ਹਥਿਆਰਬੰਦ ਮੰਡੀਰ ਨੇ ਘਰ ’ਚ ਦਾਖਲ ਹੋ ਮਚਾਇਆ ਹੜਕੰਪ, ਵੀਡੀਓ ਵਾਇਰਲ
Sunday, Feb 02, 2020 - 04:25 PM (IST)
ਪਟਿਆਲਾ (ਇੰਦਰਜੀਤ ਬਖਸ਼ੀ) - ਪਟਿਆਲਾ ਸ਼ਹਿਰ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਕੁਝ ਨੌਜਵਾਨ ਹੱਥਾਂ 'ਚ ਲੋਹੇ ਦੀਆਂ ਰਾਡਾਂ ਅਤੇ ਬੇਸਬਾਲ ਲੈ ਕੇ ਇਕ ਘਰ 'ਚ ਦਾਖਲ ਹੋ ਗਏ। ਨੌਜਵਾਨ ਨੇ ਘਰ ’ਚ ਦਾਖਲ ਹੁੰਦੇ ਸਾਰ ਘਰ ਦਾ ਸਾਰਾ ਸਾਮਾਨ ਤੋੜ ਕੇ ਰੱਖ ਦਿੱਤਾ, ਜਿਸ ਕਾਰਨ ਇਲਾਕੇ ’ਚ ਸਨਸਨੀ ਫੈਲ ਗਈ। ਦਰਅਸਲ ਉਕਤ ਨੌਜਵਾਨ ਸੰਜੀਵ ਨਾਂ ਦੇ ਵਿਅਕਤੀ ਦੀ ਕੁੱਟਮਾਰ ਕਰਨ ਲਈ ਘਰ 'ਚ ਦਾਖਲ ਹੋਏ ਸਨ ਪਰ ਸੰਜੀਵ ਹਮਲਾਵਰਾਂ ਤੋਂ ਬਚਣ ਲਈ ਕੰਧ ਟੱਪ ਕੇ ਮੌਕੇ ਤੋਂ ਫਰਾਰ ਹੋ ਗਿਆ। ਘਰ 'ਚ ਮੌਜੂਦ ਔਰਤਾਂ ਨੇ ਉਕਤ ਹਮਲਾਵਰਾਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ, ਜਿਸ ਦੇ ਬਾਵਜੂਦ ਉਨ੍ਹਾਂ ਨੇ ਘਰ ਦੇ ਸਾਮਾਨ ਦੀ ਜੰਮ ਕੇ ਭੰਨਤੋੜ ਕਰ ਦਿੱਤੀ।
ਮੌਕੇ ’ਤੇ ਮੌਜੂਦ ਲੋਕਾਂ ਨੇ ਨੌਜਵਾਨਾਂ ਦੇ ਇਸ ਕਾਰਨਾਮੇ ਦੀ ਵੀਡੀਓ ਬਣਾ ਸੋਸ਼ਲ ਮੀਡੀਆ 'ਤੇ ਪਾ ਦਿੱਤੀ, ਜੋ ਵਾਇਰਲ ਹੋ ਰਹੀ ਹੈ। ਪੀੜਤ ਸੰਜੀਵ ਵਲੋਂ ਹਮਲੇ ਸਬੰਧੀ ਪੁਲਸ ਨੂੰ ਸ਼ਿਕਾਇਤ ਦੇਣ ’ਤੇ ਮੌਕੇ ’ਤੇ ਪੁੱਜੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਖੁਲਾਸਾ ਕੀਤਾ ਕਿ ਇਹ ਹਮਲਾ ਪੈਸਿਆਂ ਦੇ ਲੈਣ-ਦੇਣ ਕਾਰਨ ਹੋਇਆ ਹੈ, ਜਿਸ ਦੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ 1 ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।