ਸੇਵਾਮੁਕਤੀ ਦੇ ਦਿਨ ਤੋਂ ਹੀ ਮਿਲੇਗੀ ਪੈਨਸ਼ਨ, ਲੁਧਿਆਣਾ ''ਚ ਸ਼ੁਰੂ ਹੋਇਆ ''ਵਿਸ਼ਵਾਸ'' ਪ੍ਰਾਜੈਕਟ

Friday, Aug 05, 2022 - 02:06 AM (IST)

ਸੇਵਾਮੁਕਤੀ ਦੇ ਦਿਨ ਤੋਂ ਹੀ ਮਿਲੇਗੀ ਪੈਨਸ਼ਨ, ਲੁਧਿਆਣਾ ''ਚ ਸ਼ੁਰੂ ਹੋਇਆ ''ਵਿਸ਼ਵਾਸ'' ਪ੍ਰਾਜੈਕਟ

ਲੁਧਿਆਣਾ (ਸੇਠੀ) : ਨਿੱਜੀ ਅਦਾਰਿਆਂ ਦੇ ਕਰਮਚਾਰੀਆਂ ਨੂੰ ਵੀ ਸੇਵਾਮੁਕਤੀ ਵਾਲੇ ਦਿਨ ਤੋਂ ਹੀ ਪੈਨਸ਼ਨ ਮਿਲੇਗੀ। ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਲੁਧਿਆਣਾ ਵਿੱਚ 'ਵਿਸ਼ਵਾਸ' ਨਾਂ ਦਾ ਇਕ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਹੈ। ਮੁਲਾਜ਼ਮਾਂ ਨੂੰ ਸੇਵਾਮੁਕਤੀ ਵਾਲੇ ਦਿਨ ਪੈਨਸ਼ਨ ਸਰਟੀਫਿਕੇਟ ਮਿਲ ਜਾਵੇਗਾ। ਆਉਣ ਵਾਲੇ ਸਮੇਂ 'ਚ ਦੇਸ਼ ਵਿੱਚ ਸਰਕਾਰੀ ਮੁਲਾਜ਼ਮਾਂ ਵਾਂਗ ਨਿੱਜੀ ਅਦਾਰਿਆਂ ਅਤੇ ਸੰਸਥਾਵਾਂ ਦੇ ਮੁਲਾਜ਼ਮਾਂ ਨੂੰ ਵੀ ਸੇਵਾਮੁਕਤੀ ਵਾਲੇ ਦਿਨ ਤੋਂ ਹੀ ਪੈਨਸ਼ਨ ਮਿਲੇਗੀ। ਇਸ ਦੇ ਲਈ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਸ਼ੁੱਕਰਵਾਰ ਨੂੰ ਲੁਧਿਆਣਾ ਵਿੱਚ ਇਕ ਪਾਇਲਟ ਪ੍ਰਾਜੈਕਟ 'ਵਿਸ਼ਵਾਸ' ਸ਼ੁਰੂ ਕੀਤਾ ਹੈ।

