ਕਾਂਗਰਸ ਦੇ ਰਾਜ ’ਚ ਲੋਕਾਂ ਵੱਲੋਂ ਚੁਣੇ ਨੁਮਾਇੰਦੇ ਮਹਿਫੂਜ਼ ਨਹੀਂ, ਤਾਂ ਕੀ ਬਣੇਗਾ ਆਮ ਜਨਤਾ ਦਾ : ਸ਼ੈਰੀ ਕਲਸੀ

06/23/2018 12:27:49 AM

ਬਟਾਲਾ, (ਮਠਾਰੂ)- ਕਾਂਗਰਸ ਦੇ ਰਾਜ ’ਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਮੌਕੇ ’ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ’ਤੇ ਕਥਿਤ ਤੌਰ ’ਤੇ ਮਾਈਨਿੰਗ ਮਾਫੀਆ ਵੱਲੋਂ ਕੀਤੇ ਗਏ ਹਮਲੇ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਜ਼ਿਲਾ ਗੁਰਦਾਸਪੁਰ ਆਮ ਆਦਮੀ ਪਾਰਟੀ ਦੇ ਨੌਜਵਾਨ ਪ੍ਰਧਾਨ ਸ਼ੈਰੀ ਕਲਸੀ ਨੇ ਆਪਣੀ ਤਿੱਖੀ ਪ੍ਰਤੀਕਿਰਿਆ ਜਾਰੀ ਕਰਦਿਆਂ ਕਿਹਾ ਕਿ ਕਾਂਗਰਸ ਦੇ ਰਾਜ ’ਚ ਜੇਕਰ ਲੋਕਾਂ ਦੇ ਚੁਣੇ ਹੋਏ ਵਿਧਾਇਕ ਪੱਧਰ ਦੇ ਆਗੂ ਮਹਿਫੂਜ਼ ਨਹੀਂ ਹਨ ਤਾਂ ਆਮ ਲੋਕਾਂ ਦੀ ਸੁਰੱਖਿਆ ਅਤੇ ਜਾਨ-ਮਾਲ ਦੀ ਰਾਖੀ ਰੱਬ ਦੇ ਆਸਰੇ ਦਿਖਾਈ ਦੇ ਰਹੀ ਹੈ। 
ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ-ਭਾਜਪਾ ਸਰਕਾਰ ਦੇ ਰਾਜ ’ਚ ਨਾਜਾਇਜ਼ ਮਾਈਨਿੰਗ ਦਾ ਮਾਫ਼ੀਆ ਪੂਰੀ ਤਰ੍ਹਾਂ ਸਰਗਰਮ ਸੀ ਅਤੇ ਹੁਣ ਕਾਂਗਰਸ ਦੇ ਰਾਜ ਅੰਦਰ ਨਾਜਾਇਜ਼ ਮਾਈਨਿੰਗ ਦਾ ਧੰਦਾ ਜਿਉਂ ਦਾ ਤਿਉਂ ਹੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਹਿੱਤਾਂ ਦੀ ਰਾਖੀ ਕਰਨ ਲਈ ਆਪ ਦੇ ਵਿਧਾਇਕ ਅਮਰਜੀਤ ਸਿੰਘ ਵੱਲੋਂ ਮੌਕੇ ’ਤੇ ਪਹੁੰਚ ਕੇ ਨਾਜਾਇਜ਼ ਮਾਈਨਿੰਗ ਖਿਲਾਫ ਆਵਾਜ਼ ਉਠਾਈ ਗਈ ਪਰ ਮਾਫੀਆ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਸੁਰੱਖਿਆ ਦੇ ਘੇਰੇ ਨੂੰ ਵੀ ਤਾਰ-ਤਾਰ ਕਰ ਕੇ ਵਿਧਾਇਕ ਅਮਰਜੀਤ ਸਿੰਘ ’ਤੇ ਹਮਲਾ ਕਰਦਿਆਂ ਜਿਥੇ ਉਨ੍ਹਾਂ ਦੀ ਕੁੱਟ-ਮਾਰ ਕੀਤੀ ਗਈ ਹੈ, ਉਥੇ ਨਾਲ ਸਰਬ ਉੱਚ ਸਥਾਨ ਰੱਖਦੀ ਸਿੱਖਾਂ ਦੀ ਪੱਗਡ਼ੀ ਦੀ ਵੀ ਬੇਅਦਬੀ ਕੀਤੀ ਗਈ ਹੈ। ਜ਼ਿਲਾ ਪ੍ਰਧਾਨ ਸ਼ੈਰੀ ਕਲਸੀ ਨੇ ਕਿਹਾ ਕਿ ਅਜਿਹੇ ਹਮਲਿਆਂ ਤੋਂ ਆਮ ਆਦਮੀ ਪਾਰਟੀ ਕਦੇ ਵੀ ਨਹੀਂ ਡਰੇਗੀ ਅਤੇ ਪੰਜਾਬ ਨੂੰ ਬਚਾਉਣ ਲਈ ਹਰ ਹਾਲਾਤਾ ਦਾ ਡੱਟ ਕੇ ਮੁਕਾਬਲਾ ਕਰਦਿਆਂ ਮੂੰਹ ਤੋਡ਼ ਜਵਾਬ ਦਿੱਤਾ ਜਾਵੇਗਾ। ਇਸ ਮੌਕੇ ਸੁਖਜਿੰਦਰ ਸਿੰਘ ਦਾਬਾਂਵਾਲ, ਅਨਿਲ ਅਗਰਵਾਲ, ਭਗਤ ਸਿੰਘ, ਸੰਤੋਖ ਸਿੰਘ ਰੰਧਾਵਾ, ਜਸਬੀਰ ਸਿੰਘ ਗੋਰਾਇਆ, ਹਰਭਾਲ ਰਾਏ, ਸੌਖੀ ਸਾਬ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ ਅੌਲਖ, ਉਪਦੇਸ਼ ਕੁਮਾਰ ਤੇ ਹੋਰ ਵੀ ਮੈਂਬਰ ਹਾਜ਼ਰ ਸਨ।         
 


Related News