ਨਕਦ ਪੈਸੇ ਨਾ ਦੇਣ ''ਤੇ ਮਰੀਜ਼ਾਂ ਵੱਲ ਨਹੀਂ ਦਿੱਤਾ ਜਾਂਦਾ ਧਿਆਨ

12/06/2017 7:46:03 AM

ਅੰਮ੍ਰਿਤਸਰ, (ਦਲਜੀਤ)- ਗੁਰੂ ਨਾਨਕ ਦੇਵ ਹਸਪਤਾਲ ਦੇ ਦਿਲ ਦੇ ਰੋਗ ਵਿਭਾਗ 'ਚ ਮਰੀਜ਼ਾਂ ਦਾ ਰੱਜ ਕੇ ਸ਼ੋਸ਼ਣ ਹੋ ਰਿਹਾ ਹੈ। ਮਰੀਜ਼ ਜੇਕਰ ਡਾਕਟਰ ਅਨੁਸਾਰ ਕੀਮਤੀ ਦਵਾਈਆਂ ਨਹੀਂ ਖਰੀਦਦਾ ਤਾਂ ਡਾਕਟਰਾਂ ਵੱਲੋਂ ਉਸ ਦੇ ਇਲਾਜ 'ਤੇ ਪੁਖਤਾ ਧਿਆਨ ਨਹੀਂ ਦਿੱਤਾ ਜਾਂਦਾ। ਵਿਭਾਗ ਦੇ ਡਾਕਟਰ ਇਕ ਖਾਸ ਮੈਡੀਕਲ ਸਟੋਰ ਤੇ ਪ੍ਰਾਈਵੇਟ ਲੈਬਾਰਟਰੀ 'ਤੇ ਇੰਨੇ ਜ਼ਿਆਦਾ ਮਿਹਰਬਾਨ ਹਨ ਕਿ ਸਾਰੇ ਮਰੀਜ਼ਾਂ ਕੋਲ ਉਕਤ ਸਟੋਰ ਤੋਂ ਦਵਾਈਆਂ ਮੰਗਵਾ ਕੇ ਲੈਬਾਰਟਰੀ ਤੋਂ ਟੈਸਟ ਕਰਵਾਏ ਜਾਂਦੇ ਹਨ। ਮਰੀਜ਼ਾਂ ਦੀ ਉਕਤ ਵਿਭਾਗ 'ਚ ਦੁਰਦਸ਼ਾ ਮਾੜੀ ਹੋ ਰਹੀ ਹੈ ਤੇ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕਰ ਕੇ ਮਰੀਜ਼ਾਂ ਦੀ ਸੁਵਿਧਾ ਲਈ ਉਕਤ ਹਸਪਤਾਲ ਬਣਾ ਕੇ ਤਜਰਬੇਕਾਰ ਡਾਕਟਰ ਉਪਲਬਧ ਕਰਵਾਏ ਗਏ ਹਨ। ਮਰੀਜ਼ਾਂ ਦੀ ਬਿਹਤਰੀ ਲਈ ਸਰਕਾਰ ਵੱਲੋਂ ਮੁਫਤ ਦਵਾਈਆਂ ਦੇਣ ਦੀ ਵੀ ਵਿਸ਼ੇਸ਼ ਯੋਜਨਾ ਹੈ ਪਰ ਇਸ ਸਭ ਦੇ ਬਾਵਜੂਦ ਦਿਲ ਦੇ ਮਰੀਜ਼ਾਂ ਦਾ ਸ਼ੋਸ਼ਣ ਹੋ ਰਿਹਾ ਹੈ। ਰਣਜੀਤ ਕੌਰ ਵਾਸੀ ਸੈਦੋ ਲਹਿਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੇ ਦਿਲ ਵਿਚ ਕਾਫੀ ਦਰਦ ਹੋਈ ਤਾਂ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਤਰਸਿੱਕਾ ਦੇ ਸਰਕਾਰੀ ਹਸਪਤਾਲ ਲੈ ਗਏ। ਹਸਪਤਾਲ 'ਚ ਮੌਜੂਦ ਡਾਕਟਰਾਂ ਨੇ ਈ. ਸੀ. ਜੀ. ਕਰ ਕੇ ਦਿਲ ਦੀ ਬੀਮਾਰੀ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਤੇ ਗੁਰੂ ਨਾਨਕ ਦੇਵ ਹਸਪਤਾਲ 'ਚ ਰੈਫਰ ਕਰ ਦਿੱਤਾ।
