ਕੈਂਸਰ ਵੰਡ ਰਹੀ ਕਾਲਾ ਸੰਘਿਆਂ ਡਰੇਨ ਨੂੰ ਲੈ ਕੇ ਖੁੱਲ੍ਹਿਆ ਮੋਰਚਾ, ਜਲੰਧਰ-ਕਪੂਰਥਲਾ ਮੁੱਖ ਮਾਰਗ 'ਤੇ ਲਾਇਆ ਜਾਮ

Wednesday, Sep 14, 2022 - 01:50 PM (IST)

ਕੈਂਸਰ ਵੰਡ ਰਹੀ ਕਾਲਾ ਸੰਘਿਆਂ ਡਰੇਨ ਨੂੰ ਲੈ ਕੇ ਖੁੱਲ੍ਹਿਆ ਮੋਰਚਾ, ਜਲੰਧਰ-ਕਪੂਰਥਲਾ ਮੁੱਖ ਮਾਰਗ 'ਤੇ ਲਾਇਆ ਜਾਮ

ਕਾਲਾ ਸੰਘਿਆਂ (ਨਿੱਝਰ)- ਦੋਨਾ ਇਲਾਕੇ ਦੇ ਜ਼ਿਲ੍ਹਾ ਜਲੰਧਰ ਅਤੇ ਕਪੂਰਥਲਾ ਵਿਚੋਂ ਲੰਘਦੀ ਮਾਨਵਤਾ ਲਈ ਕਲੰਕ ਦਾ ਰੂਪ ਧਾਰਨ ਕਰ ਚੁੱਕੀ ਬੇਹੱਦ ਦੂਸ਼ਿਤ ਕਾਲਾ ਸੰਘਿਆਂ ਡਰੇਨ ਦਾ ਪਾਣੀ ਲੋਕਾਂ ਨੂੰ ਲਾਇਲਾਜ ਕੈਂਸਰ ਵਰਗੀਆਂ ਬੀਮਾਰੀਆਂ ਦੀ ਲਪੇਟ ਵਿਚ ਲੈ ਰਿਹਾ ਹੈ। ਲੋਕ ਇਲਾਜ ਖੁਣੋਂ ਮਰ ਰਹੇ ਹਨ, ਪੈਸਾ ਵੀ ਜਾ ਰਿਹਾ ਅਤੇ ਬੰਦੇ ਵੀ ਪਰ ਸਰਕਾਰਾਂ ਅਤੇ ਸਿਆਸਤਦਾਨਾਂ ਨੇ ਚੁੱਪੀ ਧਾਰੀ ਹੋਈ ਹੈ। ਹੁਣ ਲੋਕ ਇਸ ਸਰਕਾਰੀ ਚੁੱਪੀ ਦੇ ਵਿਰੋਧ ਵਿਚ ਜਾਗਣ ਲੱਗੇ ਹਨ ਅਤੇ ਐਕਸ਼ਨ ਕਮੇਟੀ ਵੱਲੋਂ ਵੱਡਾ ਉਪਰਾਲਾ ਕਰਕੇ ਲੋਕਾਂ ਨੂੰ ਵੱਡੇ ਸੰਘਰਸ਼ ਲਈ ਤਿਆਰ ਕੀਤਾ ਗਿਆ ਸੀ। ਇਸੇ ਦੇ ਮੱਦੇਨਜ਼ਰ ਅੱਜ ਜਲੰਧਰ-ਕਪੂਰਥਲਾ ਮੁੱਖ ਮਾਰਗ ’ਤੇ ਡਰੇਨ ’ਤੇ ਪੈਂਦੀ ਵਰਿਆਣਾ ਪੁਲੀ (ਨੇੜੇ ਹੁੰਡਾਈ ਮੋਟਰਸ) ਕੋਲ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਹੈ, ਜੋਕਿ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ 4 ਵਜੇ ਤੱਕ ਜਾਰੀ ਰਹੇਗਾ। ਉਥੇ ਹੀ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਸਾਬ, ਅਸੀਂ ਇਸ ਕਾਲੀ ਡਰੇਨ ਦੇ ਪੀੜਤ ਲੋਕ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਜਿਵੇਂ ਆਪ ਜੀ ਨੇ ਪਵਿੱਤਰ ਕਾਲੀ ਵੇਈਂ ਦਾ ਪਾਣੀ ਪੀਤਾ ਸੀ, ਉਵੇਂ ਹੀ ਸਾਡੇ 'ਤੇ ਤਰਸ ਕਰੋ ਅਤੇ ਇਸ ਕਾਲੀ ਨਹਿਰ ਨੂੰ ਸਾਫ਼ ਕਰਨ ਦੀ ਖੇਚਲ ਕਰੋ। ਅਸੀਂ ਉਮੀਦ ਕਰਦੇ ਹਾਂ ਕਿ ਇਕ ਦਿਨ ਤੁਸੀਂ ਸਾਡੇ ਕੋਲ ਆਓਗੇ ਤੇ ਇਸ ਕਾਲਾ ਸੰਘਿਆਂ ਡਰੇਨ ਦੇ ਸਾਫ਼ ਕੀਤੇ ਪਾਣੀ ਵਿਚੋਂ ਵੀ ਗਿਲਾਸ ਭਰ ਕੇ ਪੀਓਗੇ। 

