''ਫਾਸ਼ੀ ਹਮਲਿਆਂ ਵਿਰੋਧੀ ਫਰੰਟ'' ਵੱਲੋਂ ਮੋਦੀ-ਖੱਟੜ ਦੀ ਤਾਨਾਸ਼ਾਹੀ ਵਿਰੁੱਧ 29 ਨੂੰ ਜਲੰਧਰ ਵਿਖੇ ਰੋਸ ਮੁਜ਼ਾਹਰਾ
Friday, Nov 27, 2020 - 01:23 PM (IST)
ਜਲੰਧਰ— 'ਫਾਸ਼ੀ ਹਮਲਿਆਂ ਵਿਰੋਧੀ ਫਰੰਟ' 'ਚ ਸ਼ਾਮਲ ਪਾਰਟੀਆਂ ਵੱਲੋਂ ਮੋਦੀ ਦੇ ਖੇਤੀ ਨਾਲ ਸਬੰਧਤ ਕਿਸਾਨ-ਖ਼ਪਤਕਾਰ ਵਿਰੋਧੀ, ਲੋਕ ਮਾਰੂ ਕਾਲੇ ਕਾਨੂੰਨਾਂ ਖ਼ਿਲਾਫ਼ ਲੋਕ ਯੁੱਧ ਦਾ ਰੂਪ ਅਖਤਿਆਰ ਕਰ ਗਏ ਦੇਸ਼ ਵਿਆਪੀ ਕਿਸਾਨ ਸੰਘਰਸ਼ ਦੀ ਹਿਮਾਇਤ 'ਚ 29 ਨਵੰਬਰ ਨੂੰ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਇਕ ਵਿਸ਼ਾਲ ਕਨਵੈਨਸ਼ਨ ਕੀਤੀ ਜਾਵੇਗੀ।
ਕਨਵੈਨਸ਼ਨ ਵੱਲੋਂ ਸੂਬਾ ਵਾਸੀਆਂ ਨੂੰ ਧਰਤੀ ਪੁੱਤਰ ਕਿਸਾਨਾਂ-ਮਜ਼ਦੂਰਾਂ ਦੇ ਘੋਲ 'ਚ ਪਰਿਵਾਰਾਂ ਸਮੇਤ ਨਿਤਰਣ ਅਤੇ ਘੋਲ ਨੂੰ ਜਿੱਤ ਤੱਕ ਪੁਚਾਉਣ ਲਈ ਦਿਲੋਂ ਸਹਿਯੋਗ ਕਰਨ ਦਾ ਹਲੂਣਾ ਦਿੱਤਾ ਜਾਵੇਗਾ। ਮੋਦੀ ਸਰਕਾਰ ਦੀ ਹੱਕੀ ਕਿਸਾਨ ਘੋਲ ਪ੍ਰਤੀ ਅਪਣਾਈ ਗਈ ਹਠਧਰਮੀ, ਜਾਬਰ ਹਥਕੰਡਿਆਂ ਅਤੇ ਘੋਲ ਨੂੰ ਸਾਬੋਤਾਜ ਕਰਨ ਦੀਆਂ ਕੁਚਾਲਾਂ ਵਿਰੁੱਧ ਸ਼ਹਿਰ 'ਚ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਆਏ ਰਾਜਾ ਵੜਿੰਗ ਨੇ ਡਾ. ਧਰਮਵੀਰ ਗਾਂਧੀ ਦੀ ਪੋਸਟ ਨੂੰ ਕੀਤਾ ਨਕਲ, ਹੋਏ ਟਰੋਲ
ਇਹ ਜਾਣਕਾਰੀ ਆਰ. ਐੱਮ. ਪੀ. ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਅੱਜ ਇਥੋਂ, ਸੀ. ਪੀ. ਆਈ. ਦੇ ਸੂਬਾ ਸਕੱਤਰ ਸਾਥੀ ਬੰਤ ਬਰਾੜ, ਆਰ. ਐੱਮ. ਪੀ. ਆਈ. ਦੇ ਐਕਟਿੰਗ ਸੂਬਾ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ, ਸੀਪੀਆਈ (ਐੱਮ. ਐੱਲ) ਨਿਊ ਡੈਮੋਕਰੇਸੀ ਦੇ ਸੀਨੀਅਰ ਆਗੂ ਸਾਥੀ ਅਜਮੇਰ ਸਿੰਘ ਸਮਰਾ, ਸੀ. ਪੀ. ਆਈ (ਐੱਮ. ਐੱਲ) ਲਿਬਰੇਸ਼ਨ ਦੇ ਸੂਬਾ ਸਕੱਤਰ ਸਾਥੀ ਗੁਰਮੀਤ ਸਿੰਘ ਬਖਤਪੁਰ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਸਕੱਤਰ ਸਾਥੀ ਕਮਲਜੀਤ ਖੰਨਾ, ਲੋਕ ਸੰਗਰਾਮ ਮੋਰਚਾ ਦੇ ਸੂਬਾ ਪ੍ਰਧਾਨ ਸਾਥੀ ਤਾਰਾ ਸਿੰਘ ਮੋਗਾ, ਐੱਮ. ਸੀ. ਪੀ. ਆਈ. ਯੂ. ਦੇ ਪੋਲਿਟ ਬਿਊਰੋ ਮੈਂਬਰ ਸਾਥੀ ਕਿਰਨਜੀਤ ਸੇਖੋਂ, ਇਨਕਲਾਬੀ ਜਮਹੂਰੀ ਮੋਰਚਾ ਦੇ ਸੂਬਾ ਪ੍ਰਧਾਨ ਸਾਥੀ ਨਰਿੰਦਰ ਕੁਮਾਰ ਨਿੰਦੀ ਵੱਲੋਂ ਜਾਰੀ ਇਕ ਬਿਆਨ ਰਾਹੀਂ ਦਿੱਤੀ।
