ਹਵਾਈ ਅੱਡੇ ਵਰਗੀਆਂ ਸਹੂਲਤਾਂ ਨਾਲ ਲੈਸ ਹੋਣਗੇ ਅੰਮ੍ਰਿਤਸਰ ਅਤੇ ਚੰਡੀਗੜ੍ਹ ਰੇਲਵੇ ਸਟੇਸ਼ਨ
Sunday, Jan 12, 2020 - 01:22 PM (IST)

ਪਟਿਆਲਾ (ਜੋਸਨ) : ਰੇਲਵੇ ਬੋਰਡ ਵੱਲੋਂ ਪੰਜਾਬ 'ਚ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਹਵਾਈ ਅੱਡੇ ਦੀ ਤਰਜ਼ 'ਤੇ ਬਹੁਤ ਹੀ ਖੂਬਸੂਰਤ ਰੇਲਵੇ ਸਟੇਸ਼ਨ ਬਣਾਏ ਜਾ ਰਹੇ ਹਨ। ਭਾਰਤ 'ਚ ਇਸੇ ਤਰਜ਼ 'ਤੇ ਬਣਨ ਵਾਲੇ 50 ਰੇਲਵੇ ਸਟੇਸ਼ਨਾਂ 'ਚ ਚੰਡੀਗੜ੍ਹ, ਸ੍ਰੀ ਅੰਮ੍ਰਿਤਸਰ ਅਤੇ ਅੰਬਾਲਾ ਵੀ ਸ਼ੁਮਾਰ ਕੀਤੇ ਗਏ ਹਨ। ਇਹ ਰੇਲਵੇ ਸਟੇਸ਼ਨ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀ.ਪੀ.ਪੀ.) ਮਾਡਲ ਤਹਿਤ ਬਣਾਏ ਜਾਣਗੇ, ਜਿਸ 'ਚ ਨਿੱਜੀ ਕੰਪਨੀਆਂ ਵੀ ਹਿੱਸੇਦਾਰ ਹੋਣਗੀਆਂ। ਇਸ ਦਾ ਸਾਰਾ ਪ੍ਰਬੰਧ ਰੇਲਵੇ 'ਚ ਬਣਾਈ ਕੰਪਨੀ ਇੰਡੀਅਨ ਰੇਲਵੇ ਸਟੇਸ਼ਨ ਡਿਵੈੱਲਪਮੈਂਟ ਕਾਰਪੋਰੇਸ਼ਨ (ਆਈ. ਆਰ. ਐੱਸ. ਡੀ. ਸੀ.) ਵੱਲੋਂ ਕੀਤਾ ਜਾ ਰਿਹਾ ਹੈ।
ਰੇਲਵੇ ਸੂਤਰਾਂ ਤੋਂ ਮਿਲੀ ਅਧਿਕਾਰਤ ਜਾਣਕਾਰੀ ਅਨੁਸਾਰ ਸ੍ਰੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਤਿਆਰ ਕੀਤਾ ਮਾਡਲ ਬਹੁਤ ਹੀ ਖੂਬਸੂਰਤ ਹੈ, ਇਸ ਦੇ 300 ਕਰੋੜ ਰੁਪਏ ਖਰਚ ਆਉਣਗੇ, ਜਿਸ 'ਚ ਹਵਾਈ ਅੱਡੇ ਵਾਂਗ ਹੀ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਹੋਣਗੀਆਂ, ਇਹ ਰੇਲਵੇ ਸਟੇਸ਼ਨ ਕਮਲ ਦੇ ਫੁੱਲ ਦੇ ਡਿਜ਼ਾਈਨ 'ਤੇ ਬਣਾਇਆ ਜਾਵੇਗਾ, ਇਸ ਦਾ ਦਾਖਲਾ ਜੀ. ਟੀ. ਰੋਡ ਵੱਲ ਹੋਵੇਗਾ। ਇਹ ਸਾਰਾ ਰੇਲਵੇ ਸਟੇਸ਼ਨ ਇਕ ਹੀ ਛੱਤ ਨਾਲ ਢਕਿਆ ਜਾਵੇਗਾ ਅਤੇ ਕਰੀਬ 22240 ਸੁਕੇਅਰ ਮੀਟਰ 'ਚ ਬਣੇਗਾ।