PunjabKesari

ਮੀਂਹ ਤੇ ਸੇਮ ਦੇ ਪਾਣੀ ਲਈ ਮਾਸਟਰ ਗੁਰਬੰਤਾ ਸਿੰਘ ਨੇ ਖੁਦਵਾਈ ਸੀ ਇਹ ਨਹਿਰ
ਦੱਸਣਯੋਗ ਹੈ ਕਿ ਜ਼ਿਲ੍ਹਾ ਜਲੰਧਰ ਦੇ ਪ੍ਰਸ਼ਾਸ਼ਨ ਵੱਲੋਂ ਇਹ ਡਰੇਨ ਸੇਮ ਤੋਂ ਇਲਾਕੇ ਨੂੰ ਬਚਾਉਣ ਅਤੇ ਬਾਰਿਸ਼ਾਂ ਦਾ ਪਾਣੀ ਇਸ ’ਚ ਪਾਉਣ ਲਈ ਤੱਤਕਾਲੀਨ ਖੇਤੀਬਾੜੀ ਮੰਤਰੀ ਮਰਹੂਮ ਮਾਸਟਰ ਗੁਰਬੰਤਾ ਸਿੰਘ ਦੇ ਸਮੇਂ ’ਚ ਕੱਢੀ ਗਈ ਦੱਸੀ ਜਾਂਦੀ ਹੈ, ਜਿਸ ਸਬੰਧੀ ਬਾਕਾਇਦਾ 2011 ਦੇ ਨੇੜੇ ਜਦ ਇਸ ਡਰੇਨ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਦੀ ਅਗਵਾਈ ’ਚ ਦੂਸਰੀ ਵਾਰ ਬੰਨ੍ਹ ਲਾਇਆ ਗਿਆ ਸੀ ਤਾਂ ਉਸ ਸਮੇਂ ਮਾਸਟਰ ਗੁਰਬੰਤਾ ਸਿੰਘ ਦੇ ਸਪੁੱਤਰ ਅਤੇ ਪੰਜਾਬ ਦੇ ਵੱਡੀ ਕਤਾਰ ਦੇ ਕਾਂਗਰਸੀ ਆਗੂ ਚੌਧਰੀ ਜਗਜੀਤ ਸਿੰਘ ਨੇ ਦੱਸਿਆ ਸੀ ਕਿ ਇਹ ਸੇਮ ਨਾਲਾ ਮਾਸਟਰ ਗੁਰਬੰਤਾ ਸਿੰਘ ਦੇ ਯਤਨਾਂ ਨਾਲ ਬਣਾਇਆ ਗਿਆ ਸੀ ਪਰ ਸਮੇਂ ਦੀ ਐਸੀ ਚਾਲ ਚੱਲੀ ਕਿ ਸ਼ਹਿਰਾਂ ਅਤੇ ਫੈਕਟਰੀਆਂ ਦਾ ਗੰਦਾ ਪਾਣੀ ਇਸ ਨਹਿਰ ’ਚ ਪੈਣ ਨਾਲ ਇਸ ਦਾ ਰੂਪ ਹੀ ਵਿਗੜ ਗਿਆ ਤੇ ਇਹ ਡਰੇਨ ਫ਼ਾਇਦੇ ਦੀ ਬਜਾਏ ਲੋਕਾਂ ਦਾ ਨੁਕਸਾਨ ਕਰਨ ਲੱਗ ਪਈ।