ਇਹ ਵੀ ਪੜ੍ਹੋ: ਫਗਵਾੜਾ: ਮਾਤਾ ਵੈਸ਼ਨੋ ਦੇਵੀ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ
ਆਗੂਆਂ ਨੇ ਕਿਹਾ ਕਿ ਬਹੁ ਕੌਮੀ ਕਾਰਪੋਰੇਸ਼ਨਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਲਈ ਪੱਬਾਂ ਭਾਰ ਹੋਈ ਮੋਦੀ ਸਰਕਾਰ ਸੋਚਣ ਸਮਝਣ ਦੀ ਸਮਰੱਥਾ ਗੁਆ ਚੁੱਕੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੋਦੀ ਸਰਕਾਰ ਅੱਗ ਨਾਲ ਖੇਡਣਾ ਬੰਦ ਕਰੇ ਲੋਕ ਰਾਇ ਦੀ ਕਦਰ ਕਰਦਿਆਂ ਖੇਤੀ-ਕਾਰੋਬਾਰਾਂ ਨੂੰ ਤਬਾਹ ਕਰਨ ਵਾਲੇ ਕਾਲੇ ਕਾਨੂੰਨਾਂ ਰੱਦ ਕਰੇ।
ਇਹ ਵੀ ਪੜ੍ਹੋ: ਪੰਜਾਬ ਪੁਲਸ ਅਧਿਕਾਰੀ ਦੇ ਇਸ ਵਿਆਹ ਦੀ ਹੋਈ ਚਾਰੋਂ ਪਾਸੇ ਚਰਚਾ, ਪੇਸ਼ ਕੀਤੀ ਅਨੋਖੀ ਮਿਸਾਲ
ਫਰੰਟ ਦੇ ਆਗੂਆਂ ਨੇ ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ ਅਤੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਵੱਲੋਂ ਦਿੱਲੀ ਵੱਲ ਨੂੰ ਕੂਚ ਕਰ ਰਹੇ ਕਿਸਾਨਾਂ 'ਤੇ ਢਾਹੇ ਜਾ ਰਹੇ ਜ਼ੁਲਮ ਅਤੇ ਉਨ੍ਹਾਂ ਨੂੰ ਦਿੱਲੀ 'ਚ ਦਾਖ਼ਲ ਹੋਣ ਤੋਂ ਰੋਕਣ ਦੇ ਜਮਹੂਰੀਅਤ ਵਿਰੋਧੀ, ਭੜਕਾਊ ਕਦਮਾਂ ਦੀ ਜੋਰਦਾਰ ਨਿਖੇਧੀ ਕਰਦੇ ਸਮੂਹ ਦੇਸ਼ ਵਾਸੀਆਂ ਨੂੰ ਇਸ ਪਹੁੰਚ ਦੀ ਡਟਵੀਂ ਨਿੰਦਾ ਕਰਨ ਅਤੇ ਮੁਜ਼ਾਹਮਤ ਉਸਾਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰਾਂ ਬਾਜ਼ਾਬਤਾ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਇਉਂ ਵਿਵਹਾਰ ਕਰ ਰਹੀਆਂ ਹਨ ਜਿਵੇਂ ਕਿਸਾਨ ਭਾਰਤ ਦੇ ਨਾਗਰਿਕ ਨਾ ਹੋਕੇ ਘੁਸਪੈਠੀਏ ਹੋਣ। ਆਗੂਆਂ ਨੇ ਸਮੂੰਹ ਇਨਸਾਫ਼ ਪਸੰਦ, ਪ੍ਰਗਤੀਸ਼ੀਲ ਅਤੇ ਸੰਗਰਾਮੀ ਧਿਰਾਂ ਨੂੰ ਉਕਤ ਰੋਸ ਐਕਸ਼ਨ 'ਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।
ਇਹ ਵੀ ਪੜ੍ਹੋ: ਕਿਸਾਨਾਂ ਨੂੰ ਹਰਿਆਣਾ ਸਰਹੱਦ 'ਤੇ ਰੋਕੇ ਜਾਣ ਨੂੰ ਲੈ ਕੇ ਕੈਪਟਨ ਦੀ ਖੱਟੜ ਨੂੰ ਖ਼ਾਸ ਅਪੀਲ