ਨਸ਼ਿਆਂ ਨਾਲ ਉੱਜੜ ਰਹੇ ਪਿੰਡ ਨੂੰ ਬਚਾਉਣ ਲਈ ਲੋਕਾਂ ਨੇ ਪੁਲਸ ਨੂੰ ਕੀਤੀ ਅਪੀਲ

Monday, Nov 20, 2023 - 01:57 PM (IST)

ਨਸ਼ਿਆਂ ਨਾਲ ਉੱਜੜ ਰਹੇ ਪਿੰਡ ਨੂੰ ਬਚਾਉਣ ਲਈ ਲੋਕਾਂ ਨੇ ਪੁਲਸ ਨੂੰ ਕੀਤੀ ਅਪੀਲ

ਸਮਰਾਲਾ (ਗਰਗ, ਬੰਗੜ) : ਨੇੜਲੇ ਪਿੰਡ ਬਰਮਾਂ ਦੇ ਨਿਵਾਸੀਆਂ ਨੇ ਅੱਜ ਇੱਕਠੇ ਹੋ ਕੇ ਥਾਣਾ ਸਮਰਾਲਾ ਵਿਖੇ ਪੁੱਜ ਕੇ ਪੁਲਸ ਅੱਗੇ ਗੁਹਾਰ ਲਗਾਈ ਹੈ ਕਿ ਨਸ਼ਿਆਂ ਕਾਰਨ ਉੱਜੜ ਰਹੇ ਉਨ੍ਹਾਂ ਦੇ ਪਿੰਡ ਨੂੰ ਬਚਾਉਣ ਲਈ ਤੁਰੰਤ ਐਕਸ਼ਨ ਲਿਆ ਜਾਵੇ। ਇਸ ਮੌਕੇ ਪਿੰਡ ਵਾਸੀਆਂ ਨੇ ਨਸ਼ਾ ਵੇਚਣ ਵਾਲੇ ਕੁੱਝ ਵਿਅਕਤੀਆਂ ਦੇ ਨਾਮ ਵੀ ਪੁਲਸ ਅੱਗੇ ਉਜਾਗਰ ਕਰਦੇ ਹੋਏ ਮੰਗ ਰੱਖੀ ਹੈ ਕਿ ਇਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ, ਤਾਂ ਜੋ ਪਿੰਡ ਵਿਚ ਨਸ਼ਾ ਵਿਕਣਾ ਬੰਦ ਹੋ ਸਕੇ।

ਪਿੰਡ ਦੀ ਪੰਚਾਇਤ ਅਤੇ ਕਈ ਹੋਰ ਮੋਹਤਬਰ ਵਿਅਕਤੀਆਂ ਦੀ ਅਗਵਾਈ ਹੇਠ ਅੱਜ ਦਰਜ਼ਨਾਂ ਪਿੰਡ ਵਾਸੀਆਂ ਨੇ ਥਾਣਾ ਸਮਰਾਲਾ ਵਿਖੇ ਪਹੁੰਚ ਕੇ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਨਸ਼ੇੜੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਵੇਲੇ ਹਾਲਾਤ ਅਜਿਹੇ ਹਨ ਕਿ ਨਸ਼ਾ ਪੀੜਿਤ 20 ਤੋਂ 25 ਵਿਅਕਤੀਆਂ ਨੂੰ ਇਲਾਜ ਦੀ ਲੋੜ ਹੈ। ਇਸ ਤੋਂ ਇਲਾਵਾ ਪਿੰਡ ਵਿਚ ਨਸ਼ਾ ਵਿਕ ਰਿਹਾ ਹੈ, ਜਿਸ ਨਾਲ ਹੋਰ ਕਈ ਨਵੇਂ ਵਿਅਕਤੀ ਅਤੇ ਘੱਟ ਉਮਰ ਦੇ ਨੌਜਵਾਨ ਅਤੇ ਇੱਕੋਂ ਤੱਕ ਕਿ ਬੱਚੇ ਵੀ ਨਸ਼ੇ ਦੀ ਲੱਤ ਦਾ ਸ਼ਿਕਾਰ ਹੋ ਰਹੇ ਹਨ।

