ਭੈਣ ਦੇ ਵਿਆਹ ਬਹਾਨੇ 5 ਲੱਖ ਲਏ ਉਧਾਰ, ਦੇਣ ਦੀ ਬਜਾਏ ਦੁਬਈ ਹੋਇਆ ਫ਼ਰਾਰ

06/03/2024 1:57:28 PM

ਚੰਡੀਗੜ੍ਹ (ਪ੍ਰੀਕਸ਼ਿਤ) : ਸ਼ਹਿਰ ਦੇ ਇਕ ਦੁਕਾਨਦਾਰ ਨੇ ਮਿਹਨਤ ਦੀ ਕਮਾਈ ਲੈ ਕੇ ਫ਼ਰਾਰ ਹੋਏ ਇਕ ਮੁਲਜ਼ਮ ਖ਼ਿਲਾਫ਼ ਦੁਬਈ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਹ ਸ਼ਿਕਾਇਤ ਸੈਕਟਰ-22 ਸਥਿਤ ਮੋਬਾਈਲ ਮਾਰਕੀਟ ਦੇ ਦੁਕਾਨਦਾਰ ਮਨਪ੍ਰੀਤ ਗੁਲਾਟੀ ਨੇ ਕੀਤੀ ਹੈ। ਪੀੜਤ ਦੁਕਾਨਦਾਰ ਦਾ ਦੋਸ਼ ਹੈ ਕਿ ਸੈਕਟਰ-29 ਦੇ ਰਹਿਣ ਵਾਲੇ ਦੀਪਕ ਕੁਮਾਰ ਨੇ ਭੈਣ ਦੇ ਵਿਆਹ ਦਾ ਕਹਿ ਕੇ ਉਸ ਤੋਂ 5 ਲੱਖ ਰੁਪਏ ਉਧਾਰ ਲਏ ਸਨ। ਮੁਲਜ਼ਮ ਨੇ ਉਸ ਨੂੰ ਉਧਾਰ ਦੀ ਰਕਮ ਦੇ ਬਦਲੇ 5 ਲੱਖ ਰੁਪਏ ਦਾ ਚੈੱਕ ਵੀ ਦਿੱਤਾ ਪਰ ਬੈਂਕ ’ਚ ਚੈੱਕ ਲਾਉਣ ’ਤੇ ਉਹ ਬਾਊਂਸ ਹੋ ਗਿਆ। ਪੀੜਤ ਵੱਲੋਂ ਦਾਇਰ ਕੀਤੇ ਗਏ ਚੈੱਕ ਬਾਊਂਸ ਮਾਮਲੇ ’ਚ ਬੇਲ ਬਾਂਡ ’ਤੇ ਮਿਲੀ ਜ਼ਮਾਨਤ ਤੋਂ ਬਾਅਦ ਅਦਾਲਤ ’ਚ ਪੇਸ਼ ਹੋਣ ਦੀ ਬਜਾਏ ਉਹ ਦੁਬਈ ਫ਼ਰਾਰ ਹੋ ਗਿਆ, ਜਿਸ ਤੋਂ ਬਾਅਦ ਉਸ ਨੇ ਮੁਲਜ਼ਮ ਦੀਪਕ ਖ਼ਿਲਾਫ਼ ਦੁਬਈ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਤੇ ਮੁਲਜ਼ਮ ਖ਼ਿਲਾਫ਼ ਦੇਸ਼ ਦੀ ਸਾਖ਼ ਨੂੰ ਧਿਆਨ ’ਚ ਰੱਖਦਿਆਂ ਲੋੜੀਂਦੀ ਕਾਰਵਾਈ ਕਰਨ ਦੀ ਅਪੀਲ ਕੀਤੀ।

