ਅਮੀਰ ਬਣਨ ਦੇ ਲਾਲਚ ’ਚ ਠੱਗੇ ਗਏ ਲੋਕ, ਵਿਦੇਸ਼ੀ ਸ਼ੇਅਰ ਬ੍ਰੋਕਰ ਕੰਪਨੀ ਕਰੋੜਾਂ ਰੁਪਏ ਹੜੱਪ ਕੇ ਹੋਈ ਬੰਦ

Sunday, Jan 08, 2023 - 07:15 PM (IST)

ਅਮੀਰ ਬਣਨ ਦੇ ਲਾਲਚ ’ਚ ਠੱਗੇ ਗਏ ਲੋਕ, ਵਿਦੇਸ਼ੀ ਸ਼ੇਅਰ ਬ੍ਰੋਕਰ ਕੰਪਨੀ ਕਰੋੜਾਂ ਰੁਪਏ ਹੜੱਪ ਕੇ ਹੋਈ ਬੰਦ

ਚੰਡੀਗੜ੍ਹ/ਮਾਛੀਵਾੜਾ ਸਾਹਿਬ (ਟੱਕਰ)-ਵਿਦੇਸ਼ੀ ਸ਼ੇਅਰ ਐੱਨ. ਕੇ. ਐੱਨ ਬ੍ਰੋਕਰ ਕੰਪਨੀ ਭਾਰਤੀਆਂ ਦਾ ਕਰੋੜਾਂ ਰੁਪਏ ਹੜੱਪ ਕੇ 2 ਦਿਨ ਪਹਿਲਾਂ ਬੰਦ ਹੋ ਗਈ ਹੈ, ਜਿਸ ਕਾਰਨ ਇਸ ’ਚ ਨਿਵੇਸ਼ ਕਰਨ ਵਾਲੇ ਲੋਕਾਂ ਦੇ ਚਿਹਰਿਆਂ ’ਤੇ ਮਾਯੂਸੀ ਛਾਈ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਨ 2020 ’ਚ ਵਿਦੇਸ਼ੀ ਇਕ ਆਨਲਾਈਨ ਐੱਨ. ਕੇ. ਐੱਨ ਸ਼ੇਅਰ ਬ੍ਰੋਕਰ ਕੰਪਨੀ ਦੀ ਵੈੱਬਸਾਈਟ ਲਾਂਚ ਹੋਈ ਸੀ, ਜਿਸ ’ਚ ਉਸ ਨੇ ਲੋਕਾਂ ਨੂੰ ਪੈਸੇ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਇਹ ਸ਼ੇਅਰ ਬ੍ਰੋਕਰ ਕੰਪਨੀ ਨੇ ਆਪਣੀ ਜਾਣਕਾਰੀ ਵਿਚ ਦੱਸਿਆ ਕਿ ਉਹ ਲੋਕਾਂ ਦਾ ਪੈਸਾ ਸ਼ੇਅਰਾਂ ’ਚ ਲਗਾਏਗੀ ਅਤੇ 10 ਹਜ਼ਾਰ ਰੁਪਏ ਦਾ ਨਿਵੇਸ਼ ਕਰਨ ’ਤੇ ਹਫ਼ਤੇ ’ਚ 6 ਦਿਨ ਉਸ ਨੂੰ ਰੋਜ਼ਾਨਾ 750 ਤੋਂ ਵੱਧ ਪੈਸੇ ਉਸ ਦੀ ਆਈ. ਡੀ. ’ਚ ਆਉਣਗੇ ਅਤੇ ਇਕ ਦਿਨ ਦਾ ਘਾਟਾ ਵੀ ਹੋ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀਆਂ ਲਈ ਮਾਣ ਵਾਲੀ ਗੱਲ, ਨਡਾਲਾ ਦੀ ਦਿਲ ਕੁਮਾਰੀ ਆਸਟ੍ਰੇਲੀਅਨ ਪੁਲਸ ’ਚ ਹੋਈ ਭਰਤੀ

ਹੋਰ ਤਾਂ ਹੋਰ ਕੰਪਨੀ ’ਚ ਨਿਵੇਸ਼ ਕਰਨ ਵਾਲੇ ਲੋਕਾਂ ਨੂੰ ਇਹ ਵੀ ਲਾਲਚ ਦਿੱਤਾ ਗਿਆ ਕਿ ਜੇਕਰ ਉਹ ਆਪਣੇ ਨਾਲ 25 ਵਿਅਕਤੀਆਂ ਦਾ ਗਰੁੱਪ ਜੋੜ ਕੇ 10-10 ਹਜ਼ਾਰ ਰੁਪਏ ਨਿਵੇਸ਼ ਕਰਵਾਏਗੀ ਤਾਂ ਉਸ ਨੂੰ 700 ਰੁਪਏ ਪ੍ਰਤੀ ਰੋਜ਼ਾਨਾ ਵਾਧੂ ਤੁਹਾਡੀ ਆਈ. ਡੀ. ਵਿਚ ਜਮ੍ਹਾ ਕਰਵਾ ਦਿੱਤਾ ਜਾਵੇਗਾ, ਜੋ ਮਹੀਨੇ ਦਾ 21 ਹਜ਼ਾਰ ਰੁਪਏ ਤੋਂ ਵੱਧ ਬਣਦਾ ਹੈ। ਕੁਝ ਹੀ ਦਿਨਾਂ ’ਚ ਅਮੀਰ ਬਣਨ ਦੇ ਲਾਲਚ ’ਚ 2 ਸਾਲਾਂ ਅੰਦਰ ਇਸ ਕੰਪਨੀ ਨਾਲ ਭਾਰਤ ਦੇ ਬਹੁ-ਗਿਣਤੀ ਲੋਕ ਜੁੜ ਗਏ ਅਤੇ ਇਹ ਕੰਪਨੀ ਸ਼ਹਿਰਾਂ ’ਚ ਆਪਣਾ ਜਾਲ ਫੈਲਾਉਂਦੀ ਹੋਈ ਮਾਛੀਵਾੜਾ ਵਰਗੇ ਛੋਟੇ ਕਸਬੇ ਦੇ ਸੈਂਕੜੇ ਲੋਕਾਂ ਨੂੰ ਆਪਣੇ ਨਾਲ ਜੋੜਨ ’ਚ ਸਫ਼ਲ ਹੋ ਗਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸ਼ੁਰੂਆਤ ਵਿਚ ਐੱਨ. ਕੇ. ਐੱਨ. ਸ਼ੇਅਰ ਬ੍ਰੋਕਰ ਕੰਪਨੀ ਪੈਸੇ ਨਿਵੇਸ਼ ਕਰਨ ਵਾਲੇ ਲੋਕਾਂ ਦੀ ਆਈ. ਡੀ. ਤੋਂ ਲੋਕਾਂ ਦੇ ਬੈਂਕ ਖਾਤਿਆਂ ਵਿਚ ਵੀ ਪੈਸੇ ਟਰਾਂਸਫਰ ਕਰਦੀ ਸੀ, ਜਿਸ ਕਾਰਨ ਨਿਵੇਸ਼ਕਰਤਾ ਇਸ ’ਚ ਆਪਣਾ ਵਿਸ਼ਵਾਸ ਕਰਨ ਲੱਗ ਪਏ। ਇਸ ਕੰਪਨੀ ਦੀ ਠੱਗੀ ਦਾ ਸ਼ਿਕਾਰ ਹੋਏ ਇਕ ਵਿਅਕਤੀ ਨੇ ਆਪਣਾ ਨਾਂ ਨਾ ਛਾਪਣ ਦੀ ਸੂਰਤ ’ਚ ਦੱਸਿਆ ਕਿ ਉਹ ਗੂਗਲ ਪੇਅ ਰਾਹੀਂ ਕੰਪਨੀ ਵੱਲੋਂ ਦਿੱਤੀ ਐਪ ’ਚ ਪੈਸੇ ਟਰਾਂਸਫਰ ਕਰਦੇ ਸਨ, ਜਿਸ ਤੋਂ ਬਾਅਦ ਕੰਪਨੀ ਨਿਵੇਸ਼ ਕਰਨ ਵਾਲੇ ਵਿਅਕਤੀ ਦੀ ਆਈ. ਡੀ. ਬਣਾ ਦਿੰਦੀ ਸੀ।

ਇਹ ਖ਼ਬਰ ਵੀ ਪੜ੍ਹੋ : ਕੜਾਕੇ ਦੀ ਠੰਡ ’ਚ ਮਾਂ ਨੇ ਨਹਾਉਣ ਲਈ ਕਿਹਾ ਤਾਂ 9 ਸਾਲਾ ਪੁੱਤ ਨੇ ਬੁਲਾ ਲਈ ਪੁਲਸ

