ਪਟਿਆਲਾ ਦੇ ਸਿਉਣਾ ਚੌਂਕ ''ਚ ਮਾਰ ''ਤਾ ਮੁੰਡਾ, ਮਾਂ ਨੇ ਕਿਹਾ ਬੇਰਹਿਮੀ ਨਾਲ ਮਾਰਿਆ ਮੇਰਾ ਪੁੱਤ
Monday, Aug 31, 2026 - 04:12 PM (IST)
ਪਟਿਆਲਾ (ਬਲਜਿੰਦਰ) : ਪਟਿਆਲਾ ਦੇ ਰਣਜੀਤ ਨਗਰ ਸਥਿਤ ਸਿਉਣਾ ਚੌਂਕ ਵਿਚ ਦੇਰ ਰਾਤ ਇਕ 16 ਸਾਲਾ ਮੁੰਡੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਤਨਵੀਰ ਵਜੋਂ ਹੋਈ ਹੈ, ਜੋ ਨੌਵੀਂ ਜਮਾਤ ਵਿਚ ਪੜ੍ਹਦਾ ਸੀ। ਪਰਿਵਾਰ ਨੇ ਆਪਣੇ ਗੁਆਂਢੀਆਂ ’ਤੇ ਕਤਲ ਦੇ ਗੰਭੀਰ ਦੋਸ਼ ਲਗਾਏ ਹਨ। ਜਾਣਕਾਰੀ ਮੁਤਾਬਕ ਰਣਜੀਤ ਨਗਰ ਦੇ ਸਿਉਣਾ ਚੌਂਕ ਵਿਚ ਦੇਰ ਰਾਤ ਤਨਵੀਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ, ਜਿਸ ਦੌਰਾਨ ਉਸਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਵੱਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ।
ਇਹ ਵੀ ਪੜ੍ਹੋ : ਬਿਜਲੀ ਠੀਕ ਕਰਦਿਆਂ ਵਾਪਰਿਆ ਭਾਣਾ, ਪੀਐੱਸਪੀਸੀਐਲ ਦੇ ਮੁਲਾਜ਼ਮ ਦੀ ਦਰਦਨਾਕ ਮੌਤ
ਮ੍ਰਿਤਕ ਤਨਵੀਰ ਦੀ ਮਾਤਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਗੁਆਂਢੀਆਂ ਵੱਲੋਂ ਗੁੰਡੇ ਬੁਲਾ ਕੇ ਉਸਦੇ ਪੁੱਤਰ ਦਾ ਕਤਲ ਕਰਵਾਇਆ ਗਿਆ ਹੈ। ਪਰਿਵਾਰ ਮੁਤਾਬਕ ਕਰੀਬ ਦੋ ਸਾਲ ਪਹਿਲਾਂ ਤਨਵੀਰ ਦੀ ਸਕੂਲ ਵਿਚ ਕਿਸੇ ਨਾਲ ਲੜਾਈ ਹੋਈ ਸੀ, ਜਿਸ ਤੋਂ ਬਾਅਦ ਥਾਣੇ ਵਿਚ ਸਮਝੌਤਾ ਵੀ ਹੋ ਗਿਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੇਰ ਰਾਤ ਉਸਦੇ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇੰਨਾ ਹੀ ਨਹੀਂ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਇਹ ਚਿੱਟਾ ਵੇਚਦੇ ਹਨ ਅਤੇ ਨਸ਼ਾ ਤਸਕਰ ਵੀ ਹਨ। ਪੁਲਸ ਨੇ ਕਿਹਾ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਘਟਨਾ ਨਾਲ ਜੁੜੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਪੁਲਸ ਨੇ ਪਰਿਵਾਰ ਨੂੰ ਬਣਦਾ ਇਨਸਾਫ਼ ਦਿਵਾਉਣ ਦੀ ਗੱਲ ਵੀ ਕਹੀ ਹੈ। ਫਿਲਹਾਲ ਪੁਲਸ ਦੀ ਜਾਂਚ ਜਾਰੀ ਹੈ ਅਤੇ 16 ਸਾਲਾ ਤਨਵੀਰ ਦੇ ਕਤਲ ਪਿੱਛੇ ਅਸਲ ਕਾਰਨ ਕੀ ਸੀ ਅਤੇ ਇਸ ਵਾਰਦਾਤ ਵਿਚ ਕੌਣ-ਕੌਣ ਸ਼ਾਮਲ ਹੈ, ਇਹ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲੀ ਸੂਚੀ ਜਾਰੀ, ਸੁਖਬੀਰ ਬਾਦਲ ਨੇ ਕੀਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
