ਲੋਕ ਸੋਸ਼ਲ ਮੀਡੀਆ ''ਤੇ ਚੱਲ ਰਹੀਆਂ ਅਫਵਾਹਾਂ ਤੋਂ ਬਚਣ
Thursday, Aug 24, 2017 - 06:35 AM (IST)
ਲੁਧਿਆਣਾ (ਰਿਸ਼ੀ) – ਡੇਰਾ ਸੱਚਾ ਸੌਦਾ ਪ੍ਰਮੁੱਖ ਦੇ ਸੰਭਾਵਿਤ ਫੈਸਲਾ ਆਉਣ ਨੂੰ ਲੈ ਕੇ ਕੀਤੇ ਗਏ ਹਾਈ ਅਲਰਟ 'ਚ ਡੀ. ਜੀ. ਪੀ. ਪੰਜਾਬ ਸੁਰੱਖਿਆ ਇੰਤਜ਼ਾਮਾਂ ਦਾ ਜਾਇਜ਼ਾ ਲੈਣ ਮਹਾਨਗਰ ਪਹੁੰਚੇ, ਜਿੱਥੇ ਉਨ੍ਹਾਂ ਨੇ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ, ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਅਤੇ ਹੋਰ ਅਧਿਕਾਰੀਆਂ ਨਾਲ ਲਗਭਗ 1 ਘੰਟੇ ਤੱਕ ਮੀਟਿੰਗ ਕੀਤੀ। ਜਾਣਕਾਰੀ ਦਿੰਦੇ ਹੋਏ ਡੀ. ਜੀ. ਪੀ. ਅਰੋੜਾ ਨੇ ਕਿਹਾ ਕਿ ਪੁਲਸ ਵੱਲੋਂ ਪੰਜਾਬ ਭਰ 'ਚ ਸੁਰੱਖਿਆ ਦੇ ਸਖਤ ਇੰਤਜ਼ਾਮ ਕਰ ਲਏ ਗਏ ਹਨ। ਇਸ ਸਮੇਂ ਲੋਕਾਂ ਨੂੰ ਸਮਝਦਾਰ ਹੋਣ ਦੀ ਜ਼ਰੂਰਤ ਹੈ। ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ ਅਤੇ ਕਿਸੇ ਵੀ ਇਸ ਤਰ੍ਹਾਂ ਦੀ ਅਫਵਾਹ ਨੂੰ ਅੱਗੇ ਸ਼ੇਅਰ ਨਹੀਂ ਕਰਨਾ ਚਾਹੀਦਾ, ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੋਂ ਐਮਰਜੈਂਸੀ 'ਚ ਜਿੰਨੀ ਪੈਰਾਮਿਲਟਰੀ ਫੋਰਸ ਦੀ ਮਦਦ ਮੰਗੀ ਗਈ ਸੀ, ਉਹ ਇਸ ਸਮੇਂ ਪਹੁੰਚ ਗਈ ਹੈ। ਪੰਜਾਬ 'ਚ ਸਾਰੇ ਲੋਕ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਨ। ਸੀ. ਪੀ. ਢੋਕੇ ਨੇ ਦੱਸਿਆ ਕਿ ਮੀਟਿੰਗ 'ਚ ਉਨ੍ਹਾਂ ਨੇ ਸ਼ਹਿਰ ਦੀ ਸੁਰੱਖਿਆ ਇੰਤਜ਼ਾਮਾਂ ਬਾਰੇ ਸਾਰੀ ਜਾਣਕਾਰੀ ਦਿੱਤੀ ਅਤੇ ਹਰ ਪਹਿਲੂ ਤੋਂ ਜਾਣੂ ਕਰਵਾਇਆ।