ਸ਼ਿਕਾਇਤਕਰਤਾ ਮਨਪ੍ਰੀਤ ਗੁਲਾਟੀ ਨੇ ਦੱਸਿਆ ਕਿ ਸੈਕਟਰ-22 ਮੋਬਾਈਲ ਮਾਰਕੀਟ ’ਚ ਦੁਕਾਨ ’ਚ ਇਕ ਹੋਰ ਮੋਬਾਈਲ ਵਿਕਰੇਤਾ ਦੇ ਕਾਊਂਟਰ ਦੇ ਨਾਲ ਮੁਲਜ਼ਮ ਦੀਪਕ ਕੁਮਾਰ ਦਾ ਵੀ ਮੋਬਾਈਲ ਸੇਲ ਐਂਡ ਰਿਪੇਅਰ ਦਾ ਕਾਊਂਟਰ ਸੀ। ਸ਼ਿਕਾਇਤਕਰਤਾ ਅਨੁਸਾਰ ਉਹ ਕੰਮ ਕਾਰਨ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਇਸੇ ਜਾਣ-ਪਛਾਣ ਕਾਰਨ ਪਹਿਲਾਂ ਵੀ ਕਈ ਵਾਰ ਲੋੜ ਪੈਣ ’ਤੇ ਉਸ ਨੂੰ 10-20 ਹਜ਼ਾਰ ਰੁਪਏ ਦਿੱਤੇ ਸਨ, ਜੋ ਉਸ ਨੇ ਸਮੇਂ ਸਿਰ ਵਾਪਸ ਕਰ ਦਿੱਤੇ ਸਨ। ਮੁਲਜ਼ਮ ਨੇ ਇਸ ਭਰੋਸੇ ਦਾ ਫ਼ਾਇਦਾ ਉਠਾਉਂਦਿਆਂ ਭੈਣ ਦੇ ਵਿਆਹ ਦੇ ਨਾਂ ’ਤੇ 5 ਲੱਖ ਰੁਪਏ ਉਸ ਤੋਂ ਤੇ ਇਕ ਹੋਰ ਦੁਕਾਨਦਾਰ ਤੋਂ 5 ਲੱਖ ਰੁਪਏ ਉਧਾਰ ਲੈ ਲਏ ਤੇ ਕੁਝ ਦਿਨਾਂ ’ਚ ਵਾਪਸ ਕਰਨ ਦਾ ਵਾਅਦਾ ਕੀਤਾ ਸੀ।

ਪੈਸੇ ਮੰਗਣ ’ਤੇ ਕਰਦਾ ਰਿਹਾ ਟਾਲ-ਮਟੋਲ

ਇਲਜ਼ਾਮਾਂ ਤਹਿਤ ਤੈਅ ਸਮਾਂ ਬੀਤਣ ਤੋਂ ਕਈ ਦਿਨ ਬਾਅਦ ਵੀ ਪੈਸੇ ਨਾ ਮਿਲਣ ’ਤੇ ਜਦੋਂ ਪੀੜਤ ਨੇ ਮੁਲਜ਼ਮ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਹ ਪਹਿਲਾਂ ਤਾਂ ਟਾਲ-ਮਟੋਲ ਕਰਦਾ ਰਿਹਾ ਪਰ ਬਾਅਦ ’ਚ ਧਮਕਾਉਂਦਿਆਂ ਦੇਖ ਲੈਣ ਦੀ ਗੱਲ ਕਹਿਣ ਲੱਗਾ। ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਵੀ ਕੀਤੀ ਸੀ, ਜਿਸ ਦੌਰਾਨ ਉਸ ਨੇ 5 ਲੱਖ ਰੁਪਏ ਦਾ ਚੈੱਕ ਇਹ ਕਹਿ ਕੇ ਦਿੱਤਾ ਕਿ ਉਹ ਪੈਸੇ ਵਾਪਸ ਕਰ ਦੇਵੇਗਾ ਪਰ ਜਦੋਂ ਉਸ ਨੇ ਚੈੱਕ ਬੈਂਕ ’ਚ ਲਾਇਆ ਤਾਂ ਉਹ ਬਾਊਂਸ ਹੋ ਗਿਆ। ਇਸ ’ਤੇ ਪੀੜਤ ਨੇ ਅਦਾਲਤ ’ਚ ਮੁਲਜ਼ਮ ਖ਼ਿਲਾਫ਼ ਚੈੱਕ ਬਾਊਂਸ ਦਾ ਕੇਸ ਦਾਇਰ ਕੀਤਾ। ਜਦੋਂ ਉਹ ਕਈ ਤਰੀਕਾਂ ’ਤੇ ਪੇਸ਼ ਨਹੀਂ ਹੋਇਆ ਤਾਂ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਸ ਨੂੰ ਬੇਲ ਬਾਂਡ ’ਤੇ ਜ਼ਮਾਨਤ ਦੇ ਦਿੱਤੀ ਸੀ ਪਰ ਜ਼ਮਾਨਤ ਮਿਲਣ ਤੋਂ ਬਾਅਦ ਉਹ ਅਦਾਲਤ ’ਚ ਪੇਸ਼ ਨਹੀਂ ਹੋਇਆ ਤੇ ਦੁਬਈ ਫ਼ਰਾਰ ਹੋ ਗਿਆ। ਜ਼ਮਾਨਤ ਤੋਂ ਬਾਅਦ ਕਈ ਤਰੀਕਾਂ ’ਤੇ ਪੇਸ਼ ਨਾ ਹੋਣ ਕਾਰਨ ਉਸ ਨੂੰ ਅਦਾਲਤ ਵੱਲੋਂ ਭਗੌੜਾ ਐਲਾਨ ਦਿੱਤਾ ਗਿਆ ਹੈ। ਉਸ ਖ਼ਿਲਾਫ਼ ਪੁਲਸ ਵੱਲੋਂ ਐੱਫ.ਆਈ.ਆਰ. ਵੀ ਦਰਜ ਕੀਤੀ ਗਈ ਹੈ।

