ਪਤਨੀ ਤੇ ਉਸ ਦੇ ਪ੍ਰੇਮੀ ਤੋਂ ਪ੍ਰੇਸ਼ਾਨ ਵਿਅਕਤੀ ਨੇ ਨਿਗਲਿਆ ਜ਼ਹਿਰ, ਮੌਤ

Thursday, Mar 28, 2019 - 12:21 PM (IST)

ਪਤਨੀ ਤੇ ਉਸ ਦੇ ਪ੍ਰੇਮੀ ਤੋਂ ਪ੍ਰੇਸ਼ਾਨ ਵਿਅਕਤੀ ਨੇ ਨਿਗਲਿਆ ਜ਼ਹਿਰ, ਮੌਤ

ਫਿਰੋਜ਼ਪੁਰ (ਆਵਲਾ, ਸੁਦੇਸ਼) – ਪਿੰਡ ਸ਼ਰੀਂਹ ਵਾਲਾ ਵਿਖੇ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਉਸ ਦੇ ਪ੍ਰੇਮੀ ਤੋਂ ਪਰੇਸ਼ਾਨ ਹੋ ਕੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਪੁੱਤਰ ਗੰਡਾ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਜੱਗਾ ਸਿੰਘ ਦਾ ਵਿਆਹ ਹਰਪ੍ਰੀਤ ਕੌਰ ਨਾਲ ਹੋਇਆ ਸੀ ਅਤੇ ਇਨ੍ਹਾਂ ਦਾ ਇਕ 9 ਸਾਲਾਂ ਦਾ ਲੜਕਾ ਵੀ ਹੈ। ਉਸ ਦੀ ਪਤਨੀ ਦੇ ਪਿੰਡ ਦੇ ਹੀ ਜੱਸਾ ਨਾਮੀ ਲੜਕੇ ਨਾਲ ਪ੍ਰੇਮ ਸਬੰਧ ਸਨ ਤੇ ਜੱਸਾ ਉਸ ਨੂੰ ਕਈ ਵਾਰ ਆਪਣੇ ਘਰ ਲੈ ਜਾਂਦਾ ਸੀ। ਜੱਗੇ ਨੇ ਕਈ ਵਾਰ ਉਸ ਨੂੰ ਸਮਝਾਉਣ ਲਈ ਉਸ ਦੇ ਮਾਪਿਆਂ ਨਾਲ ਗੱਲ ਕੀਤੀ ਪਰ ਉਨ੍ਹਾਂ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ। 

ਉਸ ਨੇ ਦੱਸਿਆ ਕਿ ਹੁਣ ਵੀ ਜੱਸਾ ਸਿੰਘ ਪਿਛਲੇ 15 ਦਿਨਾਂ ਤੋਂ ਹਰਪ੍ਰੀਤ ਨੂੰ ਆਪਣੇ ਨਾਲ ਲੈ ਕੇ ਘੁੰਮਦਾ ਰਿਹਾ ਅਤੇ ਜੱਗੇ ਨੇ, ਜੱਸੇ ਨੂੰ ਉਸ ਦੀ ਪਤਨੀ ਨਾਲੋਂ ਸਬੰਧ ਖਤਮ ਕਰਨ ਲਈ ਕਿਹਾ ਸੀ ਪਰ ਜੱਸੇ ਨੇ ਉਸ ਦੀ ਕੁੱਟਮਾਰ ਕਰਦਿਆਂ ਉਸ ਨੂੰ ਬੇਇੱਜ਼ਤ ਕੀਤਾ। ਬੇਇੱਜ਼ਤੀ ਸਹਿਣ ਨਾ ਕਰਦੇ ਹੋਏ ਜੱਗੇ ਨੇ ਆਪਣੀ ਪਤਨੀ, ਉਸ ਦੇ ਪ੍ਰੇਮੀ ਜੱਸਾ ਅਤੇ ਜੱਸੇ ਦੇ ਮਾਪਿਆਂ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਦਰਸ਼ਨ ਲਾਲ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਭੇਜ ਦਿੱਤਾ ਗਿਆ ਹੈ।


author

rajwinder kaur

Content Editor

Related News