ਸੋਸ਼ਲ ਮੀਡੀਆ ''ਤੇ ਵਾਇਰਲ ਵੀਡੀਓ ਖਿਲਾਫ ਪਹਿਲਵਾਨਾਂ ਦਾ ਰੋਸ ਪ੍ਰਦਰਸ਼ਨ
Thursday, Jun 11, 2020 - 04:22 PM (IST)
ਮਾਛੀਵਾੜਾ ਸਾਹਿਬ (ਵਿਪਨ) : ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡਿਓ ਵਾਇਰਲ ਹੋਈ ਸੀ, ਜਿਸ 'ਚ ਪਹਿਲਵਾਨਾਂ ਨੂੰ ਨਸ਼ੇ ਕਰ ਕੇ ਕੁਸ਼ਤੀ ਲੜਦੇ ਅਤੇ ਲੰਗੋਟ ਰੁਮਾਲੀ 'ਚ ਜਰਦਾ ਰੱਖਿਆ ਹੋਇਆ ਦਿਖਾ ਕੇ ਪਹਿਲਵਾਨਾਂ ਦਾ ਮਜ਼ਾਕ ਉਡਾਇਆ ਗਿਆ ਸੀ, ਜਿਸ ਤੋਂ ਬਾਅਦ ਅੱਜ ਗੁੱਸੇ 'ਚ ਆਏ ਪਹਿਲਵਾਨਾਂ ਨੇ ਮਾਛੀਵਾੜਾ ਸਾਹਿਬ ਦੇ ਪਿੰਡ ਸ਼ੇਰਪੁਰ ਦੇ ਬਾਬਾ ਫਲਾਈ ਕੁਸ਼ਤੀ ਡੇਰਾ ਅਖਾੜੇ 'ਚ ਇਕੱਠੇ ਹੋ ਐਕਸਰਸਾਈਜ਼ ਅਤੇ ਕੁਸ਼ਤੀ ਕਰ ਰੋਸ ਜਤਾਉਂਦੇ ਹੋਏ ਕਿਹਾ ਕਿ ਪਹਿਲਵਾਨ ਨਸ਼ਾ ਨਹੀਂ ਕਰਦੇ, ਸਗੋਂ ਦੁੱਧ, ਦਹੀਂ, ਮੇਵੇ ਖਾ ਕੇ ਕੁਸ਼ਤੀ ਲੜਦੇ ਹਨ ਅਤੇ ਦੇਸ਼ ਦਾ ਨਾਂ ਰੌਸ਼ਨ ਕਰਦੇ ਹਨ। ਪਹਿਲਾਵਾਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਇਹ ਵੀਡੀਓ ਬਣਾ ਕੇ ਪਹਿਲਵਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਨ੍ਹਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਦੱਸਿਆ ਕਿ ਸਾਡੇ ਪਹਿਲਵਾਨ ਸਵੇਰੇ ਸੱਜਰੇ ਉੱਠ ਕੇ ਪ੍ਰੈਕਟਿਸ ਕਰਦੇ ਹਨ। ਇਸ ਬਾਰੇ ਅਖਾੜੇ ਦੇ ਪਹਿਲਵਾਨ ਅਮਨਦੀਪ ਢਿੱਲੋਂ ਨੇ ਕਿਹਾ ਕਿ ਰੁਮਾਲੀ 'ਚ ਜੋ ਜਰਦਾ ਦਿਖਾਇਆ ਹੈ, ਉਹ ਬਹੁਤ ਗਲਤ ਹੈ ਕਿਉਂਕਿ ਰੁਮਾਲੀ ਹੀ ਸਭ ਤੋਂ ਸੁੱਚਮ ਹੁੰਦੀ ਹੈ। ਜਦੋਂ ਪਹਿਲਵਾਨ ਬਣਾਉਣ ਲਈ ਬੱਚੇ ਨੂੰ ਕੁਸ਼ਤੀ ਸਿੱਖਣ ਲਈ ਅਖਾੜੇ 'ਚ ਛੱਡ ਕੇ ਜਾਂਦੇ ਹਨ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਰੁਮਾਲੀ ਦੀ ਸੁੱਚਮ ਬਾਰੇ ਹੀ ਦੱਸਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਇਸ ਕੁਸ਼ਤੀ ਕਰਨ ਵਾਲੇ ਪਹਿਲਵਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਹੈ।