ਕੀ ‘ਆਪ’ ਦੇ ਕੁਝ ਰਾਜ ਸਭਾ ਮੈਂਬਰ ਅਸਤੀਫ਼ੇ ਦੇਣਗੇ?

Wednesday, May 15, 2024 - 12:42 PM (IST)

ਕੀ ‘ਆਪ’ ਦੇ ਕੁਝ ਰਾਜ ਸਭਾ ਮੈਂਬਰ ਅਸਤੀਫ਼ੇ ਦੇਣਗੇ?

ਨਵੀਂ ਦਿੱਲੀ- ਤਾਜ਼ਾ ਘਟਨਾਵਾਂ ਤੋਂ ਬਾਅਦ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਕੁਝ ਰਾਜ ਸਭਾ ਮੈਂਬਰ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਸਕਦੇ ਹਨ। ਸਿਆਸੀ ਹਲਕਿਆਂ ’ਚ ਚਰਚਾ ਹੈ ਕਿ ਹਾਈ ਕਮਾਂਡ ਕੁਝ ਸੰਸਦ ਮੈਂਬਰਾਂ ਤੋਂ ਨਾਖੁਸ਼ ਹੈ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ 50 ਦਿਨ ਤੱਕ ਜੇਲ ’ਚ ਰਹਿਣ ਦੌਰਾਨ ਪਾਰਟੀ ਨੂੰ ਸੰਭਾਲਣ ਦਾ ਕੰਮ ਕੁਝ ਨੇਤਾਵਾਂ ਦੇ ਮੋਢਿਆਂ 'ਤੇ ਆ ਗਿਆ ਸੀ ਜਿਸ ਨੂੰ ਉਹ ਸਹੀ ਢੰਗ ਨਾਲ ਨਹੀਂ ਨਿਭਾਅ ਸਕੇ। ਅਰਵਿੰਦ ਕੇਜਰੀਵਾਲ ਤੋਂ ਪਹਿਲਾਂ ਸੰਜੇ ਸਿੰਘ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਵੀ ਜੇਲ ’ਚ ਸਨ। 3 ਅਪ੍ਰੈਲ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਦੇ ਹੀ ਸੰਜੇ ਸਿੰਘ ਸਰਗਰਮ ਹੋ ਗਏ।

ਅਰਵਿੰਦ ਦੇ ਅੰਤ੍ਰਿਮ ਜ਼ਮਾਨਤ ’ਤੇ ਜੇਲ ਤੋਂ ਰਿਹਾਅ ਹੋਣ ਤੋਂ ਪਹਿਲਾਂ ਪਾਰਟੀ ਦਾ ਬਹੁਤ ਸਾਰਾ ਕੰਮ ਸੰਜੇ, ਸੁਨੀਤਾ ਕੇਜਰੀਵਾਲ ਤੇ ਆਤਿਸ਼ੀ ਆਦਿ ਵਲੋਂ ਸੰਭਾਲਿਆ ਗਿਆ ਸੀ। ਪਾਰਟੀ ਦੇ ਦਿੱਲੀ ਤੋਂ ਰਾਜ ਸਭਾ ਦੇ 3 ਮੈਂਬਰ ਹਨ। ਇਨ੍ਹਾਂ ’ਚ ਸੰਜੇ ਸਿੰਘ, ਨਾਰਾਇਣ ਦਾਸ ਗੁਪਤਾ ਤੇ ਸਵਾਤੀ ਮਾਲੀਵਾਲ ਹਨ। ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਕ੍ਰਿਕਟਰ ਹਰਭਜਨ ਸਿੰਘ ਤੇ ਰਾਘਵ ਚੱਢਾ ਹਨ ਜੋ ਕਿਸੇ ਨਾ ਕਿਸੇ ਕਾਰਨ ਪਾਰਟੀ ਦੀਆਂ ਸਰਗਰਮੀਆਂ ’ਚ ਹਿੱਸਾ ਨਹੀਂ ਲੈ ਸਕੇ। ਪੰਜਾਬ ਦੇ ਸੰਸਦ ਮੈਂਬਰਾਂ ਦਾ ਕਾਰਜਕਾਲ ਅਪ੍ਰੈਲ, 2028 ਤੱਕ ਹੈ।