PunjabKesari

ਕੁਝ ਮਹੱਤਵਪੂਰਨ ਜਾਣਕਾਰੀ ਕਾਲਾ ਸੰਘਿਆਂ ਡਰੇਨ ਸਬੰਧੀ
ਇਹ ਡਰੇਨ, ਜਿਸ ਦਾ ਨਾਂ ਕਾਲਾ ਸੰਘਿਆਂ ਡਰੇਨ ਰੱਖਿਆ ਗਿਆ ਹੈ, ਦਾ ਕਾਲਾ ਸੰਘਿਆਂ ਪਿੰਡ ਨਾਲ ਕੋਈ ਸਬੰਧ ਨਹੀਂ ਹੈ ਅਤੇ ਇਹ ਡਰੇਨ ਕਾਲਾ ਸੰਘਿਆਂ ਤੋਂ ਤਕਰੀਬਨ 3 ਕਿਲੋਮੀਟਰ ਬਾਹਰ ਦੀ ਲੰਘਦੀ ਹੈ, ਜਿਸ ਦਾ ਕਈ ਵਾਰ ਕਾਲਾ ਸੰਘਿਆਂ ਦੇ ਲੋਕ ਵਿਰੋਧ ਕਰਦੇ ਹੋਏ ਨਜ਼ਰ ਵੀ ਆਏ ਕਿ ਕਾਲਾ ਸੰਘਿਆਂ ਦਾ ਨਾਂ ਕਿਉਂ ਬਦਨਾਮ ਕੀਤਾ ਜਾ ਰਿਹਾ ਹੈ? 

ਜ਼ਿਕਰਯੋਗ ਹੈ ਕਿ ਇਹ ਡਰੇਨ ਪਿੰਡ ਬੁਲੰਦਪੁਰ ਜ਼ਿਲ੍ਹਾ ਜਲੰਧਰ ਤੋਂ ਸ਼ੁਰੂ ਹੁੰਦੀ ਹੈ, ਜੋ ਕਿ ਤਕਰੀਬਨ 45 ਕਿਲੋਮੀਟਰ ਦਾ ਫ਼ਾਸਲਾ ਤੈਅ ਕਰਦੀ ਹੈ, ਜੋ ਕਿ ਜਲੰਧਰ ਸ਼ਹਿਰ ਦੇ ਪਿੰਡ ਗਦਈਪੁਰ, ਫੋਕਲ ਪੁਆਇੰਟ, ਕਾਲੀਆ ਕਾਲੋਨੀ, ਸੰਜੇ ਗਾਂਧੀ ਕਾਲੋਨੀ, ਸੇਠ ਹੁਕਮ ਚੰਦ ਕਾਲੋਨੀ, ਸੂਰੀਆ ਬਿਹਾਰ, ਬਸਤੀ ਪੀਰਦਾਦ ਸਮੇਤ ਵੱਖ-ਵੱਖ ਖੇਤਰਾਂ ’ਚੋਂ ਲੰਘਦੀ ਹੋਈ ਅੱਗੋਂ ਪਿੰਡਾਂ ਦੇ ਵਿਚਦੀ ਇਹ ਡਰੇਨ ਪਿੰਡ ਵਰਿਆਣਾ ਦੇ ਨੇਡ਼ਿਓਂ ਅੱਗੋਂ ਸੰਗਲ ਸੋਹਲ, ਗਾਜੀਪੁਰ, ਚਮਿਆਰਾ, ਕੋਹਾਲਾ, ਅਠੌਲਾ, ਸੁਖਾਨੀ, ਭੇਟਾਂ, ਬਲੇਰਖਾਨਪੁਰ, ਸੁੰਨੜ ਵਾਲ, ਚੱਕ ਦੋਨਾ , ਬਡਿਆਲਾਂ, ਖੁਸਰੋਪੁਰ, ਆਧੀ, ਬਿੱਲੀ ਬੜੈਚ ਅਤੇ ਫਤਿਹਪੁਰ ਦੋਨਾ ਆਦਿ ਪਿੰਡਾਂ ਦੇ ਨੇੜਿਓਂ ਦੀ ਲੰਘ ਕੇ ਅੱਗੋਂ ਮਲਸੀਆਂ ਨੇੜਿਓਂ ਚਿੱਟੀ ਵੇਈਂ ’ਚ ਪੈ ਜਾਂਦੀ ਹੈ, ਜੋ ਅੱਗੇ ਗਿੱਦੜਪਿੰਡੀ ਕੋਲੋਂ ਸਤਲੁਜ ਦਰਿਆ ਵਿਚ ਪੈ ਕੇ ਮਾਲਵੇ ਤੋਂ ਅੱਗੇ ਰਾਜਸਥਾਨ ਤੱਕ ਪਾਣੀ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸ਼ਹਿਰਾਂ ਦੇ ਨਾਲ- ਨਾਲ ਇਹ ਡਰੇਨ ਤਕਰੀਬਨ ਸੈਂਕੜੇ ਪਿੰਡਾਂ ਨੂੰ ਆਪਣੇ ਮਾਰੂ ਪ੍ਰਭਾਵਾਂ ਨਾਲ ਪ੍ਰਭਾਵਤ ਕਰਦੀ ਹੈ ਤੇ ਇਸ ਡਰੇਨ ਦੀ ਗੰਦਗੀ ਕਾਰਨ ਪੈਦਾ ਹੁੰਦੀ ਬਦਬੂ ਦਾ ਦੋ-ਦੋ, ਤਿੰਨ-ਤਿੰਨ ਕਿਲੋਮੀਟਰ ਦੋਨੋਂ ਪਾਸੇ ਡਰੇਨ 0ਤੇ ਅਸਰ ਪੈਂਦਾ ਹੈ ਅਤੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ: ਪੰਜਾਬ 'ਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਨੂੰ ਲੈ ਕੇ ਬਿਜਲੀ ਮੰਤਰੀ ਹਰਭਜਨ ਸਿੰਘ ਤੋਂ ਜਾਣੋ ਕੀ ਹੈ ਪਾਲਿਸੀ