ਇਥੇ ਵਿਸ਼ੇਸ਼ ਕਰ ਕੇ ਸੁਰੱਖਿਆ ਦਾ ਇੰਤਜ਼ਾਮ ਕੀਤਾ ਜਾਵੇਗਾ। ਇਸ ਅੰਦਰ ਦਾਖਲ ਹੁੰਦਿਆਂ ਹੀ ਹਵਾਈ ਅੱਡੇ ਦੀ ਝਲਕ ਨਜ਼ਰ ਆਵੇਗੀ। ਇਸੇ ਤਰ੍ਹਾਂ ਚੰਡੀਗੜ੍ਹ 'ਚ ਵੀ ਬਣਾਏ ਜਾ ਰਹੇ ਰੇਲਵੇ ਸਟੇਸ਼ਨ ਦਾ ਮਾਡਲ ਵੀ ਤਿਆਰ ਕਰ ਲਿਆ ਗਿਆ ਹੈ। ਆਈ. ਆਰ. ਐੱਸ. ਡੀ. ਸੀ. ਵੱਲੋਂ ਇਸ ਸਟੇਸ਼ਨ ਨੂੰ ਵੀ ਹਵਾਈ ਅੱਡੇ ਵਾਂਗ ਹੀ ਦਿੱਖ ਦੇਣ ਦਾ ਮਾਡਲ ਤਿਆਰ ਕੀਤਾ ਹੈ। ਇਹ ਰੇਲਵੇ ਸਟੇਸ਼ਨ ਵੀ ਪੀ. ਪੀ. ਪੀ. ਮਾਡਲ ਤਹਿਤ ਹੀ ਤਿਆਰ ਕੀਤਾ ਜਾ ਰਿਹਾ ਹੈ। ਇਸ ਰੇਲਵੇ ਸਟੇਸ਼ਨ ਨੂੰ ਬਣਾਉਣ ਲਈ ਸਰਕਾਰ ਨਾਲ ਆਰ. ਐੱਲ. ਡੀ. ਏ. ਅਤੇ ਆਈ. ਆਰ. ਸੀ. ਓ. ਐੱਨ. ਵਲੋਂ ਸਹਿਯੋਗ ਕੀਤਾ ਜਾਵੇਗਾ।
ਸਰਕਾਰ ਸਿੱਧੇ ਸ਼ਬਦਾਂ 'ਚ ਰੇਲਵੇ ਸਟੇਸ਼ਨਾਂ ਦਾ ਨਿੱਜੀਕਰਨ ਕਰਨ ਲੱਗੀ : ਜੁਮੇਰਦੀਨ
ਇਸ ਬਾਰੇ ਇੰਡੀਅਨ ਰੇਲਵੇ ਇੰਪਲਾਈਜ਼ ਯੂਨੀਅਨ ਦੇ ਆਗੂ ਜੁਮੇਰਦੀਨ ਨੇ ਕਿਹਾ ਹੈ ਕਿ ਇਹ ਰੇਲਵੇ ਸਟੇਸ਼ਨ ਅਸਲ ਵਿਚ ਪ੍ਰਾਈਵੇਟ ਕੰਪਨੀਆਂ ਦੀ ਹਿੱਸੇਦਾਰੀ ਵਿਚ ਬਣ ਰਹੇ ਹਨ ਜਿਨ੍ਹਾਂ ਵਿਚ ਪ੍ਰਵੇਸ਼ ਕਰਨ ਦੀ ਵੀ ਟਿਕਟ ਲੱਗੇਗੀ, ਜੇਕਰ ਸਟੇਸ਼ਨ 'ਤੇ ਆਰਾਮ ਕਰਨਾ ਹੈ ਤਾਂ ਵੀ ਰੁਪਏ ਖ਼ਰਚ ਹੋਣਗੇ। ਸਿੱਧੇ ਸ਼ਬਦਾਂ ਵਿਚ ਰੇਲਵੇ ਸਟੇਸ਼ਨਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਸਰਕਾਰੀ ਪ੍ਰਾਪਰਟੀ ਨੂੰ ਨਿੱਜੀ ਹੱਥਾਂ ਹਵਾਲੇ ਕਰ ਕੇ ਉਸ ਦਾ ਵਪਾਰੀਕਰਨ ਕੀਤਾ ਜਾਵੇਗਾ।
ਅਗਲੇ ਪੜਾਅ 'ਚ ਹੋਵੇਗਾ ਪਟਿਆਲਾ ਦਾ ਨੰਬਰ
ਜਾਣਕਾਰੀ ਮਿਲੀ ਹੈ ਕਿ ਇਸ ਤੋਂ ਅਗਲੇ ਪੜਾਅ ਵਿਚ ਇਸੇ ਤਰ੍ਹਾਂ ਦੇ ਰੇਲਵੇ ਸਟੇਸ਼ਨ ਪੰਜਾਬ ਦੇ ਹੋਰ ਖੇਤਰਾਂ ਵਿਚ ਵੀ ਬਣਾਏ ਜਾਣਗੇ, ਜਿਨ੍ਹਾਂ ਵਿਚ ਪਟਿਆਲਾ ਵੀ ਸ਼ੁਮਾਰ ਹੋਵੇਗਾ। ਪਟਿਆਲਾ ਨੂੰ ਵੀ ਬਹੁਤ ਵਧੀਆ ਰੇਲਵੇ ਸਟੇਸ਼ਨ ਮਿਲੇਗਾ, ਬਕਾਇਦਾ ਤੌਰ 'ਤੇ ਇਸ ਲਈ ਵੀ ਪਲਾਨਿੰਗ ਬਣ ਚੁੱਕੀ ਹੈ।