ਪੰਚਾਇਤ ਦੀ ਅਗਵਾਈ ਹੇਠ ਪੁਲਸ ਨੂੰ ਲਿਖ਼ਤੀ ਰੂਪ ਵਿਚ ਪਿੰਡ ਵਾਸੀਆਂ ਨੇ ਸ਼ਿਕਾਇਤ ਸੌਂਪਦੇ ਹੋਏ ਨਸ਼ਾ ਵੇਚਣ ਵਾਲੇ ਕੁਝ ਵਿਅਕਤੀਆਂ ਦੇ ਨਾਂ ਵੀ ਦਿੱਤੇ ਹਨ ਅਤੇ ਨਾਲ ਹੀ ਦੱਸਿਆ ਕਿ ਹਾਲਾਤ ਇੰਨੇ ਸਹਿਮ ਵਾਲੇ ਬਣੇ ਹੋਏ ਹਨ ਕਿ ਔਰਤਾਂ ਨੂੰ ਘਰਾਂ ਤੋਂ ਬਾਹਰ ਨਿਕਲਦੇ ਹੋਏ ਵੀ ਡਰ ਲੱਗਦਾ ਹੈ। ਬਾਹਰਲੇ ਪਿੰਡਾਂ ਤੋਂ ਵੀ ਨੌਜਵਾਨ ਨਸ਼ਾ ਲੈਣ ਉਨ੍ਹਾਂ ਦੇ ਪਿੰਡ ਆ ਰਹੇ ਹਨ ਅਤੇ ਨਸ਼ੇ ਦੀ ਹਾਲਤ ਵਿਚ ਨਸ਼ੇੜੀਆਂ ਵੱਲੋਂ ਤੇਜ਼ ਰਫ਼ਤਾਰ ਮੋਟਰਸਾਈਕਲ ਪਿੰਡ ਦੀਆਂ ਗਲੀਆਂ ਵਿਚ ਦੌੜਾਏ ਜਾ ਰਹੇ ਹਨ। ਜਿਸ ਨਾਲ ਹਰ ਵੇਲੇ ਹਾਦਸਾ ਹੋਣ ਦਾ ਡਰ ਬਣਿਆ ਹੋਇਆ ਹੈ।

ਓਧਰ ਥਾਣਾ ਸਮਰਾਲਾ ਦੇ ਐੱਸ. ਐੱਚ. ਓ. ਰਾਓ ਵਰਿੰਦਰ ਸਿੰਘ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਨਸ਼ਾ ਵੇਚਣ ਵਾਲਿਆਂ ’ਤੇ ਜਲਦੀ ਹੀ ਸਖ਼ਤ ਕਾਰਵਾਈ ਹੋਵੇਗੀ ਅਤੇ ਕਿਸੇ ਨੂੰ ਵੀ ਪਿੰਡ ਵਿਚ ਨਸ਼ਾ ਵੇਚਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਨਸ਼ੇ ਦੀ ਲੱਤ ਨਾਲ ਜੂਝ ਰਹੇ ਪਿੰਡ ਦੇ ਨੌਜਵਾਨਾਂ ਨੂੰ ਇਲਾਜ ਲਈ ਸਰਕਾਰੀ ਨਸ਼ਾ ਛੁਡਾਉ ਸੈਂਟਰ ਵਿਚ ਭਰਤੀ ਕਰਵਾ ਕੇ ਉਨ੍ਹਾਂ ਦਾ ਪੂਰਾ ਇਲਾਜ ਕਰਵਾਉਣ ਦਾ ਵਿਸ਼ਵਾਸ਼ ਵੀ ਮੰਗ ਪੱਤਰ ਦੇਣ ਆਏ ਪਿੰਡ ਵਾਸੀਆਂ ਨੂੰ ਦਿਵਾਇਆ।
 


author

Babita

Content Editor

Related News