5000 ਦਿਓ ਨਕਦ, ਨਹੀਂ ਮਿਲੇਗੀ ਰਸੀਦ 
ਉਕਤ ਹਸਪਤਾਲ ਦੀ ਓ. ਪੀ. ਡੀ. ਵਿਚ ਜਦੋਂ ਉਹ ਅਗਲੇ ਦਿਨ ਆਏ ਤਾਂ ਦਿਲ ਦੇ ਰੋਗ ਵਿਭਾਗ ਦੀ ਮੁਲਾਜ਼ਮ ਨੇ ਪਰਚੀ ਬਣਾ ਦਿੱਤੀ। ਵਿਭਾਗ 'ਚ ਮੌਜੂਦ ਡਾ. ਰਾਜੀਵ ਗੁਪਤਾ ਨੇ ਦੁਬਾਰਾ ਈ. ਸੀ. ਜੀ. ਕਰ ਕੇ ਤੁਰੰਤ ਦਾਖਲ ਹੋਣ ਲਈ ਕਿਹਾ। ਡਾਕਟਰ ਦੇ ਕਹੇ ਅਨੁਸਾਰ ਉਹ ਦਾਖਲ ਹੋ ਗਏ। ਅਗਲੇ ਦਿਨ ਡਾ. ਅਰੋੜਾ ਨੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਮਰੀਜ਼ ਦੀ ਹਾਲਤ ਖ਼ਰਾਬ ਹੈ। 40 ਹਜ਼ਾਰ ਵਾਲਾ ਇੰਜੈਕਸ਼ਨ ਲੱਗਣਾ ਹੈ ਪਰ ਤੁਹਾਡੇ ਮਰੀਜ਼ ਨੂੰ ਇਹ ਥੋੜ੍ਹੀ ਮਾਤਰਾ 'ਚ ਹੀ ਲੱਗੇਗਾ, ਇਸ ਲਈ ਤੁਸੀਂ 5 ਹਜ਼ਾਰ ਰੁਪਏ ਦੇ ਦਿਓ। ਮਰੀਜ਼ ਰਣਜੀਤ ਕੌਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੇ 5 ਹਜ਼ਾਰ ਦੇ ਬਦਲੇ ਸਰਕਾਰੀ ਰਸੀਦ ਦੇਣ ਦੀ ਗੱਲ ਪੁੱਛੀ ਤਾਂ ਉਨ੍ਹਾਂ ਰਸੀਦ ਦੇਣ ਤੋਂ ਇਨਕਾਰ ਕਰ ਦਿੱਤਾ। ਮਰੀਜ਼ ਨੇ ਦੱਸਿਆ ਕਿ ਉਨ੍ਹਾਂ ਡਾਕਟਰ ਦੇ ਕਹੇ ਅਨੁਸਾਰ ਪੈਸੇ ਨਹੀਂ ਦਿੱਤੇ ਤਾਂ ਉਸ ਦੇ ਇਲਾਜ ਸਮੇਂ ਉਸ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ।
ਡਾਕਟਰ ਵੱਲੋਂ ਧਿਆਨ ਨਾ ਦੇਣ ਕਰ ਕੇ ਲੈ ਲਈ ਛੁੱਟੀ 