ਇਹ ਪ੍ਰਕਿਰਿਆ ਹੈ

ਇਸ ਪ੍ਰਾਜੈਕਟ ਤਹਿਤ ਖੇਤਰੀ ਦਫ਼ਤਰ ਲੁਧਿਆਣਾ ਵਿਖੇ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ। ਇਹ ਟੀਮ ਸੇਵਾਮੁਕਤ ਹੋਣ ਵਾਲੇ ਮੁਲਾਜ਼ਮਾਂ ਦੇ 2 ਮਹੀਨੇ ਪਹਿਲਾਂ ਮੁਕੰਮਲ ਕੀਤੇ ਦਸਤਾਵੇਜ਼ ਪ੍ਰਾਪਤ ਕਰੇਗੀ। ਸੇਵਾਮੁਕਤੀ 'ਤੇ ਉਨ੍ਹਾਂ ਨੂੰ ਪੈਨਸ਼ਨ ਸਰਟੀਫਿਕੇਟ ਦਿੱਤਾ ਜਾਵੇਗਾ। ਇਸੇ ਲੜੀ ਤਹਿਤ ਅਪ੍ਰੈਲ 'ਚ ਸੇਵਾਮੁਕਤ ਹੋ ਰਹੇ 54 ਅਦਾਰਿਆਂ ਦੇ 91 ਮੁਲਾਜ਼ਮਾਂ ਨੂੰ ਸ਼ੁੱਕਰਵਾਰ ਨੂੰ ਪੈਨਸ਼ਨ ਸਰਟੀਫਿਕੇਟ ਦਿੱਤੇ ਗਏ। ਇਨ੍ਹਾਂ 'ਚੋਂ 7 ਨੇ ਮੁਲਤਵੀ ਪੈਨਸ਼ਨ ਵਿਕਲਪ ਦੀ ਚੋਣ ਕੀਤੀ, ਜਦੋਂ ਕਿ 84 ਨੇ ਪੈਨਸ਼ਨ ਦੀ ਚੋਣ ਕੀਤੀ ਹੈ। ਜੇਕਰ ਇਹ ਕੋਸ਼ਿਸ਼ ਸਫਲ ਹੁੰਦੀ ਹੈ ਤਾਂ ਇਸ ਨੂੰ ਪੰਜਾਬ ਦੇ ਹੋਰ ਖੇਤਰੀ ਦਫ਼ਤਰਾਂ ਤੇ ਹੋਰ ਰਾਜਾਂ ਵਿੱਚ ਵੀ ਸ਼ੁਰੂ ਕੀਤਾ ਜਾਵੇਗਾ।

ਖ਼ਬਰ ਇਹ ਵੀ : ਜਲੰਧਰ 'ਚ ਬੰਦੂਕ ਦੀ ਨੋਕ ’ਤੇ ਲੁੱਟੀ ਬੈਂਕ, ਉਥੇ ਮਾਨ ਸਰਕਾਰ ਵੱਲੋਂ ਬਕਾਇਆ ਬਿਜਲੀ ਬਿੱਲ ਮੁਆਫ਼, ਪੜ੍ਹੋ TOP 10

ਅਦਾਰਿਆਂ ਨੂੰ ਸੇਵਾਮੁਕਤੀ ਦੇ ਮਹੀਨੇ ਲਈ ਯੋਗਦਾਨ ਦਾ ਕਰਨਾ ਹੋਵੇਗਾ ਅਗਾਊਂ ਭੁਗਤਾਨ

ਅਦਾਰਿਆਂ ਨੂੰ ਰਿਟਾਇਰਮੈਂਟ ਦੇ ਮਹੀਨੇ ਲਈ ਪ੍ਰੋਵੀਡੈਂਟ ਫੰਡ (PF) ਦਾ ਅਗਾਊਂ ਭੁਗਤਾਨ ਕਰਨਾ ਹੋਵੇਗਾ। ਪੈਨਸ਼ਨ ਦਾਅਵਿਆਂ ਨੂੰ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਪੀ.ਐੱਫ. ਦਫ਼ਤਰ ਵਿੱਚ ਦਾਇਰ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਇਕ ਮਹੀਨੇ ਵਿੱਚ ਸੇਵਾਮੁਕਤ ਹੋਣ ਵਾਲੇ ਕਰਮਚਾਰੀਆਂ ਦੀ ਗਿਣਤੀ ਦੀ 15 ਤਾਰੀਖ ਤੋਂ ਪਹਿਲਾਂ ਈ.ਸੀ.ਆਰ. (ਇਲੈਕਟ੍ਰਾਨਿਕ ਚਲਾਨ-ਕਮ-ਰਿਟਰਨ) ਫਾਈਲ ਕਰਨੀ ਹੋਵੇਗੀ। ਇਸ ਦੌਰਾਨ ਈ.ਪੀ.ਐੱਫ.ਓ. ਦੇ ਵਧੀਕ ਕੇਂਦਰੀ ਕਮਿਸ਼ਨਰ (ਏ.ਸੀ.ਸੀ.) ਕੁਮਾਰ ਰੋਹਿਤ, ਚੰਡੀਗੜ੍ਹ ਖੇਤਰ ਦੇ ਕਮਿਸ਼ਨਰ ਪੀ.ਪੀ.ਐੱਸ. ਮੈਂਗੀ ਨੇ ਵੀ ਸ਼ਿਰਕਤ ਕੀਤੀ। ਏ.ਸੀ.ਸੀ ਕੁਮਾਰ ਰੋਹਿਤ ਨੇ ਕਿਹਾ ਕਿ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ 'ਤੇ 'ਪ੍ਰਯਾਸ' ਤੋਂ 'ਵਿਸ਼ਵਾਸ' ਦੀ ਪਹੁੰਚ ਵਿੱਚ ਇਕ ਕ੍ਰਾਂਤੀਕਾਰੀ ਬਦਲਾਅ ਹੈ। EPFO ਸੇਵਾਵਾਂ ਲਈ ਸਾਡੇ EPF ਮੈਂਬਰਾਂ ਵਿੱਚ 'ਵਿਸ਼ਵਾਸ' ਪੈਦਾ ਕਰਨ ਦੀ ਇਕ ਕੋਸ਼ਿਸ਼ ਹੈ।

