PGI ’ਚ ਇਸ ਵਾਰ 2 ਸਾਲਾਂ ਦੇ ਮੁਕਾਬਲੇ ਦੀਵਾਲੀ ''ਤੇ ਆਈ ਇੰਜਰੀ ਤੇ ਸੜਨ ਦੇ ਜ਼ਿਆਦਾ ਮਾਮਲੇ

Wednesday, Oct 26, 2022 - 02:02 PM (IST)

PGI ’ਚ ਇਸ ਵਾਰ 2 ਸਾਲਾਂ ਦੇ ਮੁਕਾਬਲੇ ਦੀਵਾਲੀ ''ਤੇ ਆਈ ਇੰਜਰੀ ਤੇ ਸੜਨ ਦੇ ਜ਼ਿਆਦਾ ਮਾਮਲੇ

ਚੰਡੀਗੜ੍ਹ (ਪਾਲ) : ਪੀ. ਜੀ. ਆਈ. 'ਚ ਇਸ ਵਾਰ 2 ਸਾਲਾਂ ਦੇ ਮੁਕਾਬਲੇ ਦੀਵਾਲੀ ਮੌਕੇ ਆਈ-ਇੰਜਰੀ ਅਤੇ ਸੜਨ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਇਸ ਵਾਰ ਦੀਵਾਲੀ 'ਤੇ 24 ਘੰਟਿਆਂ 'ਚ ਪੀ. ਜੀ. ਆਈ. ਵਿਚ 28 ਮਾਮਲੇ ਸਾਹਮਣੇ ਆਏ ਸਨ, ਜਦੋਂ ਕਿ ਪਿਛਲੇ ਸਾਲ 2021 ਵਿਚ 24 ਘੰਟਿਆਂ ਵਿਚ 15 ਮਰੀਜ਼ ਸਾਹਮਣੇ ਆਏ ਸਨ ਅਤੇ 2020 ਵਿਚ 48 ਘੰਟਿਆਂ ਵਿਚ ਕੁੱਲ 27 ਕੇਸ ਸਾਹਮਣੇ ਆਏ ਸਨ। ਪੀ. ਜੀ. ਆਈ. ਦੇ ਐਡਵਾਂਸ ਆਈ-ਸੈਂਟਰ ਨੇ ਦੀਵਾਲੀ ਦੇ ਮੱਦੇਨਜ਼ਰ ਹਰ ਵਾਰ ਵਾਂਗ 23 ਤੋਂ 26 ਅਕਤੂਬਰ ਤੱਕ ਡਾਕਟਰਾਂ ਦੀ ਵਿਸ਼ੇਸ਼ ਡਿਊਟੀ ਲਾਈ ਸੀ, ਤਾਂ ਜੋ ਮਰੀਜ਼ਾਂ ਨੂੰ ਤੁਰੰਤ ਇਲਾਜ ਮਿਲ ਸਕੇ। ਇਹ ਸਾਰੇ (28) ਮਰੀਜ਼ ਦੀਵਾਲੀ ਵਾਲੇ ਦਿਨ ਸਵੇਰੇ 8 ਵਜੇ ਤੋਂ ਮੰਗਲਵਾਰ ਸਵੇਰੇ 8 ਵਜੇ ਤੱਕ ਆਈ-ਸੈਂਟਰ ਵਿਚ ਆਏ ਸਨ।

ਹਾਲਾਂਕਿ ਡਾਕਟਰਾਂ ਅਨੁਸਾਰ ਆਉਣ ਵਾਲੇ ਦਿਨਾਂ ’ਚ ਮਰੀਜ਼ਾਂ ਦੀ ਗਿਣਤੀ ਵੱਧ ਸਕਦੀ ਹੈ। ਮਰੀਜ਼ਾਂ ਨੂੰ ਦੂਰ-ਦੁਰਾਡੇ ਤੋਂ ਰੈਫ਼ਰ ਕੀਤਾ ਗਿਆ ਹੈ। ਪੀ. ਜੀ. ਆਈ. ਪਹੁੰਚੇ ਕੁੱਲ ਮਰੀਜ਼ਾਂ ਵਿਚ 25 ਮਰਦ ਅਤੇ 3 ਔਰਤਾਂ ਹਨ, ਜਦਕਿ ਇਨ੍ਹਾਂ ਵਿਚੋਂ 16 ਮਰੀਜ਼ 15 ਸਾਲ ਦੇ ਸਨ। ਮਰੀਜ਼ਾਂ ਵਿਚੋਂ ਸਭ ਤੋਂ ਛੋਟੀ ਉਮਰ 8 ਸਾਲ ਦੀ ਸੀ। ਸਾਰੇ ਮਰੀਜ਼ਾਂ ਵਿਚੋਂ 17 ਟ੍ਰਾਈਸਿਟੀ ਦੇ ਸਨ, ਜਿਨ੍ਹਾਂ 'ਚ ਚੰਡੀਗੜ੍ਹ ਦੇ 11, ਪੰਚਕੂਲਾ ਅਤੇ ਮੋਹਾਲੀ ਦੇ 6 ਸ਼ਾਮਲ ਹਨ। ਬਾਕੀ ਮਰੀਜ਼ਾਂ ਵਿਚੋਂ 3 ਪੰਜਾਬ ਤੋਂ, 5 ਹਰਿਆਣਾ ਅਤੇ 3 ਹਿਮਾਚਲ ਪ੍ਰਦੇਸ਼ ਤੋਂ ਹਨ।
ਪਟਾਕੇ ਦੇਖਦੇ 14 ਹੋਏ ਜ਼ਖਮੀ
ਦੀਵਾਲੀ ਮੌਕੇ ਸੜਨ ਵਾਲੇ ਵਿਅਕਤੀਆਂ ਵਿਚੋਂ 14 ਮਰੀਜ਼ ਅਜਿਹੇ ਸਨ, ਜੋ ਚੱਲਦੇ ਪਟਾਕੇ ਦੇਖਣ ਲਈ ਉੱਥੇ ਖੜ੍ਹੇ ਸਨ। ਇਨ੍ਹਾਂ ਮਰੀਜ਼ਾਂ ਦਾ ਇਲਾਜ ਪੀ. ਜੀ. ਆਈ. ਦੇ ਐਡਵਾਂਸ ਆਈ-ਸੈਂਟਰ ਵਿਚ ਕੀਤਾ ਜਾ ਰਿਹਾ ਹੈ। ਕੁੱਲ ਮਰੀਜ਼ਾਂ ਵਿਚੋਂ 11 ਦੀਆਂ ਅੱਖਾਂ ’ਤੇ ਗੰਭੀਰ ਸੱਟਾਂ ਸਨ, ਜਿਨ੍ਹਾਂ ਨੂੰ ਐਮਰਜੈਂਸੀ ਸਰਜਰੀ ਦੀ ਲੋੜ ਸੀ। ਇਨ੍ਹਾਂ ਵਿਚੋਂ 9 ਮਰੀਜ਼ਾਂ ਦੇ ਆਪਰੇਸ਼ਨ ਹੋ ਚੁੱਕੇ ਹਨ। ਇਨ੍ਹਾਂ ਹੀ ਨਹੀਂ, 17 ਮਰੀਜ਼ਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਅੱਖ ਦੀ ਸੱਟ ਦੇ ਨਾਲ ਪੀ. ਜੀ. ਆਈ. ਦੇ ਪਲਾਸਟਿਕ ਸਰਜਰੀ ਵਿਭਾਗ ਅਤੇ ਐਡਵਾਂਸਡ ਟਰੋਮਾ ਸੈਂਟਰ ਵਿਚ ਦਾਖ਼ਲ ਮਰੀਜ਼ ਪਟਾਕੇ ਫਟਣ ਦੌਰਾਨ ਝੁਲਸੇ। ਇਨ੍ਹਾਂ ਵਿਚੋਂ 3 ਦੇ ਹੱਥ ਝੁਲਸੇ ਹਨ। 4 ਮਰੀਜ਼ਾਂ ਵਿਚੋਂ 3 ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਠੀਕ ਹੈ।


author

Babita

Content Editor

Related News