ਸਰਕਾਰ ਨੇ 16 ਟੋਲ ਪਲਾਜ਼ਾ ਬੰਦ ਕਰ ਕੇ ਪੰਜਾਬੀਆਂ ਦੀ ਰੋਜ਼ਾਨਾ 62 ਲੱਖ ਰੁਪਏ ਦੀ ਬੱਚਤ ਕਰਵਾਈ : ਭਗਵੰਤ ਮਾਨ
Wednesday, Dec 18, 2024 - 08:47 PM (IST)
ਜਲੰਧਰ (ਧਵਨ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿਚ ‘ਆਪ’ ਉਮੀਦਵਾਰਾਂ ਦੇ ਹੱਕ ਵਿਚ ਕੱਢੇ ਗਏ ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਝਾੜੂ ਦੇ ਚੋਣ ਨਿਸ਼ਾਨ ਦਾ ਬਟਨ ਦਬਾ ਕੇ ਆਪਣੀ ਸਰਕਾਰ ਬਣਾਉਣ ਅਤੇ ਜਲੰਧਰ ਵਿਚ ਆਪਣੀ ਸਰਕਾਰ ਦੇ ਮਾਲਕ ਖੁਦ ਬਣਨ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਸੀਵਰੇਜ, ਸਫਾਈ, ਸਟਰੀਟ ਲਾਈਟਾਂ ਲਈ ਪੈਸਾ ਜਾਰੀ ਕਰਨ ਲਈ ਤਿਆਰ ਹੈ ਪਰ ਹੇਠਾਂ ਜੇਕਰ ਦੂਜੀ ਸਰਕਾਰ ਹੋਵੇ ਤਾਂ ਉਹ ਪ੍ਰਸਤਾਵ ਹੀ ਪਾਸ ਨਹੀਂ ਕਰਦੀ। ਇਸੇ ਨੂੰ ਦੇਖਦੇ ਹੋਏ ਸਥਾਨਕ ਪੱਧਰ ’ਤੇ ‘ਆਪ’ ਦੇ ਹੱਥਾਂ ਵਿਚ ਬਹੁਮਤ ਹੋਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਆਪਸੀ ਭਾਈਚਾਰਾ ਕਾਫੀ ਮਜ਼ਬੂਤ ਹੈ। ਅਸੀਂ ਮਿਲ ਕੇ ਦੀਵਾਲੀ, ਦੁਸਹਿਰਾ, ਸ਼੍ਰੀ ਰਾਮਨੌਮੀ, ਗੁਰਪੁਰਬ, ਹਨੂੰਮਾਨ ਜਯੰਤੀ, ਸ੍ਰੀ ਗੁਰੂ ਰਵਿਦਾਸ ਜਯੰਤੀ ਅਤੇ ਹੋਰ ਸਭ ਤਿਉਹਾਰ ਮਨਾਉਂਦੇ ਹਾਂ। ਉਨ੍ਹਾਂ ਕਿਹਾ ਕਿ ਸਾਬਕਾ ਸਰਕਾਰ ਵਿਚ ਰਹੇ ਕਾਂਗਰਸੀ ਲੋਕਾਂ ਤੋਂ ਦੂਰੀ ਬਣਾ ਕੇ ਚੱਲਦੇ ਸਨ।
ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਪੱਧਰ ’ਤੇ ਜੋ ਗਾਰੰਟੀਆਂ ਦਿੱਤੀਆਂ ਹਨ, ਉਸ ਤਹਿਤ ਅਸੀਂ ਬਿਜਲੀ ਦਾ ਬਿੱਲ ਮੁਆਫ ਕੀਤਾ, ਸਰਕਾਰੀ ਨੌਕਰੀਆਂ ਦਿੱਤੀਆਂ, ਭ੍ਰਿਸ਼ਟਾਚਾਰ ਨੂੰ ਖਤਮ ਕੀਤਾ, 16 ਟੋਲ ਪਲਾਜ਼ੇ ਬੰਦ ਕਰ ਕੇ ਲੱਖਾਂ ਰੁਪਏ ਦੀ ਬੱਚਤ ਕਰਵਾਈ। ਟੋਲ ਪਲਾਜ਼ੇ ਬੰਦ ਹੋਣ ਨਾਲ ਰੋਜ਼ਾਨਾ 62 ਲੱਖ ਰੁਪਏ ਬਚ ਰਹੇ ਹਨ। ਸ੍ਰੀ ਗੋਇੰਦਵਾਲ ਸਾਹਿਬ ਵਿਚ ਥਰਮਲ ਪਲਾਂਟ ਖਰੀਦਿਆ। ਪੰਜਾਬ ਵਿਚ ਬਿਜਲੀ ਦੀ ਕਮੀ ਨਹੀਂ ਹੈ। ਸਾਡੀ ਨੀਅਤ ਬਿਲਕੁਲ ਸਾਫ ਹੈ, ਜਦ ਕਿ ਸਾਬਕਾ ਸਰਕਾਰਾਂ ਦੀ ਨੀਅਤ ਸਾਫ ਨਹੀਂ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੀ ਚੰਗੇ ਸਕੂਲ ਬਣ ਗਏ ਹਨ ਅਤੇ ਅਧਿਆਪਕਾਂ ਨੂੰ ਫਿਨਲੈਂਡ ਅਤੇ ਹੋਰ ਦੇਸ਼ਾਂ ਵਿਚ ਟ੍ਰੇਨਿੰਗ ਲਈ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਅਤੇ ਨਵੀਂ ਸੋਚ ਦਾ ਸਾਥ ਜਨਤਾ ਨੂੰ ਦੇਣਾ ਚਾਹੀਦਾ ਹੈ।
ਰੋਡ ਸ਼ੋਅ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ, ਹਰਭਜਨ ਸਿੰਘ ਈ. ਟੀ. ਓ., ਸਾਬਕਾ ਮੰਤਰੀ ਬਲਕਾਰ ਸਿੰਘ ਅਤੇ ਕਈ ਹੋਰ ਨੇਤਾ ਵੀ ਮੌਜੂਦ ਸਨ।
ਭਗਵੰਤ ਮਾਨ ਨੇ ਕਿਹਾ ਕਿ 75 ਸਾਲਾਂ ਤੋਂ ਤਾਣਾ-ਬਾਣਾ ਉਲਝਿਆ ਹੋਇਆ ਹੈ। ਉਸ ਨੂੰ ਠੀਕ ਕਰਨ ਵਿਚ ਕੁਝ ਸਮਾਂ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਸਥਾਨਕ ਚੋਣਾਂ ਹੁੰਦੀਆਂ ਹਨ, ਜਿਸ ਵਿਚ ਲੋਕਾਂ ਨੂੰ ਉਮੀਦਵਾਰਾਂ ਬਾਰੇ ਪੂਰੀ ਜਾਣਕਾਰੀ ਹੁੰਦੀ ਹੈ, ਇਸ ਲਈ ਲੋਕਾਂ ਨੂੰ ਚੰਗੇ ਉਮੀਦਵਾਰਾਂ ਦੀ ਚੋਣ ਕਰਨੀ ਚਾਹੀਦੀ ਹੈ ਤਾਂ ਜੋ ਚੰਗਾ ਹਾਊਸ ਬਣ ਸਕੇ।