''ਦੀਵੇ ਹੇਠ ਹਨੇਰਾ'' ਸਿੱਧੂ ਦੇ ਹਲਕੇ ਦੇ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ
Thursday, Oct 26, 2017 - 10:18 AM (IST)
ਅੰਮ੍ਰਿਤਸਰ (ਦਲਜੀਤ)- 'ਦੀਵੇ ਹੇਠ ਹਨੇਰਾ' ਵਾਲੀ ਕਹਾਵਤ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹਲਕੇ 'ਚ ਸਾਰਥਿਕ ਹੋ ਰਹੀ ਹੈ। ਪੰਜਾਬੀਆਂ ਨੂੰ ਵਧੀਆ ਸੇਵਾਵਾਂ ਦੇਣ ਦੇ ਵਾਅਦੇ ਕਰਨ ਵਾਲੇ ਸਿੱਧੂ ਦੇ ਖੁਦ ਹਲਕੇ 'ਚ ਲੋਕ ਗੰਦਾ ਪਾਣੀ ਪੀ ਕੇ ਬੀਮਾਰ ਹੋ ਰਹੇ ਹਨ। ਲੋਕਾਂ ਦੀ ਨਾ ਤਾਂ ਸਿੱਧੂ ਸੁਣਵਾਈ ਕਰ ਰਹੇ ਹਨ ਤੇ ਨਾ ਹੀ ਨਿਗਮ ਅਧਿਕਾਰੀ। ਲੋਕ ਬੇਵੱਸ ਹੋ ਕੇ ਕਾਂਗਰਸ ਸਰਕਾਰ ਨੂੰ ਕੋਸ ਰਹੇ ਹਨ।
ਮੁਹੱਲਾ ਸੁਧਾਰ ਕਮੇਟੀ ਦੇ ਪ੍ਰਧਾਨ ਰਮਨ ਮਲਹੋਤਰਾ ਨੇ ਦੱਸਿਆ ਕਿ ਨਗਰ ਨਿਗਮ ਦੇ ਵਾਰਡ-21 ਅਧੀਨ ਆਉਂਦੇ ਇਲਾਕੇ ਸੁੰਦਰ ਨਗਰ ਵਿਚ ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਹਨ, ਪਿਛਲੇ ਇਕ ਹਫਤੇ ਤੋਂ ਗੰਦਾ ਪਾਣੀ ਪੀਣ ਵਾਲੇ ਪਾਣੀ 'ਚ ਮਿਕਸ ਹੋ ਕੇ ਆ ਰਿਹਾ ਹੈ। ਗੰਦੇ ਪਾਣੀ ਕਾਰਨ ਦਰਜਨਾਂ ਲੋਕ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ 'ਚ ਜ਼ੇਰੇ ਇਲਾਜ ਹਨ। ਲੋਕ ਤਾਂ ਇੰਨੇ ਪ੍ਰੇਸ਼ਾਨ ਹਨ ਕਿ ਹੁਣ ਪੀਣ ਵਾਲੇ ਪਾਣੀ ਲਈ ਦੂਰ-ਦੂਰਾਡਿਓਂ ਕੈਨੀਆਂ ਲੈ ਕੇ ਆ ਰਹੇ ਹਨ।
ਮਲਹੋਤਰਾ ਨੇ ਕਿਹਾ ਕਿ ਪਾਣੀ ਦੀ ਸਮੱਸਿਆ ਨੂੰ ਲੈ ਕੇ ਇਲਾਕਾ ਨਿਵਾਸੀ ਕਈ ਵਾਰ ਸਿੱਧੂ ਦੇ ਦਫਤਰ ਵੀ ਗਏ ਹਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਨਿਗਮ ਅਧਿਕਾਰੀ ਵੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਉਨ੍ਹਾਂ ਕਿਹਾ ਕਿ ਉਵੇਂ ਤਾਂ ਨਵਜੋਤ ਸਿੰਘ ਸਿੱਧੂ ਪੰਜਾਬੀਆਂ ਨੂੰ ਵਧੀਆ ਸੇਵਾਵਾਂ ਦੇਣ ਦੇ ਦਾਅਵੇ ਕਰ ਰਹੇ ਹਨ ਪਰ ਉਨ੍ਹਾਂ ਦੇ ਆਪਣੇ ਹਲਕੇ ਦੇ ਵਾਰਡਾਂ ਵਿਚ ਮੁੱਖ ਸੁਵਿਧਾਵਾਂ ਦਾ ਆਵਾ ਹੀ ਊਤਿਆ ਹੋਇਆ ਹੈ, ਨਾ ਲੀਡਰ ਤੇ ਨਾ ਹੀ ਅਫਸਰਸ਼ਾਹੀ ਲੋਕਾਂ ਨੂੰ ਇਨਸਾਫ ਦੇ ਰਹੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਜਲਦ ਪਾਣੀ ਦੀ ਸਮੱਸਿਆ ਇਲਾਕੇ ਵਿਚ ਠੀਕ ਨਾ ਕਰਵਾਈ ਗਈ ਤਾਂ ਉਹ ਮੁਹੱਲੇ ਦੇ ਲੋਕਾਂ ਦੀ ਆਵਾਜ਼ ਬਣ ਕੇ ਇਕ ਹਫਤੇ ਬਾਅਦ ਨਵਜੋਤ ਸਿੰਘ ਸਿੱਧੂ ਦੇ ਘਰ ਬਾਹਰ ਭੁੱਖ ਹੜਤਾਲ 'ਤੇ ਬੈਠਣਗੇ।
ਇਸ ਮੌਕੇ ਰਾਕੇਸ਼ ਗੁਪਤਾ, ਅਸ਼ੋਕ ਸ਼ਰਮਾ, ਰੂਪੇਸ਼ ਸ਼ਰਮਾ, ਨਰੇਸ਼ ਪਾਲ, ਵਿਸ਼ਾਲ ਸ਼ਰਮਾ, ਬਲਦੇਵ ਸਿੰਘ ਆਦਿ ਮੌਜੂਦ ਸਨ।