ਰਣਜੀਤ ਕੌਰ ਨੇ ਦੱਸਿਆ ਕਿ ਹਸਪਤਾਲ ਦੇ ਬਾਹਰ ਇਕ ਪ੍ਰਾਈਵੇਟ ਮੈਡੀਕਲ ਸਟੋਰ ਦਾ ਨਾਂ ਲੈ ਕੇ ਦਵਾਈਆਂ ਖਰੀਦ ਕੇ ਲਿਆਉਣ ਲਈ ਕਿਹਾ ਗਿਆ ਤੇ ਪ੍ਰਾਈਵੇਟ ਲੈਬਾਰਟਰੀ ਤੋਂ 7 ਹਜ਼ਾਰ ਤੋਂ ਵੱਧ ਦੇ ਟੈਸਟ ਕਰਵਾਏ ਗਏ। ਉਸ ਦੇ ਇਲਾਜ ਵੱਲ ਧਿਆਨ ਨਾ ਦੇਣ ਕਾਰਨ ਉਨ੍ਹਾਂ ਕੁਝ ਹੀ ਦਿਨਾਂ ਬਾਅਦ ਛੁੱਟੀ ਲੈ ਲਈ। ਉਨ੍ਹਾਂ ਕਿਹਾ ਕਿ ਵਾਰਡ ਵਿਚ ਕਈ ਅਜਿਹੇ ਮਰੀਜ਼ ਹਨ ਜਿਨ੍ਹਾਂ ਕੋਲੋਂ ਇਕ ਹੀ ਸਟੋਰ ਤੋਂ ਦਵਾਈ ਮੰਗਵਾ ਕੇ ਟੈਸਟ ਕਰਵਾਏ ਗਏ ਹਨ। ਸਰਕਾਰ ਵੱਲੋਂ ਜੋ ਸੁਵਿਧਾਵਾਂ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਅਸਲੀਅਤ ਵਿਚ ਉਹ ਕੋਹਾਂ ਦੂਰ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਰੀਜ਼ਾਂ ਦੇ ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਵਿਸ਼ੇਸ਼ ਉਪਰਾਲਾ ਕੀਤਾ ਜਾਵੇ। 
ਕੀ ਕਹਿੰਦੇ ਨੇ ਡਾ. ਰਾਜੀਵ ਅਰੋੜਾ? 
ਦਿਲ ਦੇ ਰੋਗ ਵਿਭਾਗ ਦੇ ਇੰਚਾਰਜ ਡਾ. ਰਾਜੀਵ ਅਰੋੜਾ ਨੇ ਕਿਹਾ ਕਿ ਸਰਕਾਰੀ ਤੌਰ 'ਤੇ ਜੋ ਦਵਾਈ ਆਉਂਦੀ ਹੈ ਉਹ ਮਰੀਜ਼ ਨੂੰ ਦਿੱਤੀ ਜਾਂਦੀ ਹੈ। ਮਰੀਜ਼ ਨੂੰ ਜ਼ਰੂਰਤ ਪੈਣ 'ਤੇ ਉਹ ਬਾਹਰੋਂ ਵੀ ਦਵਾਈ ਮੰਗਾਉਂਦੇ ਹਨ ਪਰ ਕਿਸੇ ਖਾਸ ਮੈਡੀਕਲ ਸਟੋਰ 'ਤੇ ਨਹੀਂ ਭੇਜਿਆ ਜਾਂਦਾ। ਸਰਕਾਰੀ ਲੈਬਾਰਟਰੀ ਤੋਂ ਦਿਲ ਦੀਆਂ ਬੀਮਾਰੀਆਂ ਦੇ ਢੁੱਕਵੇਂ ਇਲਾਜ ਨਾ ਹੋਣ ਕਰ ਕੇ ਪ੍ਰਾਈਵੇਟ ਲੈਬਾਰਟਰੀਆਂ 'ਤੇ ਭੇਜਿਆ ਜਾਂਦਾ ਹਨ। ਉਨ੍ਹਾਂ ਕਿਹਾ ਕਿ ਮਰੀਜ਼ ਵੱਲੋਂ ਜੋ ਦੋਸ਼ ਲਾਏ ਜਾ ਰਹੇ ਹਨ ਉਹ ਝੂਠੇ ਹਨ।


Related News