ਸ਼ਰਾਬ ਫੈਕਟਰੀ ਨੂੰ ਲੱਗੀ ਅੱਗ, 4 ਜ਼ਖਮੀ
Friday, May 03, 2019 - 01:53 PM (IST)

ਪਟਿਆਲਾ/ਬਨੂੜ (ਬਲਜਿੰਦਰ, ਗੁਰਪਾਲ)—ਬਨੂੜ-ਨਡਿਆਲੀ ਰੋਡ 'ਤੇ ਬਣੀ ਚੰਡੀਗੜ੍ਹ ਡਿਸਟਿਲਰੀਜ਼ ਬੌਟਲਿੰਗ ਪ੍ਰਾਈਵੇਟ ਲਿਮਟਡ ਬਨੂੜ ਦੇ ਸਪਿਰਟ ਦੇ ਟੈਂਕਾਂ ਨੂੰ ਅੱਗ ਲੱਗ ਗਈ। ਇਸ ਵਿਚ ਕੁੱਲ 4 ਵਿਅਕਤੀ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਤੁਰੰਤ ਚੰਡੀਗੜ੍ਹ ਭੇਜ ਦਿੱਤਾ ਗਿਆ। ਅੱਗ ਇੰਨੀ ਭਿਆਨਕ ਸੀ ਕਿ ਵੱਖ-ਵੱਖ ਸ਼ਹਿਰਾਂ ਤੋਂ ਮੰਗਵਾਈਆਂ ਫਾਇਰ ਬ੍ਰਿਗੇਡ ਦੀਆਂ ਲਗਭਗ 14 ਗੱਡੀਆਂ ਨੂੰ ਅੱਗ 'ਤੇ ਕਾਬੂ ਪਾਉਣ ਲਈ 4 ਘੰਟਿਆਂ ਤੱਕ ਮੁਸ਼ੱਕਤ ਕਰਨੀ ਪਈ। ਜਦੋਂ ਤੱਕ ਅੱਗ 'ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਕਈ ਟੈਂਕਾਂ ਦਾ ਕਾਫੀ ਨੁਕਸਾਨ ਹੋ ਚੁੱਕਾ ਸੀ।
ਮਿਲੀ ਜਾਣਕਾਰੀ ਮੁਤਾਬਕ ਫੈਕਟਰੀ ਵਿਚ ਬਣੇ ਟੈਂਕਾਂ 'ਚੋਂ ਇਕ ਟੈਂਕ ਨੂੰ ਅੱਗ ਲੱਗ ਗਈ। ਜਿਉਂ ਹੀ ਫੈਕਟਰੀ ਮੈਨੇਜਮੈਂਟ ਨੂੰ ਇਸ ਬਾਰੇ ਪਤਾ ਲੱਗਾ ਤਾਂ ਤੁਰੰਤ ਤਾਇਨਾਤ ਸਟਾਫ ਨੇ ਅੱਗ ਨੂੰ ਬੁਝਾਉਣ ਦਾ ਯਤਨ ਕੀਤਾ। ਇਸ ਤੋਂ ਬਾਅਦ ਫਾਇਰ ਬਿਗ੍ਰੇਡ ਨੂੰ ਵੀ ਕਾਲ ਕਰ ਦਿੱਤੀ। ਟੈਂਕਾਂ 'ਚ ਜਲਣਸ਼ੀਲ ਪਦਾਰਥ ਹੋਣ ਕਾਰਨ ਅੱਗ Îਇਕਦਮ ਭੜਕ ਪਈ। ਬੇਕਾਬੂ ਅੱਗ ਨੂੰ ਦੇਖ ਮੋਹਾਲੀ ਤੋਂ 3, ਚੰਡੀਗੜ੍ਹ ਤੋਂ 4, ਫਤਿਹਗੜ੍ਹ ਸਾਹਿਬ 1, ਮੰਡੀ ਗੋਬਿੰਦਗੜ੍ਹ 1, ਡੇਰਾਬਸੀ 1, ਪਟਿਆਲਾ 1, ਰਾਜਪੁਰਾ ਤੋਂ 1 ਅਤੇ ਨਾਭਾ ਥਰਮਲ ਪਲਾਂਟ ਦੀਆਂ 2 ਗੱਡੀਆਂ ਫਾਇਰ ਬ੍ਰਿਗੇਡ ਦੀਆਂ ਮੰਗਵਾਈਆਂ ਗਈਆਂ।