ਰੰਜਿਸ਼ ਤਹਿਤ ਵਿਅਕਤੀ ''ਤੇ ਰਿਵਾਲਵਰ ਤਾਣਨ ਦੇ ਦੋਸ਼ ''ਚ ਪਟਵਾਰੀ ਗ੍ਰਿਫ਼ਤਾਰ

Wednesday, Sep 20, 2017 - 12:01 AM (IST)

ਰੰਜਿਸ਼ ਤਹਿਤ ਵਿਅਕਤੀ ''ਤੇ ਰਿਵਾਲਵਰ ਤਾਣਨ ਦੇ ਦੋਸ਼ ''ਚ ਪਟਵਾਰੀ ਗ੍ਰਿਫ਼ਤਾਰ

ਗੁਰਦਾਸਪੁਰ,   (ਵਿਨੋਦ, ਦੀਪਕ)-  ਪੁਰਾਣੀ ਰੰਜਿਸ਼ ਕਾਰਨ ਇਕ ਪਟਵਾਰੀ ਵੱਲੋਂ ਨੌਜਵਾਨ ਦੇ ਘਰ ਵਿਚ ਜਾ ਕੇ ਉਸ 'ਤੇ ਰਿਵਾਲਵਰ ਤਾਣਨ ਅਤੇ ਗਾਲੀ-ਗਲੋਚ ਕਰਨ ਦੇ ਦੋਸ਼ ਵਿਚ ਸਿਟੀ ਪੁਲਸ ਨੇ ਪਟਵਾਰੀ ਨੂੰ ਤਾਂ ਗ੍ਰਿਫ਼ਤਾਰ ਕਰ ਕੇ ਉਸ ਦੇ ਲਾਇਸੈਂਸੀ ਰਿਵਾਲਵਰ ਸਮੇਤ ਦੋ ਬੰਦੂਕਾਂ ਕਬਜ਼ੇ ਵਿਚ ਲੈ ਲਈਆਂ ਹਨ ਪਰ ਉਸ ਦਾ ਇਕ ਸਾਥੀ ਫਰਾਰ ਹੋਣ ਵਿਚ ਸਫ਼ਲ ਹੋ ਗਿਆ। ਘਟਨਾ ਸਬੰਧੀ ਪੁਲਸ ਮੁਖੀ ਡਿਟੈਕਟਿਵ ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਇਕ ਨੌਜਵਾਨ ਗਗਨ ਉਰਫ਼ ਟਿੰਕੂ ਨਿਵਾਸੀ ਕਾਲਜ ਰੋਡ ਗੁਰਦਾਸਪੁਰ ਨੇ ਸੂਚਿਤ ਕੀਤਾ ਕਿ ਇਕ ਪਟਵਾਰੀ ਗੁਲਾਬ ਸਿੰਘ ਉਰਫ਼ ਰਾਜੂ ਨਿਵਾਸੀ ਪਿੰਡ ਹਰਦੋਬਥਵਾਲਾ ਜੋ ਕਲਾਨੌਰ ਇਲਾਕੇ ਵਿਚ ਤਾਇਨਾਤ ਹੈ, ਨੇ ਪੁਰਾਣੀ ਰੰਜਿਸ਼ ਕਾਰਨ ਉਸ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਪਟਵਾਰੀ ਮੇਰੇ 'ਤੇ ਹਮਲਾ ਕਰਨ ਲੱਗਾ ਤਾਂ ਗਗਨ ਆਪਣੇ ਘਰ ਵਿਚ ਭੱਜ ਕੇ ਚਲਾ ਗਿਆ ਅਤੇ ਬਚ ਗਿਆ। ਗਗਨ ਨੇ ਪੁਲਸ ਨੂੰ ਬਿਆਨ ਦਿੱਤਾ ਕਿ ਉਹ ਕਾਲਜ ਰੋਡ 'ਤੇ ਸੀਮੈਂਟ- ਸਰੀਏ ਦਾ ਕਾਰੋਬਾਰ ਕਰਦਾ ਹੈ ਅਤੇ ਅੱਜ ਆਪਣੇ ਪਰਿਵਾਰ ਨਾਲ ਜੰਮੂ ਤੋਂ ਕਾਰ ਰਾਹੀਂ ਵਾਪਸ ਜਦੋਂ ਆਪਣੇ ਘਰ ਕੋਲ ਪਹੁੰਚਿਆ ਤਾਂ ਗੁਲਾਬ ਸਿੰਘ ਜੋ ਆਪਣੀ ਕਾਰ ਨੰਬਰ ਪੀ ਬੀ 06 ਕਿਊ 0579 'ਤੇ ਸੀ, ਨੇ ਮੇਰੀ ਕਾਰ ਅੱਗੇ ਕਾਰ ਰੋਕ ਕੇ ਹਮਲਾ ਕਰਨਾ ਚਾਹਿਆ ਪਰ ਉਹ ਭੱਜ ਕੇ ਆਪਣੇ ਘਰ ਚਲਾ ਗਿਆ। ਗੁਲਾਬ ਸਿੰਘ ਵੀ ਆਪਣੇ ਇਕ ਸਾਥੀ ਨਾਲ ਮੇਰੇ ਘਰ ਆ ਗਿਆ ਅਤੇ ਮੇਰੇ 'ਤੇ ਆਪਣੀ ਰਿਵਾਲਵਰ ਤਾਣ ਦਿੱਤੀ ਪਰ ਗਗਨ ਭੱਜ ਕੇ ਆਪਣੇ ਕਮਰੇ ਵਿਚ ਜਾਣ 'ਚ ਸਫ਼ਲ ਹੋ ਗਿਆ ਅਤੇ ਬਚ ਗਿਆ। ਗਗਨ ਅਨੁਸਾਰ ਗੁਲਾਬ ਸਿੰਘ ਨਾਲ ਉਸ ਦੀ ਪੁਰਾਣੀ ਰੰਜਿਸ਼ ਹੈ। ਇਸ ਸੂਚਨਾ ਦੇ ਆਧਾਰ 'ਤੇ ਸਿਟੀ ਪੁਲਸ ਸਟੇਸ਼ਨ ਇੰਚਾਰਜ ਗੁਰਦੀਪ ਸਿੰਘ ਨੂੰ ਤੁਰੰਤ ਘਟਨਾ ਸਥਾਨ 'ਤੇ ਭੇਜਿਆ ਗਿਆ ਅਤੇ ਮਾਮਲੇ ਦੀ ਜਾਂਚ ਤੋਂ ਬਾਅਦ ਗਗਨ ਦੇ ਬਿਆਨਾਂ ਦੇ ਆਧਾਰ 'ਤੇ ਪਟਵਾਰੀ ਗੁਲਾਬ ਸਿੰਘ ਵਿਰੁੱਧ ਧਾਰਾ 307/452/34 ਅਤੇ 27-54-59 ਹਥਿਆਰ ਐਕਟ ਅਧੀਨ ਕੇਸ ਦਰਜ ਕਰ ਕੇ ਗੁਲਾਬ ਸਿੰਘ ਦੇ ਪਿੰਡ ਵਿਚ ਜਾ ਕੇ ਉਸ ਦੇ ਘਰ ਵਿਚ ਛਾਪੇਮਾਰੀ ਕਰਨ ਉਪਰੰਤ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਮੁਖੀ ਡਿਟੈਕਟਿਵ ਨੇ ਦੱਸਿਆ ਕਿ ਦੋਸ਼ੀ ਵੱਲੋਂ ਗਗਨ 'ਤੇ ਤਾਣਿਆ ਰਿਵਾਲਵਰ ਉਸ ਦੇ ਨਾਂ ਤੇ ਦੋ ਬੰਦੂਕਾਂ ਹੋਰ ਸਨ, ਉਹ ਵੀ ਪੁਲਸ ਨੇ ਕਬਜ਼ੇ ਵਿਚ ਲੈ ਲਈਆਂ ਹਨ, ਜਿਸ ਕਾਰ ਵਿਚ ਉਹ ਆਇਆ ਸੀ, ਉਸ ਨੂੰ ਵੀ ਪੁਲਸ ਨੇ ਕਬਜ਼ੇ ਵਿਚ ਲੈ ਲਿਆ ਹੈ। ਦੋਸ਼ੀ ਗੁਲਾਬ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਨ 'ਤੇ ਅਦਾਲਤ ਨੇ ਪਟਵਾਰੀ ਗੁਲਾਬ ਸਿੰਘ ਨੂੰ ਜੇਲ ਭੇਜ ਦਿੱਤਾ ਹੈ। 


Related News