ਧਾਰਮਕ ਅਸਥਾਨ ਕੋਲ ਬਣੇ ਸ਼ਰਾਬ ਦੇ ਠੇਕੇ ਖਿਲਾਫ਼ ਲੋਕਾਂ ਨੇ ਖੋਲ੍ਹਿਆ ਮੋਰਚਾ
Tuesday, Mar 06, 2018 - 02:51 AM (IST)
ਪਠਾਨਕੋਟ/ਮਾਧੋਪੁਰ, ਸ਼ਾਰਦਾ, ਜੱਗੀ)- ਪਿੰਡ ਜੈਨੀ ਉਪਰਲੀ ਵਿਚ ਖੁੱਲ੍ਹੇ ਸ਼ਰਾਬ ਦੇ ਠੇਕੇ ਦੇ ਵਿਰੋਧ ਵਿਚ ਪਿੰਡ ਦੀਆਂ ਔਰਤਾਂ ਨੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀਆਂ ਵਿਚ ਪਿੰਡ ਵਾਸੀ ਸੁਰਜਨ ਸਿੰਘ, ਗੁਰਦੀਪ ਸਿੰਘ, ਗੁਰਮੀਤ ਸਿੰਘ, ਤਿਰਲੋਚਨ ਸਿੰਘ, ਅਰਜੁਨ ਸਿੰਘ, ਗੁਰਨਾਮ ਸਿੰਘ, ਦਿਆਲ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਵਿਚ ਖੁੱਲ੍ਹੇ ਸ਼ਰਾਬ ਦੇ ਠੇਕੇ ਕੋਲ ਔਰਤਾਂ ਦਾ ਇਸ਼ਨਾਨ ਘਰ, ਸ਼ਿਵ ਮੰਦਰ, ਕਾਲੂ ਬਾਬਾ ਦੀ ਜਗ੍ਹਾ ਹੈ। ਇਥੇ ਲੋਕ ਆਪਣੀ ਆਸਥਾ ਲੈ ਕੇ ਮੰਨਤਾਂ ਮੰਗਣ ਲਈ ਆਉਂਦੇ ਹਨ ਪਰ ਜਿਥੇ ਪ੍ਰਸ਼ਾਸਨ ਵੱਲੋਂ ਠੇਕਾ ਖੋਲ੍ਹਿਆ ਗਿਆ ਹੈ, ਉਹ ਜਗ੍ਹਾ ਬਿਲਕੁਲ ਗਲਤ ਹੈ, ਜਿਸ ਨਾਲ ਲੋਕਾਂ 'ਤੇ ਬੁਰਾ ਅਸਰ ਪੈ ਰਿਹਾ ਹੈ।
ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਧਾਰਮਕ ਅਸਥਾਨਾਂ ਕੋਲ ਸ਼ਰਾਬ ਦਾ ਠੇਕਾ ਹੋਣਾ ਕਿਸੇ ਵੀ ਤਰ੍ਹਾਂ ਸਹੀ ਨਹੀਂ ਹੈ। ਉਕਤ ਠੇਕੇ ਨੂੰ ਇਥੋਂ ਹਟਵਾਉਣ ਲਈ ਕਈ ਵਾਰ ਪਿੰਡ ਦੇ ਲੋਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਹ ਡਿਪਟੀ ਕਮਿਸ਼ਨਰ ਨੂੰ ਵੀ ਇਸ ਵਿਸ਼ੇ 'ਤੇ ਲਿਖ਼ਤੀ ਤੌਰ 'ਤੇ ਸੂਚਿਤ ਕਰ ਚੁੱਕੇ ਹਨ ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਛੇਤੀ ਹੀ ਉਕਤ ਠੇਕੇ ਨੂੰ ਇਥੋਂ ਨਾ ਹਟਵਾਇਆ ਗਿਆ ਤਾਂ ਉਹ ਸੰਘਰਸ਼ ਨੂੰ ਅੰਦੋਲਨ ਦਾ ਰੂਪ ਦੇਣ ਲਈ ਮਜਬੂਰ ਹੋਣਗੇ।
