ਪਕੌੜਿਆਂ ਵਾਲੇ ਤੋਂ ਬਾਅਦ ਚਾਟ ਵਾਲਾ ਵੀ ਨਿਕਲਿਆ ਕਰੋੜਪਤੀ, ਫੜੇ ਗਏ 1.2 ਕਰੋੜ

Friday, Oct 19, 2018 - 04:50 PM (IST)

ਪਕੌੜਿਆਂ ਵਾਲੇ ਤੋਂ ਬਾਅਦ ਚਾਟ ਵਾਲਾ ਵੀ ਨਿਕਲਿਆ ਕਰੋੜਪਤੀ, ਫੜੇ ਗਏ 1.2 ਕਰੋੜ

ਪਟਿਆਲਾ(ਬਿਊਰੋ)— ਲੁਧਿਆਣਾ ਦੇ ਇਕ ਮਸ਼ਹੂਰ ਪਕੌੜੇ ਵਾਲੇ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਦੌਰਾਨ 60 ਲੱਖ ਰੁਪਏ ਸਰੈਂਡਰ ਕੀਤੇ ਸਨ। ਇਸ ਤੋਂ ਬਾਅਦ ਹੁਣ ਇਨਕਮ ਟੈਕਸ ਡਿਪਾਰਟਮੈਂਟ ਨੇ ਪਟਿਆਲਾ ਦੇ ਇਕ ਮਸ਼ਹੂਰ ਚਾਟ ਵਾਲੇ ਕੋਲੋਂ 1.2 ਕਰੋੜ ਰੁਪਏ ਦੀ ਅਣ-ਐਲਾਨੀ ਸੰਪਤੀ ਦਾ ਪਤਾ ਲਗਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਨੂੰ ਇਨਕਮ ਟੈਕਸ ਵਿਭਾਗ ਵਲੋਂ ਪਟਿਆਲਾ ਵਿਚ ਇਕ ਚਾਟ ਦੀ ਦੁਕਾਨ ਵਿਚ ਛਾਪੇਮਾਰੀ ਕੀਤੀ ਗਈ ਸੀ। ਇਸ ਦੌਰਾਨ 1.2 ਕਰੋੜ ਰੁਪਏ ਬਰਾਮਦ ਹੋਏ। ਇਕ ਚਾਟ ਵਾਲੀ ਦੁਕਾਨ ਤੋਂ ਇਨਕਮ ਟੈਕਸ ਵਿਭਾਗ ਨੂੰ ਇੰਨਾ ਪੈਸਾ ਬਰਾਮਦ ਹੋਣ ਦਾ ਅੰਦਾਜ਼ਾ ਹੀ ਨਹੀਂ ਸੀ।


ਜਾਣੋ ਕਿਵੇਂ ਹੋਇਆ ਖੁਲਾਸਾ—
ਵਿਭਾਗ ਕੋਲ ਸੂਚਨਾ ਸੀ ਕਿ ਦੁਕਾਨ ਮਾਲਕ ਰਿਟਰਨ ਨਹੀਂ ਭਰਦਾ ਹੈ, ਜਿਸ ਤੋਂ ਬਾਅਦ ਜਾਂਚ ਲਈ ਵਿਭਾਗ ਦੇ ਅਧਿਕਾਰੀਆਂ ਨੇ ਇਕ ਟੀਮ ਬਣਾ ਕੇ ਪਹਿਲਾਂ ਇਹ ਪਤਾ ਲਗਾਇਆ ਕਿ ਦੁਕਾਨ 'ਤੇ ਚਾਟ ਖਾਣ ਲਈ ਰੋਜ਼ਾਨਾ ਕਿੰਨੇ ਲੋਕ ਆਉਂਦੇ ਹਨ। ਇਹ ਵੀ ਹਿਸਾਬ ਲਗਾਇਆ ਕਿ ਇਕ ਦਿਨ ਵਿਚ ਚਾਟ ਵਾਲਾ ਕਿੰਨੀ ਸੇਲ ਕਰਦਾ ਹੈ ਅਤੇ ਉਸ ਦਾ ਅੰਦਾਜ਼ਨ ਨੈੱਟ ਪ੍ਰੋਫਿਟ ਕੀ ਹੋਵੇਗਾ। ਇਨਕਮ ਟੈਕਸ ਵਿਭਾਗ ਨੇ ਜਦੋਂ ਛਾਪੇਮਾਰੀ ਕੀਤੀ ਤਾਂ ਦੁਕਾਨ ਤੋਂ ਉਕਤ ਰਾਸ਼ੀ ਨੂੰ ਆਪਣੇ ਕਬਜ਼ੇ ਵਿਚ ਲਿਆ ਅਤੇ ਗਿਣਨ 'ਤੇ ਇਹ ਰਾਸ਼ੀ 1.2 ਕਰੋੜ ਸੀ।


ਰੀਅਲ ਅਸਟੇਟ ਵਿਚ ਕਰ ਰਿਹਾ ਸੀ ਪੈਸਾ ਇਨਵੈਸਟ—
ਵਿਭਾਗ ਨੂੰ ਜਾਂਚ ਦੌਰਾਨ ਇਹ ਵੀ ਪਤਾ ਲੱਗਾ ਕਿ ਚਾਟ ਵਾਲਾ ਰੀਅਲ ਅਸਟੇਟ ਵਿਚ ਪੈਸਾ ਇਨਵੈਸਟ ਕਰ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੁਕਾਨਦਾਰ ਦਾ ਸਰਹਿੰਦ ਰੋਡ 'ਤੇ ਦਫਤਰ ਵੀ ਹੈ, ਜਿੱਥੇ ਉਹ ਵਿਆਹ, ਪਾਰਟੀਆਂ ਲਈ ਬੁਕਿੰਗ ਕਰਦਾ ਹੈ। ਹੁਣ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਵਿਭਾਗ ਦੇ ਨਿਸ਼ਾਨੇ 'ਤੇ ਕਈ ਚਾਟ ਵਾਲੇ ਹਨ ਜੋ ਇਨਕਮ ਟੈਕਸ ਰਿਟਰਨ ਨਹੀਂ ਭਰਦੇ। ਅਜਿਹੇ ਚਾਟ ਵਾਲਿਆਂ ਦੀ ਵਿਭਾਗ ਹੁਣ ਲਿਸਟ ਤਿਆਰ ਕਰ ਰਿਹਾ ਹੈ ਅਤੇ ਜਲਦੀ ਹੀ ਸਖਤ ਕਾਰਵਾਈ ਕਰਨ ਵਾਲਾ ਹੈ।


Related News