ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਦਾ ਆਗਾਜ਼

01/23/2019 9:53:34 AM

ਪਟਿਆਲਾ (ਰਾਣਾ)-ਵਿਧਾਨ ਸਭਾ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਅੰਦਰ ਆਪਣੇ ਹੀ ਵਿਰੋਧੀਆਂ ਨੂੰ ਇਕੋ ਝਟਕੇ ਨਾਲ ਚਿੱਤ ਕਰਨ ਲਈ ‘ਇਕ ਪਰਿਵਾਰ-ਇਕ ਮੈਂਬਰ’ ਸਰਗਰਮ ਰਾਜਨੀਤੀ ਵਿਚ ਉਤਾਰਨ ਦਾ ਫੈਸਲਾ ਕੀਤਾ ਸੀ। ਇਹ ਹੁਣ ਲੋਕ ਸਭਾ ਦੀਆਂ ਚੋਣਾਂ ਵਿਚ ਫੇਲ ਹੁੰਦਾ ਨਜ਼ਰ ਆ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਧਰਮ-ਪਤਨੀ ਪ੍ਰਨੀਤ ਕੌਰ ਵੱਲੋਂ ਲੋਕ ਸਭਾ ਹਲਕਾ ਪਟਿਆਲਾ ਤੋਂ ਦਾਅਵੇਦਾਰੀ ਠੋਕਣ ਲਈ ਲਗਾਤਾਰ ਸਰਗਰਮੀਆਂ ਜਾਰੀ ਹਨ। ਉਨ੍ਹਾਂ ’ਤੇ ਪੂਰਨ ਰੂਪ ਵਿਚ ਮੋਹਰ ਲਾਉਣ ਲਈ ਲਗਭਗ 1 ਸਾਲ ਬਾਅਦ ਸ਼ਾਹੀ ਸ਼ਹਿਰ ਅੰਦਰ ਵਿਕਾਸ ਕਾਰਜਾਂ ਦੇ ਨੀਂਹ-ਪੱਥਰ ਰੱਖਣ ਲਈ 25 ਜਨਵਰੀ ਨੂੰ ਪਟਿਆਲਾ ਪਹੁੰਚ ਰਹੇ ਹਨ। ਇਸ ਵਿਚ ਕੁੱਤਿਆਂ ਦੀ ਨਸਬੰਦੀ ਹਸਪਤਾਲ, ਅਰਬਨ ਅਸਟੇਟ ਫੇਜ਼-4, ਮਲਟੀਪਰਪਜ਼ ਸਕੂਲ ਲਾਇਬ੍ਰੇਰੀ, ਨਵਾਂ ਬੱਸ ਸਟੈਂਡ ਤੇ ਨਵੀਆਂ ਪਾਰਕਿੰਗਾਂ ਸਮੇਤ ਹੋਰ ਕਈ ਥਾਵਾਂ ’ਤੇ ਪੂਰਾ ਦਿਨ ਨੀਂਹ-ਪੱਥਰ ਅਤੇ ਉਦਘਾਟਨਾਂ ਦਾ ਸਿਲਸਿਲਾ ਲਗਾਤਾਰ ਚੱਲੇਗਾ। ਇਸ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਪੱਬਾਂ ਭਾਰ ਹੈ। 26 ਜਨਵਰੀ ਦੇ ਗਣਤੰਤਰ ਦਿਵਸ ਮੌਕੇ ਪਟਿਆਲਾ ਵਿਖੇ ਹੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਇਨ੍ਹਾਂ ਪ੍ਰੋਗਰਾਮਾਂ ਤੋਂ ਸਾਫ ਝਲਕਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਆਪਣੀ ਧਰਮ-ਪਤਨੀ ਪ੍ਰਨੀਤ ਕੌਰ ਨੂੰ ਜਿਤਾਉਣ ਲਈ ਹੀ ਇਸ ਰੂਪ-ਰੇਖਾ ਨੂੰ ਅਮਲੀ ਜਾਮਾ ਪਹਿਨਾ ਰਹੇ ਹਨ। ਜ਼ਿਕਰਯੋਗ ਹੈ ਕਿ ਪੰਚਾਇਤੀ ਚੋਣਾਂ ਜਿੱਤਣ ਵਾਲੇ ਉਮੀਦਵਾਰਾਂ ਨੂੰ ਸਹੁੰ ਚੁਕਵਾਉਣ ਦਾ ਸਮਾਗਮ ਵੀ ਕਾਂਗਰਸ ਪਾਰਟੀ ਦੀ ਰੈਲੀ ਹੀ ਹੋ ਨਿੱਬਡ਼ਿਆ ਸੀ। ਇਸ ਵਿਚ ਜ਼ਿਲਾ ਫਤਿਹਗਡ਼੍ਹ ਸਾਹਿਬ ਦੇ ਇਕ ਹਲਕਾ ਵਿਧਾਇਕ ਅਤੇ ਉਸ ਦੀਆਂ ਪੰਚਾਇਤਾਂ ਸ਼ਾਮਲ ਨਹੀਂ ਸਨ ਹੋਈਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਜ਼ਿਲੇ ਅੰਦਰ ‘ਚੋਣ ਜਿੱਤਣੀ ਜ਼ਰੂਰੀ’ ਦੇ ਅੰਦਰੂਨੀ ਨਾਅਰੇ ਹੇਠ ਪਟਿਆਲਾ ਸ਼ਹਿਰ ਅੰਦਰ ਵਿਕਾਸ ਕਾਰਜਾਂ ਲਈ ਸਰਕਾਰੀ ਖਜ਼ਾਨੇ ਦੇ ਮੂੰਹ ਖੋਲ੍ਹ ਦਿੱਤੇ ਹਨ। ਪਟਿਆਲਾ ਜ਼ਿਲੇ ਦੇ ਸਮੁੱਚੇ ਕਸਬਿਆਂ ਅਤੇ ਵੱਡੇ ਪਿੰਡ ਹਾਲੇ ਵੀ ਸਰਕਾਰੀ ਗ੍ਰਾਂਟ ਆਉਣ ਦੀ ਅੱਡੀਆਂ ਚੁੱਕ-ਚੁੱਕ ਕੇ ਉਡੀਕ ਕਰ ਰਹੇ ਹਨ। ®ਡੱਬੀ: ਵਿਧਾਇਕਾਂ ਨੂੰ ਪੜ੍ਹਾਇਆ ਜਾ ਰਿਹੈ ‘ਚੋਣ-ਜਿੱਤ ਪਾਠ’ ਲੋਕ ਸਭਾ ਚੋਣਾਂ ਦੀਆਂ ਲਗਭਗ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਸਾਰੇ ਸਰਕਾਰੀ ਸਮਾਗਮਾਂ ਨੂੰ ਕਾਂਗਰਸ ਪਾਰਟੀ ਦੇ ਪ੍ਰਚਾਰ-ਪ੍ਰਸਾਰ ਲਈ ਵਰਤਿਆ ਜਾਣਾ ਸੁਭਾਵਿਕ ਹੈ। ਪਾਰਟੀ ਵੱਲੋਂ ਕੀਤੇ ਜਾਣ ਵਾਲੇ ਸਮਾਗਮਾਂ ’ਤੇ ਪਾਰਟੀ ਦਾ ਪੈਸਾ ਖਰਚ ਹੁੰਦਾ ਹੈ। ਸਰਕਾਰੀ ਸਮਾਗਮਾਂ ਵਿਚ ਲੋਕਾਂ ਵੱਲੋਂ ਅਦਾ ਕੀਤੇ ਟੈਕਸ ਦੇ ਰੂਪ ’ਚ ਸਰਕਾਰੀ ਪੈਸਾ। ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਮੋਤੀ ਮਹਿਲ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲੇ ਦੇ ਸਮੁੱਚੇ ਵਿਧਾਇਕਾਂ ਨੂੰ ਲੋਕ ਸਭਾ ਚੋਣਾਂ ਜਿੱਤਣ ਦਾ ਪਾਠ ਪਡ਼੍ਹਾਇਆ ਗਿਆ ਤਾਂ ਜੋ ਹੁਣ ਤੋਂ ਹੀ ਸਮੁੱਚੇ ਵਿਧਾਇਕ ਆਪੋ-ਆਪਣੇ ਹਲਕੇ ਵਿਚ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ’ਚ ਜੁਟ ਜਾਣ। ®ਡੱਬੀ ਨੀਂਹ-ਪੱਥਰ ‘ਨਾ ਰੱਖਣ ਦਾ ਰਿਵਾਜ’ ਸ਼ੁਰੂ ਕਰਨ ਦਾ ਦਾਅਵਾ ਠੁੱਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਸਰਕਾਰ ਦਾ ਚਾਰਜ ਸੰਭਾਲਦਿਆਂ ਹੀ ਨੀਂਹ-ਪੱਥਰ ਰੱਖਣ ’ਤੇ ਪੂਰਨ ਰੂਪ ’ਚ ਪਾਬੰਦੀ ਲਾ ਦਿੱਤੀ ਸੀ। ਸਮੁੱਚੇ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਹੋਰਨਾਂ ਆਗੂਆਂ ਨੂੰ ਨੀਂਹ-ਪੱਥਰ ਸਮਾਗਮ ਨਾ ਕਰਨ ਅਤੇ ਉਦਘਾਟਨ ਸਮਾਗਮ ਸਿਰਫ ਰਿਬਨ ਕੱਟ ਕੇ ਅਤੇ ਬਗੈਰ ਖਰਚੇ ਦੇ ਕਰਨ ਦੇ ਆਦੇਸ਼ ਜਾਰੀ ਕੀਤੇ ਸਨ। ਇਨ੍ਹਾਂ ਉੱਪਰ ਕੁਝ ਸਮਾਂ ਅਮਲ ਵੀ ਹੋਇਆ। ਹੁਣ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਅੰਦਰ ਹੀ ਨੀਂਹ-ਪੱਥਰ ਸਮਾਗਮ ਕਰ ਕੇ ਆਪਣੇ ਹੀ ਹੁਕਮਾਂ ਨੂੰ ਉਲਟਾਇਆ ਜਾ ਰਿਹਾ ਹੈ।

Related News