ਟਿਕਾਣੇ ਦਾ ਪਤਾ ਲੱਗਣ ’ਤੇ ਦੁਬਈ ਪੁਲਸ ਨੂੰ ਦਿੱਤੀ ਸ਼ਿਕਾਇਤ

ਪੀੜਤ ਮਨਪ੍ਰੀਤ ਗੁਲਾਟੀ ਨੇ ਦੱਸਿਆ ਕਿ ਮੁਲਜ਼ਮ ਕਾਫੀ ਸਮੇਂ ਤੋਂ ਫ਼ਰਾਰ ਸੀ ਪਰ ਹਾਲ ਹੀ ’ਚ ਉਸ ਨੂੰ ਪਤਾ ਲੱਗਾ ਕਿ ਉਹ ਦੁਬਈ ਫ਼ਰਾਰ ਹੋ ਗਿਆ ਹੈ, ਜਿਸ ਤੋਂ ਬਾਅਦ ਉਸ ਨੇ ਤੁਰੰਤ ਈ-ਮੇਲ ਰਾਹੀਂ ਦੁਬਈ ਪੁਲਸ ਨੂੰ ਇਸ ਦੀ ਸ਼ਿਕਾਇਤ ਕੀਤੀ। ਇਸ ਤੋਂ ਇਲਾਵਾ ਉਸ ਨੇ ਮੁਲਜ਼ਮ ਦੀਪਕ ਕੁਮਾਰ ਦਾ ਪਾਸਪੋਰਟ ਜ਼ਬਤ ਕਰਨ ਲਈ ਪਾਸਪੋਰਟ ਦਫ਼ਤਰ ਨੂੰ ਵੀ ਸ਼ਿਕਾਇਤ ਦਿੱਤੀ ਹੈ। ਦੁਬਈ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਉਸ ਨੇ ਦੀਪਕ ਕੁਮਾਰ ਖ਼ਿਲਾਫ਼ ਚੰਡੀਗੜ੍ਹ ਪੁਲਸ ਵੱਲੋਂ ਦਰਜ ਕੀਤੀ ਐੱਫ.ਆਈ.ਆਰ. ਤੇ ਅਦਾਲਤ ਵੱਲੋਂ ਉਸ ਨੂੰ ਭਗੌੜਾ ਕਰਾਰ ਕੀਤੇ ਜਾਣ ਸਬੰਧੀ ਹੁਕਮਾਂ ਦੀ ਕਾਪੀ ਭੇਜ ਦਿੱਤੀ ਹੈ। ਪੀੜਤ ਨੇ ਮੁਲਜ਼ਮ ਦਾ ਪਾਸਪੋਰਟ ਨੰਬਰ, ਇਸ ਦੇ ਜਾਰੀ ਹੋਣ ਤੇ ਮਿਆਦ ਪੁੱਗਣ ਦੀ ਮਿਤੀ ਸਮੇਤ ਹੋਰ ਵੇਰਵੇ ਵੀ ਦਿੰਦਿਆਂ ਚੰਡੀਗੜ੍ਹ ਤੋਂ ਫ਼ਰਾਰ ਹੋਏ ਮੁਲਜ਼ਮ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਦੁਕਾਨਦਾਰ ਵੱਲੋਂ ਭੇਜੀ ਗਈ ਸ਼ਿਕਾਇਤ ਦੁਬਈ ਪੁਲਸ ਵੱਲੋਂ ਪ੍ਰਾਪਤ ਕੀਤੇ ਜਾਣ ਦੀ ਜਾਣਕਾਰੀ ਦਿੰਦਿਆਂ ਉਕਤ ਮਾਮਲੇ ਨੂੰ ਦੁਬਈ ਪੁਲਸ ਦੇ ਗ੍ਰਿਵੈਂਸੈੱਸ ਸੈੱਲ ਨੂੰ ਭੇਜ ਦਿੱਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।


Gurminder Singh

Content Editor

Related News