ਇਹ ਕੰਪਨੀ ਨਿਵੇਸ਼ਕਰਤਾ ਦੇ ਫੋਨ ਨੰਬਰ ’ਤੇ ਰੋਜ਼ਾਨਾ ਸ਼ਾਮ ਨੂੰ 8 ਵਜੇ ਵਿਦੇਸ਼ੀ ਨੰਬਰ ਰਾਹੀਂ ਇਕ ਲਿੰਕ ਭੇਜਦੀ ਸੀ, ਜਿਸ ਨੂੰ ਖੋਲ੍ਹਣ ’ਤੇ ਵੱਖ-ਵੱਖ ਕੰਪਨੀਆਂ ਦੇ ਸ਼ੇਅਰ ਰੇਟ ਖੁੱਲ੍ਹ ਜਾਂਦੇ ਸਨ। ਨਿਵੇਸ਼ਕਰਤਾ ਨੂੰ ਦੱਸਿਆ ਜਾਂਦਾ ਸੀ ਕਿ ਉਹ ਇਸ ਕੰਪਨੀ ’ਚ ਆਪਣੇ ਪੈਸੇ ਨਿਵੇਸ਼ ਕਰਨ ਲਈ ‘ਅੱਪ’ ਜਾਂ ‘ਡਾਊਨ’ ਵਾਲਾ ਬਟਨ ਦਬਾਉਣ, ਜਿਸ ਤੋਂ ਕੁਝ ਸਮੇਂ ਬਾਅਦ ਆਈ. ਡੀ. ਵਿਚ 10 ਹਜ਼ਾਰ ਰੁਪਏ ਬਦਲੇ 750 ਰੁਪਏ ਲਾਭ ਦੇ ਜੁੜ ਜਾਂਦੇ ਸਨ। ਇਹ ਸਿਲਸਿਲਾ ਪਿਛਲੇ 2 ਸਾਲਾਂ ਤੋਂ ਚੱਲਦਾ ਆ ਰਿਹਾ ਸੀ ਅਤੇ 31 ਦਸੰਬਰ, 2022 ਨੂੰ ਆਪਣੇ ਨਿਵੇਸ਼ਕਰਤਾਵਾਂ ਨੂੰ ਸੰਦੇਸ਼ ਭੇਜਿਆ ਕਿ ਹੁਣ ਤੁਹਾਡੇ ਪੈਸੇ 6 ਜਨਵਰੀ ਨੂੰ ਨਿਕਲਣੇ ਸ਼ੁਰੂ ਹੋਣਗੇ ਕਿਉਂਕਿ ਕੰਪਨੀ ਹੁਣ ਭਾਰਤ ’ਚ ਵੀ ਲਾਂਚ ਹੋਣ ਜਾ ਰਹੀ ਹੈ, ਜਿਸ ਦੀ ਪ੍ਰਕਿਰਿਆ ਤੋਂ ਬਾਅਦ ਇਹ ਸੰਭਵ ਹੋਵੇਗਾ। 6 ਜਨਵਰੀ ਨੂੰ ਅਚਾਨਕ ਐੱਨ. ਕੇ. ਐੱਨ ਸ਼ੇਅਰ ਬ੍ਰੋਕਰ ਕੰਪਨੀ ਨੇ ਆਪਣੀ ਵੈੱਬਸਾਈਟ ਬੰਦ ਕਰ ਦਿੱਤੀ ਅਤੇ ਲੋਕਾਂ ਵਿਚ ਹਫੜਾ ਦਫੜੀ ਮਚ ਗਈ ਕਿ ਉਨ੍ਹਾਂ ਦੇ ਨਿਵੇਸ਼ ਕੀਤੇ ਪੈਸੇ ਡੁੱਬ ਗਏ। ਬੇਸ਼ੱਕ ਅਜੇ ਤੱਕ ਇਸ ਸਬੰਧੀ ਕਿਸੇ ਵੀ ਨਿਵੇਸ਼ਕਰਤਾ ਨੇ ਇਸ ਧੋਖਾਧੜੀ ਸਬੰਧੀ ਪੁਲਸ ਨੂੰ ਸ਼ਿਕਾਇਤ ਦਰਜ ਨਹੀਂ ਕਰਵਾਈ ਪਰ ਮਾਛੀਵਾੜਾ ਇਲਾਕੇ ਦੇ ਕਈ ਸੈਂਕੜੇ ਅਜਿਹੇ ਲੋਕ ਹਨ, ਜਿਨ੍ਹਾਂ ’ਚ ਪੜ੍ਹੇ-ਲਿਖੇ ਹੋਣ ਦੇ ਨਾਲ-ਨਾਲ ਪ੍ਰਾਪਰਟੀ ਕਾਰੋਬਾਰੀ ਨਾਲ ਜੁੜੇ ਹੋਣ ਦੇ ਬਾਵਜੂਦ ਇਸ ਕੰਪਨੀ ਦੀ ਠੱਗੀ ਦਾ ਸ਼ਿਕਾਰ ਹੋਏ ਹਨ, ਜਿਨ੍ਹਾਂ ਦਾ ਲੱਖਾਂ ਰੁਪਏ ਬਣਦਾ ਹੈ।


author

Manoj

Content Editor

Related News