PunjabKesari

ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ’ਚ ਮਾਰਿਆ ਜਾ ਚੁੱਕਾ 2 ਵਾਰ ਬੰਨ
ਜ਼ਿਕਰਯੋਗ ਹੈ ਕਿ ਇਸ ਡਰੇਨ ਨੂੰ ਬੰਦ ਕਰਵਾਉਣ ਜਾਂ ਇਸ ਦੇ ਪਲੀਤ ਪਾਣੀਆਂ ਨੂੰ ਸਾਫ਼ ਕਰਨ ਲਈ 1990 ਤੋਂ ਬੇਸ਼ੱਕ ਛੋਟੇ-ਮੋਟੇ ਯਤਨ ਚਲਦੇ ਰਹੇ ਹਨ ਤੇ ਮਾਣਯੋਗ ਅਦਾਲਤਾਂ ਵਿਚ ਵੀ ਕੇਸ ਚਲਦੇ ਰਹੇ ਹਨ ਪਰ ਵਧੇਰੇ ਕਰ ਕੇ ਇਸ ਮਾਮਲੇ ਨੇ 2008 ਵਿਚ ਜ਼ਿਆਦਾ ਤੂਲ ਉਸ ਵਕਤ ਵਿਚ ਫੜਿਆ, ਜਦ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਨੇ ਇਸ ਡਰੇਨ ਦੀ ਸਫਾਈ ਦਾ ਜ਼ਿੰਮਾ ਆਪਣੇ ਹੱਥ ਲੈ ਕੇ ਯਤਨ ਅਰੰਭਣੇ ਸ਼ੁਰੂ ਕੀਤੇ। ਸਮਾਜ ਸੇਵੀ ਸੰਸਥਾ ਅਕਾਦਮੀ ਆਫ ਪੰਜਾਬੀ ਪੀਪਲਜ਼ ਦੇ ਸਰਪ੍ਰਸਤ ਬਾਬਾ ਬਲਦੇਵ ਕ੍ਰਿਸ਼ਨ ਸਿੰਘ ਗਿੱਲਾਂ ਵਾਲਿਆਂ ਦੀ ਪਹਿਲਕਦਮੀ ਉੱਤੇ ਗੁਰਦੁਆਰਾ ਬਾਬੇ ਦੀ ਮੇਹਰ ਕੁਟੀਆ ਪਿੰਡ ਗਿੱਲਾਂ ਵਿਖੇ ਸਭ ਤੋਂ ਪਹਿਲਾਂ ਸੰਤ ਸੀਚੇਵਾਲ ਵਾਲਿਆਂ ਦੀ ਅਗਵਾਈ ਵਿਚ ਵੱਡਾ ਇਕੱਠ ਰੱਖਿਆ ਗਿਆ, ਜਿਸ ਦੌਰਾਨ ਇਲਾਕੇ ਭਰ ਦੇ ਵਿੱਚ ਲੋਕਾਂ ਨੂੰ ਲਾਮਬੰਦ ਕਰਕੇ ਇਸ ਡਰੇਨ ਦੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ , ਜਿਸ ਉਪਰੰਤ ਪਹਿਲਾਂ 22 ਫਰਵਰੀ 2008 ਨੂੰ ਪਹਿਲੀ ਵਾਰ ਸੰਕੇਤਕ ਬੰਨ੍ਹ ਇਸ ਡਰੇਨ ਨੂੰ ਪਿੰਡ ਨਾਹਲਾਂ (ਨੇੜੇ ਲੈਦਰ ਕੰਪਲੈਕਸ ਜਲੰਧਰ) ਦੇ ਕੋਲ ਮਾਰਿਆ ਗਿਆ ਅਤੇ ਦੂਜੀ ਵਾਰ ਫਿਰ ਤਕਰੀਬਨ ਤਿੰਨ ਸਾਲ ਬਾਅਦ 18 ਮਈ 2011 ਨੂੰ ਨਾਹਲਾਂ ਨੇੜੇ ਹੀ ਉਸੇ ਸਥਾਨ ਉੱਤੇ ਹੀ ਲੈਦਰ ਕੰਪਲੈਕਸ ਜਲੰਧਰ ਦੇ ਨੇੜੇ ਦੂਸਰੀ ਵਾਰ ਸੰਕੇਤਕ ਬੰਨ੍ਹ ਮਾਰ ਕੇ ਪ੍ਰਸ਼ਾਸਨ ਦਾ ਧਿਆਨ ਇਸ ਗੰਭੀਰ ਮਾਮਲੇ ਵੱਲ ਖਿੱਚਿਆ ਗਿਆ, ਜਿਸ ਕਾਰਨ ਸਰਕਾਰਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ।

