ਮਾਮਲਾ ਗੁਰਦਾਸਪੁਰ 'ਚ ਹੋਏ ਕਤਲਕਾਂਡ ਦਾ: ਪੀੜਤ ਪਰਿਵਾਰਾਂ ਦੇ ਘਰ ਪੁੱਜੇ ਨਵਜੋਤ ਸਿੱਧੂ ਨੇ ਸਰਕਾਰ ਨੂੰ ਦਿੱਤੀ ਚਿਤਾਵਨੀ
Tuesday, Apr 05, 2022 - 03:19 PM (IST)
ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਬੀਤੇ ਦਿਨ ਪਿੰਡ ਫੁਲੜਾ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ ਨਾਲ ਸਰਪੰਚ ਲਵਲੀ ਦੇਵੀ ਦੇ ਪਤੀ ਸੁਖਰਾਜ ਸਿੰਘ ਸਮੇਤ 4 ਵਿਅਕਤੀਆਂ ਦੀ ਮੌਤ ਹੋ ਗਈ ਸੀ। ਅੱਜ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਪਹੁੰਚੇ, ਜਿਥੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਦੇ ਹੱਥ ਆ ਚੁੱਕੀ ਹੈ, ਜਿਨ੍ਹਾਂ ਨੇ ਕਾਨੂੰਨ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਸਿੱਧੂ ਨੇ ਕਿਹਾ ਕਿ ਇਹ ਸਰਕਾਰ ਕਬਜ਼ਿਆਂ ਦੀ ਸਰਕਾਰ ਹੈ, ਜਿੱਥੇ 4 ਬੰਦਿਆਂ ਨੂੰ ਦਿਨ-ਦਿਹਾੜੇ ਕਰੀਬ 50 ਬੰਦੇ ਹਥਿਆਰਾਂ ਨਾਲ ਲੈਸ ਗੋਲੀਆਂ ਮਾਰਦੇ ਹਨ, ਪੁਲਸ ਵੀ ਨਾਲ ਹੋ ਕੇ ਮਰਵਾਉਂਦੀ ਹੈ ਤੇ 24 ਘੰਟਿਆਂ ਬਾਅਦ ਵੀ ਮੁਜਰਿਮ ਗ੍ਰਿਫ਼ਤ 'ਚੋਂ ਬਾਹਰ ਹਨ। ਸਿੱਧੂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਹੀ ਦੋਸ਼ੀਆਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਅਸੀਂ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕਰਾਂਗੇ।
ਇਹ ਵੀ ਪੜ੍ਹੋ : ਬਦਲੀਆਂ ਰੱਦ ਕਰਨ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਦੀ ਰਿਹਾਇਸ਼ ਅੱਗੇ ਦੂਜੇ ਦਿਨ ਵੀ ਡਟੇ ਰਹੇ ETT ਅਧਿਆਪਕ
ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਇਨ੍ਹਾਂ ਕੋਲੋਂ ਚੱਲ ਨਹੀਂ ਰਿਹਾ ਤੇ ਗੁਜਰਾਤ 'ਚ ਜਾ ਕੇ ਲੋਕਾਂ ਨਾਲ ਝੂਠ ਬੋਲ ਰਹੇ ਹਨ। ਇਹ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸੀ ਸਰਪੰਚ ਨੂੰ ਗੋਲੀਆਂ ਮਾਰੀਆਂ ਗਈਆਂ, ਪੁਲਸ ਦੂਰ ਖੜ੍ਹੀ ਦੇਖ ਰਹੀ ਸੀ। ਇਹ ਜੰਗਲ ਰਾਜ ਹੈ। ਕਾਂਗਰਸ ਦੇ ਸਮੇਂ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ। ਅਸੀਂ ਕਦੀ ਵੀ ਇਹ ਨਹੀਂ ਹੋਣ ਦੇਵਾਂਗੇ ਤੇ ਇਸ ਪਰਿਵਾਰ ਨੂੰ ਇਨਸਾਫ਼ ਦਿਵਾ ਕੇ ਰਹਾਂਗੇ। ਇਸ ਦੇ ਨਾਲ ਹੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਂਟੀ-ਗੈਂਗਸਟਰ ਟਾਸਕ ਫੋਰਸ ਦੇ ਗਠਨ ਕਰਨ ਨੂੰ ਲੈ ਕੇ ਸਿੱਧੂ ਨੇ ਕਿਹਾ ਕਿ ਫੋਰਸ ਜ਼ਰੂਰ ਬਣਾਉਣ ਪਰ ਫਾਇਦਾ ਤਾਂ ਹੈ ਜੇਕਰ ਉਹ ਜ਼ਮੀਨੀ ਪੱਧਰ 'ਤੇ ਕੰਮ ਕਰੇ, ਜਦਕਿ ਅੱਜ ਪੰਜਾਬ 'ਚ ਜੰਗਲ ਰਾਜ ਬਣਾਇਆ ਹੋਇਆ ਹੈ, ਜਿਥੇ ਜਗ੍ਹਾ-ਜਗ੍ਹਾ ਵਾਰਦਾਤਾਂ ਹੋ ਰਹੀਆਂ ਹਨ।