਂਝ ਤਾਂ ਕੈਪਟਨ ਦੇ ਨਾਲ ਅਰੂਸਾ ਆਲਮ ਨੂੰ ਲੈ ਕੇ ਚਰਚਾਵਾਂ ਦਾ ਪਹਿਲਾਂ ਵੀ ਦੌਰ ਚਲਦਾ ਰਿਹਾ ਹੈ ਪਰ ਪੁਲਸ ਜਾਂਚ ਦਾ ਐਲਾਨ ਪਹਿਲੀ ਵਾਰ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਹੁਣ ਪੁਲਸ ਦੇ ਜ਼ਰੀਏ ਕੈਪਟਨ ’ਤੇ ਨਿੱਜੀ ਹਮਲਿਆਂ ਨੂੰ ਤੇਜ਼ ਕਰੇਗੀ। ਜਿਵੇਂ-ਜਿਵੇਂ ਚੋਣਾਂ ਦੀ ਤਾਰੀਖ ਨਜ਼ਦੀਕ ਆਉਂਦੀ ਜਾਵੇਗੀ, ਨਿੱਜੀ ਹਮਲਿਆਂ ਦਾ ਦੌਰ ਵਧੇਗਾ। ਅਜਿਹੇ ਵਿਚ ਹੁਣ ਵੇਖਣਾ ਇਹ ਹੈ ਕਿ ਕੈਪਟਨ ਦੀ ਅਗਲੀ ਰਣਨੀਤੀ ਕੀ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਅਕਸ ਖ਼ਰਾਬ ਕੀਤੇ ਜਾਣ ਦੇ ਹਮਲਿਆਂ ਦਾ ਕਦੋਂ ਅਤੇ ਕਿਵੇਂ ਜਵਾਬ ਦੇਣਗੇ।
ਇਹ ਵੀ ਪੜ੍ਹੋ : ਵਿਧਾਇਕ ਬੈਂਸ ’ਤੇ ਸਰੀਰਕ ਸੋਸ਼ਣ ਦੇ ਦੋਸ਼ ਲਾਉਣ ਵਾਲੀ ਔਰਤ ਦਾ ਯੂ-ਟਰਨ, ਵਾਪਸ ਲਈ ਦਰਖ਼ਾਸਤ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            