PunjabKesari

2 ਵਾਰ ਬੰਨ੍ਹ ਦੇ ਸੰਘਰਸ਼ਾਂ ਦਾ ਅਸਰ ਲੱਗਿਆ ਟਰੀਟਮੈਂਟ ਪਲਾਂਟ
ਲੋਕ ਸੰਘਰਸ਼ਾਂ ਦਾ ਅਤੇ 2008 ਅਤੇ 2011 ਦੇ ਵਿਚ ਡਰੇਨ ਨੂੰ ਮਾਰੇ ਬੰਨ੍ਹ ਦਾ ਅਸਰ ਇਹ ਹੋਇਆ ਕਿ ਮੌਕੇ ਦੀ ਸਰਕਾਰ ਵੱਲੋਂ ਕਰੀਬ 2014 ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਲੈਦਰ ਕੰਪਲੈਕਸ ਦੇ ਨੇੜੇ 50 ਐਮ.ਐਲ.ਡੀ. ਦਾ ਟਰੀਟਮੈਂਟ ਪਲਾਂਟ ਲਗਾਇਆ ਗਿਆ, ਜਿਸ ਦੇ ਚਲਦਿਆਂ ਬੇਸ਼ੱਕ ਥੋੜ੍ਹਾ ਬਹੁਤ ਪਾਣੀ ਟਰੀਟ ਕਰਕੇ ਇਸ ਡਰੇਨ ਵਿੱਚ ਪਾਇਆ ਜਾਣ ਲੱਗਾ ਪਰ ਪਾਣੀ ਦੀ ਸਮਰੱਥਾ ਵਧੇਰੇ ਹੋਣ ਕਾਰਨ ਫਿਰ ਵੀ ਇਹ ਪਲਾਂਟ ਚਿੱਟਾ ਹਾਥੀ ਹੀ ਸਾਬਤ ਹੋਇਆ ਤੇ ਇਸ ਜ਼ਹਿਰੀਲੇ ਪਾਣੀ , ਜਿਸ ਵਿਚ ਰਸਾਇਣਕ ਯੁਕਤ ਉਦਯੋਗਿਕ ਗੰਦਾ ਪਾਣੀ ਪੈਂਦਾ ਹੈ ਨੇ ਵਾਤਾਵਰਨ ਨੂੰ ਚਾਰੇ ਪਾਸੇ ਪ੍ਰਭਾਵਿਤ ਕੀਤਾ ਹੋਇਆ ਹੈ ਤੇ ਮਨੁੱਖਤਾ ਦੇ ਨਾਲ ਹੀ ਸਿੰਚਾਈ ਦੇ ਕਾਰਨ ਫ਼ਸਲ, ਫਲ, ਸਬਜ਼ੀਆਂ ਸਭ ਪ੍ਰਭਾਵਿਤ ਹੋ ਰਹੇ ਹਨ।

