ਪਵਿੱਤਰ ਨਗਰੀ ਰੇਲਵੇ ਸਟੇਸ਼ਨ ਦੀ ਅਣਦੇਖੀ ਕਾਰਨ ਲੋਕਾਂ ''ਚ ਭਾਰੀ ਰੋਸ

09/09/2017 7:49:57 AM

ਸੁਲਤਾਨਪੁਰ ਲੋਧੀ, (ਧੀਰ)- ਇਕ ਪਾਸੇ ਪੰਜਾਬ ਸਰਕਾਰ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਸਮਾਗਮ ਦੀ ਪਵਿੱਤਰ ਨਗਰੀ 'ਚ ਪੂਰੇ ਜੰਗੀ ਪੱਧਰ 'ਤੇ ਤਿਆਰੀਆਂ ਕਰ ਰਹੀ ਹੈ, ਦੂਜੇ ਪਾਸੇ ਪਵਿੱਤਰ ਨਗਰੀ ਰੇਲਵੇ ਸਟੇਸ਼ਨ ਤੇ ਰੇਲ ਮੰਡਲ ਵਿਭਾਗ ਵਲੋਂ ਕੀਤੀ ਜਾ ਰਹੀ ਅਣਦੇਖੀ ਕਿਸੇ ਵੀ ਸਮੇਂ ਕੋਈ ਵੱਡੀ ਦੁਰਘਟਨਾ ਦਾ ਕਾਰਨ ਬਣ ਸਕਦੀ ਹੈ। ਰੇਲ ਵਿਭਾਗ ਨੇ ਬੀਤੇ ਕੁਝ ਦਿਨਾਂ 'ਚ ਹੋਈਆਂ ਰੇਲ ਦੁਰਘਟਨਾਵਾਂ ਤੋਂ ਕੁੱਝ ਸਿੱਖਿਆ ਨਹੀਂ ਹੈ, ਜਿਸ ਕਾਰਨ ਹਾਲੇ ਵੀ ਕਈ ਥਾਵਾਂ 'ਤੇ ਅਣਗਹਿਲੀ ਵਰਤੀ ਜਾ ਰਹੀ ਹੈ।
ਪੈਸੰਜਰ ਗੱਡੀਆਂ ਨੂੰ ਕਰਾਸਿੰਗ ਸਮੇਂ ਯਾਤਰੀਆਂ ਨੂੰ ਹੁੰਦੀ ਹੈ ਪ੍ਰੇਸ਼ਾਨੀ- ਜਦੋਂ ਇਕ ਸਟੇਸ਼ਨ 'ਤੇ ਪੈਸੰਜਰ ਗੱਡੀਆਂ ਦਾ ਕਰਾਸਿੰਗ ਕਰਵਾਉਣਾ ਪੈਂਦਾ ਹੈ ਤਾਂ ਗੱਡੀ ਇਕ ਹੀ ਸਟੇਸ਼ਨ 'ਤੇ ਕਰੀਬ ਅੱਧਾ ਘੰਟਾ ਤੋਂ 1 ਘੰਟਾ ਬੇ-ਫਜ਼ੂਲ ਖੜ੍ਹੀ ਕਰ ਲੈਂਦੇ ਹਨ, ਜਿਸ ਨਾਲ ਇਕ ਤਾਂ ਰੋਜ਼ਾਨਾ ਨੌਕਰੀ ਪੇਸ਼ੇ ਵਾਲੇ ਲੋਕਾਂ ਨੂੰ ਖਾਸ ਤੌਰ 'ਤੇ ਇਸਤਰੀਆਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਇਸ ਸਬੰਧੀ ਜਦੋਂ ਯਾਤਰੀ ਸਥਾਨਕ ਰੇਲਵੇ ਸਟੇਸ਼ਨ ਮਾਸਟਰ ਦੇ ਨਾਲ ਰੋਸ ਜ਼ਾਹਿਰ ਕਰਦੇ ਹਨ ਤਾਂ ਉਸ ਪਾਸੋਂ ਇਕ ਹੀ ਜਵਾਬ ਮਿਲਦਾ ਹੈ, ਸਾਡੇ ਹੱਥ-ਵਸ ਕੁੱਝ ਨਹੀਂ, ਸਾਨੂੰ ਉਪਰ ਤੋਂ ਜੋ ਕੰਟਰੋਲ ਹੁਕਮ ਕਰੇਗਾ ਉਹੀ ਕਰਾਂਗੇ। 
70 ਸਾਲਾਂ ਤੋਂ ਰੇਲ ਸੈਕਸ਼ਨ ਰੇਲ ਲਾਈਨ ਦਾ ਦੋਹਰੀਕਰਨ ਹੀ ਨਹੀਂ ਹੋਇਆ- ਦੇਸ਼ ਦੀ ਆਜ਼ਾਦੀ ਦੇ 70 ਸਾਲ ਬੀਤ ਜਾਣ ਦੇ ਬਾਵਜੂਦ ਸਭ ਤੋਂ ਵੱਡੇ ਗਿਣੇ ਜਾਂਦੇ ਫਿਰੋਜ਼ਪੁਰ Àੁੱਤਰ ਰੇਲ ਮੰਡਲ ਦੇ ਫਿਰੋਜ਼ਪੁਰ-ਜਲੰਧਰ ਰੇਲਵੇ ਲਾਈਨ ਦਾ ਦੋਹਰੀਕਰਨ ਹੀ ਨਹੀਂ ਹੋ ਪਾਇਆ, ਜਿਸ ਕਾਰਨ ਇਸ ਸੈਕਸ਼ਨ 'ਤੇ ਗੱਡੀਆਂ ਬਹੁਤ ਹੀ ਸਮੇਂ ਤੋਂ ਦੇਰੀ ਨਾਲ ਪੁੱਜਦੀਆਂ ਹਨ। ਮੇਲ ਐਕਸਪ੍ਰੈੱਸ ਸਮੇਂ ਤਾਂ ਪੈਸੰਜਰ ਗੱਡੀਆਂ ਦੀ ਹਾਲਤ ਹੋਰ ਵੀ ਬੁਰੀ ਹੋ ਜਾਂਦੀ ਹੈ।


Related News