ਪਾਰਟੀ ਨੂੰ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਸਵਾਤੀ ਮਾਲੀਵਾਲ, ਹਰਭਜਨ ਸਿੰਘ ਤੇ ਰਾਘਵ ਚੱਢਾ ਤੋਂ ਸਭ ਤੋਂ ਵੱਧ ਉਮੀਦਾਂ ਸਨ ਪਰ ਉਹ ਪੂਰੀਆਂ ਨਹੀਂ ਹੋਈਆਂ। ਜਦੋਂ ਅਰਵਿੰਦ ਕੇਜਰੀਵਾਲ ਜੇਲ ’ਚ ਸਨ ਤਾਂ ਸਵਾਤੀ ਮਾਲੀਵਾਲ ਅਮਰੀਕਾ ’ਚ ਛੁੱਟੀਆਂ ਮਨਾ ਰਹੀ ਸੀ।

ਰਾਘਵ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਅੱਖਾਂ ਦੇ ਇਲਾਜ ਲਈ ਲੰਡਨ ’ਚ ਹਨ ਪਰ ਹੁਣ ਉਨ੍ਹਾਂ ਦੇ ਉੱਥੇ ਲੰਬੇ ਸਮੇਂ ਤੱਕ ਰੁਕਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ। ਕੁਝ ਸੰਸਦ ਮੈਂਬਰਾਂ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਅੱਗੇ ਆ ਕੇ ਕੇਂਦਰ ਨਾਲ ਸਿੱਧਾ ਟਕਰਾਅ ਮੁੱਲ ਨਹੀਂ ਲੈਣਾ ਚਾਹੁੰਦੇ।

ਪਾਰਟੀ ਦਾ ਪੈਂਤੜਾ ਇਹ ਵੀ ਜਾਪਦਾ ਹੈ ਕਿ ਉਹ ਇਨ੍ਹਾਂ ਚਿਹਰਿਆਂ ਦੀ ਥਾਂ ਹੋਰ ਸਰਗਰਮ ਵਿਅਕਤੀਆਂ ਨੂੰ ਨਾਮਜ਼ਦ ਕਰਨਾ ਚਾਹੇਗੀ। ਇਨ੍ਹਾਂ ਪ੍ਰਮੁੱਖ ਚਿਹਰਿਆਂ ’ਚੋਂ ਇਕ ਹਨ ਅਭਿਸ਼ੇਕ ਮਨੂ ਸਿੰਘਵੀ ਜੋ ਆਮ ਆਦਮੀ ਪਾਰਟੀ ਦੇ ਕੇਸ ਲੜਦੇ ਰਹੇ ਹਨ । ਉਹ ਹਿਮਾਚਲ ਤੋਂ ਰਾਜ ਸਭਾ ਦੀ ਚੋਣ ਨਹੀਂ ਜਿਤ ਸਕੇ ਸਨ।

ਪਾਰਟੀ ਆਪਣੇ ਸੰਸਦ ਮੈਂਬਰਾਂ ਨੂੰ ਪਾਰਟੀ ਤੋਂ ਬਾਹਰ ਨਹੀਂ ਕੱਢ ਸਕਦੀ ਕਿਉਂਕਿ ਇਸ ਤੋਂ ਬਾਅਦ ਵੀ ਉਹ ਰਾਜ ਸਭਾ ਦੀ ਅਾਪਣੀ ਮੈਂਬਰੀ ਬਰਕਰਾਰ ਰੱਖ ਸਕਦੇ ਹਨ। ਦੱਸਿਆ ਜਾਂਦਾ ਹੈ ਕਿ ਸਵਾਤੀ ਮਾਲੀਵਾਲ ਇਸੇ ਮਾਮਲੇ ’ਚ ਆਪਣਾ ਸਪੱਸ਼ਟੀਕਰਨ ਦੇਣ ਲਈ ਮੁੱਖ ਮੰਤਰੀ ਕੋਲ ਗਈ ਸੀ।


author

Rakesh

Content Editor

Related News