15 ਐੱਮ. ਐੱਲ. ਡੀ. ਦਾ ਟਰੀਟਮੈਂਟ ਪਲਾਂਟ ਹੋਰ ਲੱਗੇਗਾ : ਸੰਤ ਸੀਚੇਵਾਲ
ਇਸੇ ਦੌਰਾਨ ਬੀਤੇ ਦਿਨੀਂ ਇਲਾਕੇ ਦੇ ਪ੍ਰਭਾਵਿਤ ਲੋਕਾਂ ਵੱਲੋਂ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ 50 ਐੱਮ. ਐੱਲ. ਡੀ. ਪਲਾਂਟ ਦੇ ਨੇੜੇ ਹੀ ਇੱਕ ਹੋਰ 15 ਐੱਮ. ਐੱਲ. ਡੀ. ਦਾ ਟਰੀਟਮੈਂਟ ਪਲਾਂਟ ਜਲਦ ਸਰਕਾਰ ਵੱਲੋਂ ਲਾਇਆ ਜਾ ਰਿਹਾ ਹੈ ਤਾਂ ਜੋ ਪਾਣੀ ਨੂੰ ਸੋਧ ਕੇ ਅੱਗੋਂ ਖੇਤੀ ਲਈ ਵਰਤੋਂ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਡਰੇਨ ਤੋਂ ਪਾਈਪ ਪਾ ਕੇ ਆਲ਼ੇ-ਦੁਆਲੇ ਸੋਧੇ ਹੋਏ ਪਾਣੀ ਨੂੰ ਖੇਤੀ ਲਈ ਵਰਤੋਂ ਕਰਨ ਦੇ ਪ੍ਰੋਗਰਾਮ ਵੀ ਉਲੀਕੇ ਜਾ ਰਹੇ ਹਨ ਜਨ੍ਹਿਾਂ ਦੇ ਉੱਤੇ ਬਹੁਤ ਜਲਦ ਕਾਰਵਾਈ ਹੋਵੇਗੀ ਤੇ ਬਹੁਤ ਸਾਰਾ ਪਾਣੀ ਜਲੰਧਰ ਨੇੜਲੇ ਪਿੰਡਾਂ ਵਿੱਚ ਵੀ ਖੇਤੀ ਲਈ ਵਰਤਿਆ ਜਾਣ ਲੱਗਣ ਲੱਗ ਪਵੇਗਾ, ਜਿਸ ਨਾਲ ਇਸ ਸਮੱਸਿਆ ਦਾ ਵੱਡਾ ਹੱਲ ਹੋ ਸਕਦਾ ਹੈ।

ਇਹ ਵੀ ਪੜ੍ਹੋ: ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ SJF ਦਾ ਅੱਤਵਾਦੀ ਪੰਨੂ, ਹੁਣ ਕੈਨੇਡਾ ਦੇ ਬਰੈਂਪਟਨ ’ਚ ਰੈਫਰੈਂਡਮ ਦੀ ਤਿਆਰੀ

