ਫ਼ੋਕੀ ਸ਼ੌਹਰਤ ਵਾਲੇ ਲੋਕ ਪੰਜਾਬ ਦੇ ਵਿਰਸੇ ਨੂੰ ਕਰ ਰਹੇ ਨੇ ਕਲੰਕਿਤ - ਬਘਿਆੜੀ

12/16/2017 11:25:24 AM


ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਮੌਜ਼ੂਦਾ ਸਮੇਂ 'ਚ ਜਿਥੇ ਸਮਾਜ ਤਰੱਕੀ, ਉਨਤੀ ਅਤੇ ਵਿਕਾਸ ਦੀਆਂ ਮੰਜ਼ਿਲਾਂ ਵੱਲ ਵੱਧ ਰਿਹਾ ਹੈ ਉਥੇ ਕੁਝ ਲੋਕ ਫ਼ੋਕੀ ਸ਼ੌਹਰਤ ਅਤੇ ਰਾਤੋ ਰਾਤ ਅਮੀਰ ਬਨਣ ਦੀ ਆੜ ਹੇਠ ਅਸ਼ਲੀਲਤਾ ਦਾ ਸਹਾਰਾ ਲੈ ਕੇ ਸਾਫ਼ ਸੁਥਰੇ ਪੰਜਾਬ ਦੇ ਵਿਰਸੇ ਨੂੰ ਗੰਦਾ ਅਤੇ ਕਲੰਕਿਤ ਕਰ ਰਹੇ ਹਨ। ਇਹ ਪ੍ਰਗਟਾਵਾ ਫੋਕਲੋਰ ਰਿਸ਼ਰਚ ਅਕੈਦਮੀ ਅੰਮ੍ਰਿਤਸਰ ਦੇ ਮੀਤ ਪ੍ਰਧਾਨ 'ਤੇ ਉੱਘੇ ਸਮਾਜ ਸੇਵੀ ਗੁਰਜਿੰਦਰ ਸਿੰਘ ਬਘਿਆੜੀ ਨੇ ਕਰਦਿਆਂ ਕਿਹਾ ਕਿ ਪੰਜਾਬ ਦੇ ਅਮੀਰ ਸਭਿਆਚਾਰ ਅਤੇ ਸਭਿਆਤਾ ਨੂੰ ਖ਼ਤਮ ਕਰਨ ਲਈ ਕੁਝ ਫ਼ੁਕਰਪੁਣੇ ਦੇ ਆਦੀ ਲੋਕ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ। ਕੁਝ ਟੀ.ਵੀ. ਚੈਨਲਾਂ ਵੱਲੋਂ ਵੀ ਅਜਿਹੇ ਫ਼ੁਕਰੇ ਗਾਇਕਾਂ ਦੇ ਗੀਤਾਂ ਨੂੰ ਪੇਸ਼ ਕਰਕੇ ਪੰਜਾਬ ਦੇ ਸਾਫ਼ ਸੁਥਰੇ ਸਭਿਆਚਾਰ ਦਾ ਮੂੰਹ ਮੁੰਹਾਦਰਾ ਵਿਗਾੜਣ ਲਈ ਵੱਡੀ ਭੂਮਿਕਾ ਨਿਭਾਈ ਜਾ ਰਹੀ ਹੈ। ਬਘਿਆੜੀ ਨੇ ਕਿਹਾ ਕਿ ਹੈਰਾਨੀ ਉਸ ਵੇਲੇ ਹੁੰਦੀ ਹੈ ਜਦੋਂ ਅਜਿਹੇ ਗੀਤਾਂ ਦੇ ਬੋਲ ਕੰਨਾਂ 'ਚ ਪੈਂਦੇ ਹਨ ਜੋ ਐਨੇ ਘਟੀਆ ਮਿਆਰੀ ਹੁੰਦੇ ਹਨ ਕਿ ਪਰਿਵਾਰ 'ਚ ਬੈਠ ਕੇ ਸੁਨਣਾ ਤਾਂ ਦੂਰ ਦੀ ਗੱਲ ਇਕੱਲੇ ਸੁਣਦਿਆਂ ਵੀ ਸ਼ਰਮ ਮਹਿਸੂਸ ਹੁੰਦੀ ਹੈ। ਕਈ ਟੀ. ਵੀ. ਚੈਨਲਾਂ ਵੱਲੋਂ ਸਮਾਜ 'ਚ ਹਿੰਸਾ ਫੈਲਾਉਣ ਦੇ ਨਾਲ ਅਪਰਾਧਿਕ ਵਾਰਦਾਤਾਂ ਨੂੰ ਬੜਾਵਾ ਦੇਣ ਵਰਗੀ ਸਮਗਰੀ ਪਰੋਸੀ ਜਾ ਰਹੀ ਹੈ, ਜਿਸ ਨਾਲ ਸਮਾਜ 'ਚ ਆਰਜਿਤਾ ਤਾਂ ਪੈਦਾ ਹੋ ਹੀ ਰਹੀ ਹੈ ਨਾਲ ਹੀ ਹਿੰਸਕ ਘਟਨਾਵਾਂ 'ਚ ਵਾਧਾ ਕਰਾਉਣ 'ਚ ਵੀ ਅਜਿਹੇ ਟੀ.ਵੀ. ਚੈਨਲ ਆਪਣਾ ਨੈਗਟਿਵ ਪੱਖ ਨਿਭਾਅ ਰਹੇ ਹਨ। ਬਘਿਆੜੀ ਨੇ ਅਜਿਹੇ ਹਿੰਸਾਤਮਕ ਅਤੇ ਅਸ਼ਲੀਲ ਦ੍ਰਿਸ਼, ਗਾਣਿਆਂ ਨੂੰ ਬੰਦ ਕਰਨ ਦੀ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਤੋਂ ਮੰਗ ਕਰਦਿਆਂ ਕਿਹਾ ਕਿ ਅਜਿਹੀ ਸਮਗਰੀ ਨੂੰ ਰੋਕਣ ਲਈ ਇਕ ਵੱਖਰੇ ਸੈਂਸਰ ਦਾ ਗਠਨ ਕਰਨਾ ਬੇਹੱਦ ਜਰੂਰੀ ਹੈ। ਬੱਸਾਂ 'ਚ ਚੱਲਣ ਵਾਲੇ ਘਟੀਆ ਕਿਸਮ ਦੇ ਗੀਤਾਂ ਜਾਂ ਅਸ਼ਲੀਲਤਾ ਅਤੇ ਹਿੰਸਕ ਭੜਕਾਊ ਫਿਲਮਾਂ, ਸੀਰਅਲ ਆਦਿ ਬੰਦ ਨਾ ਕੀਤੇ ਗਏ ਫੋਕਲੋਰ ਰਿਸਰਚ ਅਕੈਦਮੀ ਵੱਲੋਂ ਇਸ ਦਾ ਜੋਰਦਾਰ ਵਿਰੋਧ ਕੀਤਾ ਜਾਵੇਗਾ। ਕੈਪਟਨ ਸਿੰਘ ਬਘਿਆੜੀ, ਜਸ਼ਨਦੀਪ ਸਿੰਘ ਬਘਿਆੜੀ, ਬਚਿੱਤਰ ਸਿੰਘ, ਗੁਰਵੇਲ ਸਿੰਘ ਅਚਿੰਤਕੋਟ ਆਦਿ ਹਾਜ਼ਰ ਸਨ।


Related News