ਸੀਤ ਲਹਿਰ ਨੇ ਝੰਬੇ ਪਟਿਆਲਵੀ

Wednesday, Dec 25, 2019 - 10:57 AM (IST)

ਸੀਤ ਲਹਿਰ ਨੇ ਝੰਬੇ ਪਟਿਆਲਵੀ

ਪਟਿਆਲਾ, ਰੱਖੜਾ, ਨਾਭਾ (ਰਾਣਾ,ਰਹੁਲ) : ਉੱਤਰੀ ਭਾਰਤ ਵਿਚ ਸੀਤ ਲਹਿਰ ਦਾ ਕਹਿਰ ਜਾਰੀ ਹੈ। ਦੋ ਦਿਨਾਂ ਤੋਂ ਚੱਲ ਰਹੀ ਸੀਤ ਲਹਿਰ ਨੇ ਸਮੁੱਚੇ ਪਟਿਆਲਵੀਆਂ ਨੂੰ ਝੰਬ ਕੇ ਰੱਖ ਦਿੱਤਾ ਹੈ। ਠੰਡ ਨੇ ਲੋਕਾਂ ਨੂੰ ਘਰਾਂ ਵਿਚ ਦੜੇ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਜ਼ਿਲਾ ਪ੍ਰਸ਼ਾਸਨ ਅਤੇ ਨਗਰ ਨਿਗਮ ਨੇ ਫੁੱਟਪਾਥ ‘ਤੇ ਰਹਿਣ ਵਾਲੇ ਬੇਸਹਾਰਿਆਂ ਲਈ ਸੜਕਾਂ ਕੰਢੇ ਇਕ ਦਰਜਨ ਰੈਣ-ਬਸੇਰੇ ਬਣਾ ਦਿੱਤੇ ਹਨ। ਕੰਮ ਕਰਨ ਵਾਲੇ ਲੋਕਾਂ ਦੀ ਰਫ਼ਤਾਰ ਵੀ ਹੌਲੀ ਹੋ ਚੁੱਕੀ ਹੈ। ਮੌਸਮ ਵਿਗਿਆਨੀਆਂ ਅਨੁਸਾਰ ਆਉਣ ਵਾਲੇ 2 ਦਿਨਾਂ ਤੱਕ ਅਜਿਹਾ ਹੀ ਮੌਸਮ ਬਣੇ ਰਹਿਣ ਦਾ ਅੰਦਾਜ਼ਾ ਹੈ। ਪਿਛਲੇ 2 ਦਿਨਾਂ ਤੋਂ ਸੂਰਜ ਦੇਵਤਾ ਗਾਇਬ ਹੈ। ਮਨੁੱਖੀ ਜੀਵਨ ਲਈ ਠੰਡ ਖਤਰਨਾਕ ਬਣੀ ਹੋਈ ਹੈ। ਇਹ ਪਸ਼ੂ-ਪੰਛੀਆਂ ਲਈ ਵੀ ਬੇਹੱਦ ਖਤਰਨਾਕ ਹੈ।

ਸਾਰਾ ਦਿਨ ਅੱਗ ਸੇਕਦੇ ਰਹੇ ਮੁਲਾਜ਼ਮ
ਪਿਛਲੇ ਕਈ ਦਿਨਾਂ ਤੋਂ ਸੀਤ ਲਹਿਰ ਦੇ ਨਾਲ-ਨਾਲ ਹੱਡ-ਚੀਰਵੀਂ ਠੰਡ ਤੋਂ ਬਚਣ ਲਈ ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮ ਸਾਰਾ ਦਿਨ ਅੱਗ ਬਾਲ ਕੇ ਸੇਕਦੇ ਰਹੇ। ਹਰ ਸਾਲ ਇਨ੍ਹਾਂ ਦਿਨਾਂ ਵਿਚ ਠੰਡ ਹਮੇਸ਼ਾ ਜ਼ੋਰ ਫੜਦੀ ਹੀ ਹੈ। ਦਸੰਬਰ ਮਹੀਨਾ ਪੋਹ ਦਾ ਗਿਣਿਆ ਗਿਆ ਹੈ।

ਗਰਮ ਕੱਪੜੇ ਖਰੀਦਣ ਵਾਲਿਆਂ ਦਾ ਲੱਗਾ ਤਾਂਤਾ
ਹੱਡ-ਚੀਰਵੀਂ ਠੰਡ ਤੋਂ ਬਚਣ ਲਈ ਲੋਕਾਂ ਨੇ ਸ਼ੋਅਰੂਮਾਂ ਵਿਚ ਜਾ ਕੇ ਗਰਮ ਕੱਪੜਿਆਂ ਦੀ ਖਰੀਦੋ-ਫਰੋਖਤ ਸ਼ੁਰੂ ਕਰ ਦਿੱਤੀ ਹੈ। ਜਦੋਂ ਅੱਜ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ ਜਾ ਕੇ ਦੇਖਿਆ ਗਿਆ ਤਾਂ ਲੋਕ ਵੱਡੀ ਪੱਧਰ ‘ਤੇ ਠੰਡ ਤੋਂ ਬਚਣ ਲਈ ਗਰਮ ਕੱਪੜਿਆਂ ਦੀ ਖਰੀਦ ਰਹੇ ਸਨ।


Related News