PunjabKesari

ਸੰਘਰਸ਼ ਨੂੰ ਤਿੱਖਾ ਕਰਨ ਲਈ ਡਰੇਨ ਐਕਸ਼ਨ ਕਮੇਟੀ ਦਾ ਗਠਨ
ਕਾਲਾ ਸੰਘਿਆਂ ਡਰੇਨ, ਜ਼ੋਕਿ ਕੈਂਸਰ ਰੂਪੀ ਡਰੇਨ ਸਿੱਧ ਹੋ ਰਹੀ ਹੈ ਦੇ ਮਾਰੂ ਪ੍ਰਭਾਵਾਂ ਤੋਂ ਅੱਕੇ ਹੋਏ ਇਲਾਕੇ ਦੇ ਲੋਕਾਂ ਵੱਲੋਂ ਇਕ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦਾ ਸਮੁੱਚਾ ਉਪਰਾਲਾ ਕੁਲਦੀਪ ਸਿੰਘ ਕੇਸਰਪੁਰ ਵਾਤਾਵਰਨ ਪ੍ਰੇਮੀ ਵੱਲੋਂ ਕੀਤਾ ਗਿਆ ਹੈ। ਇਸ ਐਕਸ਼ਨ ਕਮੇਟੀ ਵੱਲੋਂ ਜ਼ਿਲ੍ਹਾ ਜਲੰਧਰ ਅਤੇ ਜ਼ਿਲ੍ਹਾ ਕਪੂਰਥਲਾ ਦੇ ਡਿਪਟੀ ਕਮਿਸ਼ਨਰਾਂ ਦੇ ਨਾਲ-ਨਾਲ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਨੂੰ ਮੰਗ ਪੱਤਰ ਦੇ ਕੇ ਇਸ ਡਰੇਨ ਦੇ ਗੰਦੇ ਪਾਣੀਆਂ ਤੋਂ ਨਿਜਾਤ ਦਿਵਾਉਣ ਦੀ ਪੁਰਜ਼ੋਰ ਅਪੀਲ ਕੀਤੀ ਗਈ ਹੈ ਤਾਂ ਜੋ ਲੋਕ ਗੰਭੀਰ ਬੀਮਾਰੀਆਂ ਤੋਂ ਬਚ ਸਕਣ।

ਰੋਸ ਧਰਨੇ ਨੂੰ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਸਮਰਥਨ ਦੇਣ ਦਾ ਐਲਾਨ
ਡਰੇਨ ਐਕਸ਼ਨ ਕਮੇਟੀ ਵੱਲੋਂ ਮਿੱਥੇ ਗਏ ਸੰਘਰਸ਼ ਦੇ ਪ੍ਰੋਗਰਾਮ ਨੂੰ ਸੰਯੁਕਤ ਕਿਸਾਨ ਮੋਰਚੇ ਦੀਆਂ ਕਿਸਾਨ ਜਥੇਬੰਦੀਆਂ ਜਿਨ੍ਹਾਂ ਦੇ ਵਿਚ ਭਾਕਿਯੂ ਡਕੌਂਦਾ, ਭਾਕਿਯੂ ਰਾਜੇਵਾਲ, ਭਾਕਿਯੂ ਲੱਖੋਵਾਲ,ਭਾਕਿਯੂ ਕਾਦੀਆਂ, ਕਿਸਾਨ ਸੰਘਰਸ਼ ਕਮੇਟੀ, ਦੋਆਬਾ ਸੰਘਰਸ਼ ਕਮੇਟੀ, ਕਿਰਤੀ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਪੰਜਾਬ, ਭਾਈ ਨੱਥਾ ਜੀ ਭਾਈ ਅਬਦੁੱਲਾ ਜੀ ਢਾਡੀ ਸਭਾ, ਫ਼ਰਜ਼ ਸੇਵਾ ਸੁਸਾਇਟੀ, ਸਾਹਿਬਜ਼ਾਦਾ ਅਜੀਤ ਸਿੰਘ ਗੱਤਕਾ ਅਖਾੜਾ , ਅਕਾਦਮੀ ਆਫ ਪੰਜਾਬੀ ਪੀਪਲਜ਼ ,ਸਿਰਜਣਾ ਕੇਂਦਰ ਕਪੂਰਥਲਾ, ਪੰਜਾਬੀ ਸੱਥ ਲਾਂਬੜਾ, ਧਰਤ ਸੁਹਾਵੀ ਸਮੇਤ ਕਈ ਹੋਰ ਸੰਸਥਾਵਾਂ ਵੱਲੋਂ ਮਾਨਵਤਾ ਦੇ ਹਿੱਤ ਵਿੱਚ ਉਲੀਕੇ ਗਏ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਪੂਰਨ ਸਹਿਯੋਗ ਦੇਣ ਦਾ ਪ੍ਰਣ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਜਲੰਧਰ ਵਿਖੇ ਚਰਚ 'ਚ 4 ਸਾਲਾ ਬੱਚੀ ਦੀ ਮੌਤ ਹੋਣ 'ਤੇ ਹੰਗਾਮਾ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News