PAU ਨੇ ਉਦਯੋਗ ਮਾਹਿਰਾਂ ਲਈ ਖੇਤ ਮਸ਼ੀਨਰੀ ਦੀ ਸਮਰੱਥਾ ਨਿਰਮਾਣ ਬਾਰੇ ਲਗਾਇਆ ਕੈਂਪ

Tuesday, Mar 05, 2019 - 05:06 PM (IST)

PAU ਨੇ ਉਦਯੋਗ ਮਾਹਿਰਾਂ ਲਈ ਖੇਤ ਮਸ਼ੀਨਰੀ ਦੀ ਸਮਰੱਥਾ ਨਿਰਮਾਣ ਬਾਰੇ ਲਗਾਇਆ ਕੈਂਪ

ਲੁਧਿਆਣਾ- ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ. ਏ. ਯੂ) ਦੇ ਖੇਤੀਬਾੜੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਵੱਲੋਂ ਟਰੈਕਟਰ ਅਤੇ ਖੇਤ ਮਸ਼ੀਨਰੀ ਦੀ ਸਮਰੱਥਾ ਨਿਰਮਾਣ ਬਾਰੇ ਦੋ ਦਿਨ ਦਾ ਸਿਖਲਾਈ ਕੈਂਪ (ਪ੍ਰੋਗਰਾਮ) ਲਗਾਇਆ ਗਿਆ। ਇਹ ਸਿਖਲਾਈ ਮਹਿੰਦਰਾ ਐਂਡ ਮਹਿੰਦਰਾ (ਸਵਰਾਜ) ਖੋਜ ਅਤੇ ਵਿਕਾਸ ਟੀਮ ਦੇ ਇੰਜਨੀਅਰਾਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਉਤਪਾਦ ਵਿਕਾਸ ਪੁਰਜ਼ਿਆਂ ਦੇ ਡਿਜ਼ਾਇਨ, ਮਸ਼ੀਨਰੀ ਦੀ ਯੋਗਤਾ ਦੀ ਪਰਖ ਆਦਿ ਵਿਸ਼ਿਆਂ ਬਾਰੇ ਨਵੀਆਂ ਲੋੜਾਂ ਤੋਂ ਜਾਣੂੰ ਕਰਵਾਉਣ ਦਾ ਮੌਕਾ ਸੀ।

ਖੇਤੀਬਾੜੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਕਾਲਜ ਦੇ ਕਾਰਪੋਰੇਟ ਸੈਕਟਰ ਅਤੇ ਉਦਯੋਗਿਕ ਸੰਸਥਾਵਾਂ ਨਾਲ ਨੇੜਲੇ ਸੰਬੰਧ ਹਨ, ਜਿਸ ਨਾਲ ਨਵੀਆਂ ਖੇਤੀ ਲੋੜਾਂ ਮੁਤਾਬਕ ਮਸ਼ੀਨਰੀ ਦੀਆਂ ਸਹੂਲਤਾਂ ਬਾਰੇ ਨਾ ਸਿਰਫ਼ ਕੰਪਨੀਆਂ ਨੂੰ ਬਲਕਿ ਸਾਡੇ ਵਿਦਿਆਰਥੀਆਂ ਨੂੰ ਵੀ ਲਾਭ ਮਿਲੇਗਾ, ਜੋ ਇਹਨਾਂ ਕੰਪਨੀਆਂ 'ਚ ਨੌਕਰੀ ਕਰਨ ਦੇ ਚਾਹਵਾਨ ਹਨ। ਉਹਨਾਂ ਇਹ ਵੀ ਕਿਹਾ ਕਿ ਖੋਜ ਪ੍ਰਤੀ ਅਕਾਦਮਿਕ ਸੰਸਥਾਵਾਂ ਅਤੇ ਉਦਯੋਗਿਕ ਇਕਾਈਆਂ ਵਿਚਕਾਰ ਸਾਂਝ ਦੇ ਮੌਕੇ ਸਥਾਪਿਤ ਕਰਨੇ ਬੇਹੱਦ ਜ਼ਰੂਰੀ ਹਨ। ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਸਹਿਯੋਗੀ ਪ੍ਰੋਫੈਸਰ ਡਾ. ਵਿਸ਼ਾਲ ਬੈਕਟਰ ਇਸ ਸਿਖਲਾਈ ਪ੍ਰੋਗਰਾਮ ਦੇ ਕੁਆਰਡੀਨੇਟਰ ਸਨ। ਟਰੈਕਟਰ ਦੇ ਸਿਧਾਂਤ, ਕੰਮ ਕਰਨ ਦੇ ਤਰੀਕੇ ਅਤੇ ਖੇਤ ਤਕਨਾਲੋਜੀਆਂ ਵਿਸਥਾਰ ਨਾਲ ਇਸ ਸਿਖਲਾਈ ਦੌਰਾਨ ਮਹਿੰਦਰਾ ਐਂਡ ਮਹਿੰਦਰਾ ਦੀ ਖੋਜ ਅਤੇ ਵਿਕਾਸ ਟੀਮ ਨਾਲ ਵਿਚਾਰੀਆਂ ਗਈਆਂ ।


author

Iqbalkaur

Content Editor

Related News