ਇਹ ਵੀ ਪੜ੍ਹੋ : ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਬਸਪਾ ਪ੍ਰਧਾਨ ਜਸਵੀਰ ਗੜ੍ਹੀ ਨੇ ਕਹੀ ਇਹ ਵੱਡੀ ਗੱਲ

EPFO ਵਿੱਚ ਅਜਿਹਾ ਪਹਿਲੀ ਵਾਰ ਕੀਤਾ ਜਾ ਰਿਹਾ ਹੈ, ਇਸ ਲਈ ਇਸ ਯੋਜਨਾ ਨੂੰ ਲਾਗੂ ਕਰਨ 'ਚ ਦਰਪੇਸ਼ ਵਿਵਹਾਰਕ ਸਮੱਸਿਆਵਾਂ ਨੂੰ ਸਮਝਣ ਲਈ ਇਹ ਪਾਇਲਟ ਪ੍ਰਾਜੈਕਟ ਲੁਧਿਆਣਾ ਵਿੱਚ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਬਾਅਦ 15 ਅਗਸਤ 2022 ਨੂੰ ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਵਿੱਚ ਜਥੇਬੰਦੀ ਦੇ ਹੋਰ ਸਾਰੇ ਦਫ਼ਤਰਾਂ 'ਚ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ। ਖੇਤਰੀ ਕਮਿਸ਼ਨਰ ਧੀਰਜ ਗੁਪਤਾ ਨੇ ਦੱਸਿਆ ਕਿ ਕੇਂਦਰੀ ਪੀ.ਐੱਫ. ਕਮਿਸ਼ਨਰ ਨੀਲਮ ਸ਼ੰਮੀ ਰਾਓ ਨੇ ਸਾਰੇ ਈ.ਪੀ.ਐੱਫ.ਓ. ਦਫਤਰਾਂ ਨੂੰ ਸੇਵਾਵਾਂ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਤਰੀਕੇ ਅਤੇ ਸਾਧਨ ਲੱਭਣ ਲਈ ਕਿਹਾ ਹੈ। ਲੁਧਿਆਣਾ ਖੇਤਰੀ ਦਫ਼ਤਰ ਵਿਖੇ 'ਵਿਸ਼ਵਾਸ' ਪ੍ਰਾਜੈਕਟ ਦੀ ਸ਼ੁਰੂਆਤ ਕਰਨ ਵਿੱਚ ਸਤੀਸ਼ ਸਿੰਘ, ਰਾਜੇਸ਼ ਭਾਰਗਵ, ਸ਼ਵਿੰਦਰ ਡੀ.ਪੀ.ਏ ਅਤੇ ਮੁਨੀਸ਼ ਦਾ ਅਹਿਮ ਯੋਗਦਾਨ ਸੀ।

ਇਹ ਵੀ ਪੜ੍ਹੋ : ਅਮਰੀਕਾ ਨੇ ਮੰਕੀਪਾਕਸ ਨੂੰ ਜਨਤਕ ਸਿਹਤ ਐਮਰਜੈਂਸੀ ਐਲਾਨਿਆ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News