ਸੜਕਾਂ ''ਤੇ ਖੜ੍ਹੇ ਪਾਣੀ ਤੋਂ ਦਲ ਸਿੰਘ ਵਾਲਾ ਦੇ ਲੋਕ ਪ੍ਰੇਸ਼ਾਨ
Saturday, Feb 03, 2018 - 02:42 PM (IST)
ਜੈਤੋ (ਜਿੰਦਲ) - ਪਿੰਡ ਦਲ ਸਿੰਘ ਵਾਲਾ ਵਿਖੇ ਮੇਨ ਸੜਕ ਬਿਲਕੁਲ ਟੁੱਟ ਚੁੱਕੀ ਹੈ। ਇਸ ਵਿਚ ਵੱਡੇ-ਵੱਡੇ ਖੱਡੇ ਪਏ ਹੋਏ ਹਨ। ਇਸ ਸੜਕ 'ਤੇ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ, ਜਿਸ ਕਾਰਨ ਸੜਕ 'ਤੇ ਇਕੱਠੇ ਹੋਏ ਪਾਣੀ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਸਬੰਧਤ ਵਿਭਾਗ ਵੀ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਸ ਸੜਕ ਤੋਂ ਲੰਘਣਾ ਵੀ ਇਕ ਮੁਸੀਬਤ ਹੈ। ਹਮੇਸ਼ਾ ਕੋਈ ਨਾ ਕੋਈ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਸਕੱਤਰ ਹਰਪ੍ਰੀਤ ਸਿੰਘ ਦਲ ਸਿੰਘ ਵਾਲਾ ਅਤੇ ਗੁਰਚਰਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਦਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਨੇ ਤੁਰੰਤ ਕੋਈ ਕਾਰਵਾਈ ਨਾ ਕੀਤੀ ਤਾਂ ਪਿੰਡ ਵਾਸੀ ਸੰਘਰਸ਼ ਆਰੰਭ ਕਰ ਦੇਣਗੇ। ਇਸ ਮੌਕੇ ਗੁਰਦਿਆਲ ਸਿੰਘ, ਮਨਪ੍ਰੀਤ ਸਿੰਘ, ਗੁਰਚਰਨ ਸਿੰਘ, ਸੁਖਦੇਵ ਸਿੰਘ, ਸਾਹਿਬ ਸਿੰਘ, ਲੱਖਾ ਸਿੰਘ ਅਤੇ ਸ਼ਾਮ ਸੁੰਦਰ ਸਿੰਘ ਹਾਜ਼ਰ ਸਨ।
