ਲੋਕਾਂ ਨੇ ‘ਆਪ’ ਸਰਕਾਰ ਦੇ ਕੰਮਾਂ ’ਤੇ ਭਰੋਸਾ ਪ੍ਰਗਟਾਇਆ : ਕੇਜਰੀਵਾਲ

Saturday, Nov 23, 2024 - 09:19 PM (IST)

ਲੋਕਾਂ ਨੇ ‘ਆਪ’ ਸਰਕਾਰ ਦੇ ਕੰਮਾਂ ’ਤੇ ਭਰੋਸਾ ਪ੍ਰਗਟਾਇਆ : ਕੇਜਰੀਵਾਲ

ਜਲੰਧਰ/ਚੰਡੀਗੜ੍ਹ, (ਧਵਨ, ਅੰਕੁਰ)- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਪੰਜਾਬ ਦੀਆਂ ਵਿਧਾਨ ਸਭਾ ਸੀਟਾਂ ਦੀਆਂ ਉੱਪ-ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਜਿੱਤ ’ਤੇ ਪੰਜਾਬੀਆਂ ਦਾ ਧੰਨਵਾਦ ਕੀਤਾ ਹੈ।

ਕੇਜਰੀਵਾਲ ਨੇ ਵੀ ਉੱਪ-ਚੋਣਾਂ ’ਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮਿਲ ਕੇ ਚਾਰਾਂ ਸੀਟਾਂ ’ਤੇ ਚੋਣ ਪ੍ਰਚਾਰ ਕਰਦਿਆਂ ਚੋਣ ਮੀਟਿੰਗਾਂ ’ਚ ਹਿੱਸਾ ਲਿਆ ਸੀ।

ਕੇਜਰੀਵਾਲ ਨੇ ਕਿਹਾ ਕਿ ਪਾਰਟੀ ਦੀ ਜਿੱਤ ਵਿਚ ਯੋਗਦਾਨ ਪਾਉਣ ਵਾਲੇ ਸਮੂਹ ਪੰਜਾਬੀਆਂ ਦੇ ਨਾਲ-ਨਾਲ ਪਾਰਟੀ ਦੇ ਸਾਰੇ ਆਗੂਆਂ ਅਤੇ ਵਲੰਟੀਅਰਾਂ ਦਾ ਵੀ ਧੰਨਵਾਦ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਪੂਰਾ ਸਾਥ ਦਿੱਤਾ ਹੈ।

ਕੇਜਰੀਵਾਲ ਨੇ ਟਵੀਟ ਕੀਤਾ ਕਿ ਪੰਜਾਬ ਦੇ ਲੋਕਾਂ ਨੇ ਉੱਪ-ਚੋਣਾਂ ’ਚ ‘ਆਪ’ ਨੂੰ 4 ਵਿਚੋਂ 3 ਸੀਟਾਂ ਦੇ ਕੇ ਇਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਅਤੇ ਸਾਡੀ ਸਰਕਾਰ ਦੇ ਕੰਮ ’ਤੇ ਭਰੋਸਾ ਪ੍ਰਗਟਾਇਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੇ ਗਏ ਟਵੀਟ ਦੇ ਜਵਾਬ ਵਿਚ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਅਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ। ਉਨ੍ਹਾਂ ਕਿਹਾ ਕਿ ਜਿੱਤ ਤੋਂ ਬਾਅਦ ਪਾਰਟੀ ਦੇ ਸਾਰੇ ਆਗੂਆਂ ਅਤੇ ਵਲੰਟੀਅਰਾਂ ਨੂੰ ਆਉਣ ਵਾਲੇ ਸਮੇਂ ਵਿਚ ਹੋਰ ਵੀ ਮਿਹਨਤ ਕਰਨੀ ਪਵੇਗੀ।

ਉਨ੍ਹਾਂ ਕਿਹਾ ਕਿ ਸਾਨੂੰ ਆਉਣ ਵਾਲੀਆਂ ਚੋਣਾਂ ਲਈ ਪਾਰਟੀ ਨੂੰ ਹੁਣ ਤੋਂ ਹੀ ਤਿਆਰ ਕਰਨਾ ਹੋਵੇਗਾ ਅਤੇ ਪੰਜਾਬ ਵਿਚ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਦਰਮਿਆਨ ਲੈ ਕੇ ਜਾਣਾ ਹੋਵੇਗਾ।

ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਜ਼ਮੀਨੀ ਪੱਧਰ ’ਤੇ ਕੰਮ ਕਰਨਾ ਹੋਵੇਗਾ ਅਤੇ ਭਵਿੱਖ ਵਿਚ ਵੀ ਲੋਕਾਂ ਦੀਆਂ ਉਮੀਦਾਂ ’ਤੇ ਪੂਰਾ ਉਤਰਨਾ ਯਕੀਨੀ ਬਣਾਉਣਾ ਹੋਵੇਗਾ।

ਕੇਜਰੀਵਾਲ ਨੇ ਪਾਰਟੀ ਵਲੰਟੀਅਰਾਂ ਨੂੰ ਕਿਹਾ ਕਿ ਉਹ ਜਿੱਤ ਤੋਂ ਬਾਅਦ ਜ਼ਿਆਦਾ ਉਤਸ਼ਾਹਿਤ ਨਾ ਹੋਣ ਅਤੇ ਉਨ੍ਹਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਆਪਣੇ ਯਤਨ ਜਾਰੀ ਰੱਖਣੇ ਪੈਣਗੇ। ਉਹ ਪੰਜਾਬ ਵਿਚ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਵਿਚਾਲੇ ਲੈ ਕੇ ਜਾਣ।

 


author

Rakesh

Content Editor

Related News