ਜਨਵਰੀ ਤੋਂ ਕੀਤੀ ਜਾਵੇਗੀ ਅਧਿਆਪਕਾਂ ਦੀ ਨਵੀਂ ਭਰਤੀ : ਸਿੱਖਿਆ ਮੰਤਰੀ
Tuesday, Oct 08, 2019 - 09:30 AM (IST)
ਪਟਿਆਲਾ/ਸਮਾਣਾ(ਰਾਜੇਸ਼, ਜੋਸਨ, ਦਰਦ, ਅਨੇਜਾ) : ਅਧਿਆਪਕਾਂ ਨੂੰ ਸਨਮਾਨਤ ਕਰਨ ਸੋਮਵਾਰ ਨੂੰ ਪਟਿਆਲਾ ਪੁੱਜੇ ਪੰਜਾਬ ਦੇ ਸਿੱਖਿਆ ਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸਕੂਲਾਂ 'ਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਅਨੁਪਾਤ ਨੂੰ ਰੈਸ਼ਨੇਲਾਈਜ਼ੇਸ਼ਨ ਨੀਤੀ ਤਹਿਤ 31 ਦਸੰਬਰ 2019 ਤੱਕ ਤਰਕਸੰਗਤ ਕਰ ਕੇ 1 ਜਨਵਰੀ 2020 ਤੋਂ ਮਾਰਚ ਤੱਕ ਹਰ ਵਿਸ਼ੇ ਦੇ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਦੀ ਨਵੀਂ ਭਰਤੀ ਕੀਤੀ ਜਾਏਗੀ। ਇਸ ਲਈ ਅਧਿਆਪਕ ਰੈਸ਼ਨੇਲਾਈਜ਼ੇਸ਼ਨ ਨੀਤੀ ਲਾਗੂ ਕਰਨ 'ਚ ਸਰਕਾਰ ਦਾ ਸਾਥ ਦੇਣ। ਉਨ੍ਹਾਂ ਦੱਸਿਆ ਕਿ ਨਾਨ-ਟੀਚਿੰਗ ਅਮਲੇ ਦੀਆਂ ਬਦਲੀਆਂ ਵੀ ਆਨਲਾਈਨ ਕੀਤੀਆਂ ਜਾਣਗੀਆਂ। ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ 'ਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਤ ਕਰਨ ਦੇ ਫੈਸਲੇ ਤਹਿਤ ਇਸ ਸਾਲ 15000 ਅਧਿਆਪਕਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ। ਅਗਲੇ ਸਾਲ 30000 ਅਧਿਆਪਕਾਂ ਨੂੰ ਸਨਮਾਨਤ ਕੀਤਾ ਜਾਏਗਾ।
ਦੱਸ ਦੇਈਏ ਕਿ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਅਤੇ ਪੰਜਾਬ ਦੇ ਸਿੱਖਿਆ ਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਟਿਆਲਾ ਵਿਖੇ ਜ਼ਿਲੇ ਦੇ ਸਰਕਾਰੀ ਸਕੂਲਾਂ ਦੇ 1716 ਉਨ੍ਹਾਂ ਅਧਿਆਪਕਾਂ ਨੂੰ ਸਨਮਾਨਤ ਕੀਤਾ, ਜਿਨ੍ਹਾਂ ਨੇ ਮਾਰਚ 2019 ਦੇ ਇਮਤਿਹਾਨਾਂ 'ਚ 100 ਫ਼ੀਸਦੀ ਨਤੀਜੇ ਦਿਖਾਏ ਅਤੇ ਸਮਾਰਟ ਸਕੂਲ ਬਣਾਉਣ 'ਚ ਆਪਣਾ ਵਿਲੱਖਣ ਯੋਗਦਾਨ ਪਾਇਆ। ਇਸ ਮੌਕੇ ਉਨ੍ਹਾਂ ਦੇ ਨਾਲ ਸਕੂਲ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਵੀ ਮੌਜੂਦ ਸਨ।
ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਮਹਾਰਾਣੀ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਮਨਾ ਰਹੀ ਹੈ, ਉਥੇ ਹੀ ਸਮੁੱਚੇ ਅਧਿਆਪਕ ਗੁਰੂ ਸਾਹਿਬ ਦੇ ਸੰਦੇਸ਼ 'ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ' ਦੀ ਨੈਤਿਕ ਸਿੱਖਿਆ ਦੇਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਪਲਾਸਟਿਕ-ਮੁਕਤ ਆਲਾ-ਦੁਆਲਾ ਅਤੇ ਸਵੱਛ ਵਾਤਾਰਵਣ ਦੀ ਸਿਰਜਣਾ ਲਈ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨ। ਪ੍ਰਨੀਤ ਕੌਰ ਨੇ ਸਲਾਹ ਦਿੱਤੀ ਕਿ ਆਪਣੇ ਸਕੂਲ ਦਾ ਆਲਾ-ਦੁਆਲਾ ਪਲਾਸਟਿਕ-ਮੁਕਤ ਅਤੇ ਸਾਫ਼-ਸੁਥਰਾ ਕਰਨ ਦੇ ਇਸ ਉਪਰਾਲੇ ਲਈ ਲਈ ਹਫ਼ਤਾਵਾਰੀ ਇਕ ਪੀਰੀਅਡ ਲਾ ਕੇ ਅਜਿਹੀਆਂ ਗਤੀਵਿਧੀਆਂ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਵਾਧੂ ਅੰਕ ਵੀ ਦਿੱਤੇ ਜਾ ਸਕਦੇ ਹਨ।
ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪਹਿਲਾਂ ਸਰਕਾਰੀ ਸਕੂਲਾਂ ਦੇ ਨਤੀਜੇ ਚੰਗੇ ਨਹੀਂ ਸਨ ਆਉਂਦੇ। ਮਾਰਚ 2018 'ਚ ਨਕਲ ਬੰਦ ਕਰਨ ਦੇ ਬਾਵਜੂਦ ਮਾਰਚ 2019 'ਚ ਵਿਦਿਆਰਥੀਆਂ ਨੇ ਅਧਿਆਪਕਾਂ ਦੇ ਯੋਗਦਾਨ ਦੀ ਬਦੌਲਤ 30 ਫੀਸਦੀ ਚੰਗੇ ਨਤੀਜੇ ਦਿਖਾਏ ਹਨ। ਇਸ ਮੌਕੇ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਜਰਨੈਲ ਸਿੰਘ ਕਾਲੇਕਾ, ਜ਼ਿਲਾ ਸਿੱਖਿਆ ਅਫ਼ਸਰ ਕੁਲਭੂਸ਼ਨ ਸਿੰਘ ਬਾਜਵਾ, ਤਹਿਸੀਲਦਾਰ ਪਟਿਆਲਾ ਰਣਜੀਤ ਸਿੰਘ ਸਮੇਤ ਸਰਕਾਰੀ ਸਕੂਲਾਂ ਦੇ ਵੱਡੀ ਗਿਣਤੀ ਸਕੂਲ ਮੁਖੀ ਅਤੇ ਅਧਿਆਪਕ ਮੌਜੂਦ ਸਨ।