ਹੁਣ ਦੇਸ਼ ਦੇ ਬੱਚੇ, ਬੁੱਢੇ ਤੇ ਜਵਾਨ ਵੀ ਲੈ ਸਕਣਗੇ 'ਸਟੀਮ ਇੰਜਣ' ਦੇ ਨਜ਼ਾਰੇ
Monday, Dec 10, 2018 - 04:24 PM (IST)

ਪਠਾਨਕੋਟ - ਅੰਗਰੇਜ਼ਾਂ ਦੇ ਜ਼ਮਾਨੇ ਦਾ ਸਟੀਮ ਇੰਜਣ ਹੁਣ ਟਰੇਨ 'ਚ ਸਕੂਲੀ ਬੱਚਿਆਂ ਨੂੰ ਪਾਲਮਪੁਰ ਤੋਂ ਬੈਜਨਾਥ ਤੱਕ ਸੈਰ ਕਰਵਾਏਗਾ। ਰੇਲਵੇ ਨੇ ਇਸ ਲਈ ਹਰ ਐਤਵਾਰ ਨੂੰ ਬੁਕਿੰਗ ਕਰਨ ਦੀ ਯੋਜਨਾ ਬਣਾਈ ਹੈ। ਸਟੀਮ ਇੰਜਣ ਟਰੇਨ ਦੀ ਆਮ ਲੋਕ, ਮਹਿਲਾ ਮੰਡਲ ਤੇ ਯੂਥ ਕਲੱਬ ਵੀ ਬੁਕਿੰਗ ਕਰਵਾ ਸਕਦੇ ਹਨ। ਸੈਰ ਸਪਾਟੇ ਦੀ ਦ੍ਰਿਸ਼ਟੀ ਤੋਂ ਰੇਲਵੇ ਨੇ ਇਸ ਯੋਜਨਾ ਨੂੰ ਸ਼ੁਰੂ ਕੀਤਾ ਹੈ। ਘੱਟ ਕਿਰਾਏ ਕਾਰਨ ਆਮ ਲੋਕ ਵੀ ਇਸ ਦਾ ਲਾਭ ਲੈ ਸਕਦੇ ਹਨ।
ਇਸ ਤੋਂ ਪਹਿਲਾਂ ਨਵੰਬਰ 'ਚ ਅੰਗਰੇਜ਼ ਟੂਰਿਜ਼ਮ ਵਲੋਂ ਕਰਵਾਈ ਗਈ ਬੁਕਿੰਗ ਤੋਂ ਬਾਅਦ ਇਹ ਸਟੀਮ ਇੰਜਣ ਪਾਲਮਪੁਰ ਤੋਂ ਬੈਜਨਾਥ ਆਇਆ ਸੀ। ਇਸ ਤੋਂ ਬਾਅਦ ਹੁਣ ਰੇਲਵੇ ਵਿਭਾਗ ਨੇ ਇਸ ਇੰਜਣ ਨੂੰ ਲਗਾਤਾਰ ਚਲਾਏ ਰੱਖਣ ਤੇ ਸੈਲਾਨੀਆਂ ਨੂੰ ਇਸ ਵੱਲ ਆਕਰਸ਼ਿਤ ਕਰਨ ਲਈ ਹਰ ਐਤਵਾਰ ਬੁਕਿੰਗ ਦਾ ਪ੍ਰਬੰਧ ਕਰ ਦਿੱਤਾ ਹੈ। ਬੱਚਿਆਂ ਤੋਂ ਇਲਾਵਾ ਕੋਈ ਹੋਰ ਵੀ ਛੁੱਟੀਆਂ ਦੇ ਦਿਨਾਂ 'ਚ ਸਟੀਮ ਇੰਚਣ ਨਾਲ ਸੈਰ ਕਰਨੀ ਚਾਹੁੰਦਾ ਹੈ ਤਾਂ ਉਹ ਵੀ ਬੁਕਿੰਗ ਕਰਵਾ ਸਕਦਾ ਹੈ। ਰੇਲਵੇ ਵਿਭਾਗ ਨੇ ਇਸ ਲਈ ਵੱਧ ਤੋਂ ਵੱਧ ਯਾਤਰੀਆਂ ਦੀ ਸੰਖਿਆਂ 50 ਰੱਖੀ ਹੈ।
ਰੇਲਵੇ ਵਲੋਂ ਸਟੀਮ ਇੰਜਣ ਨਾਲ 2 ਸਪੈਸ਼ਲ ਕੋਚ ਵੀ ਲਗਾਏ ਜਾਣਗੇ। ਦੱਸ ਦੇਈਏ ਕਿ ਪਿਛਲੇ ਮਹੀਨੇ ਪਠਾਨਕੋਟ-ਜੋਗਿੰਦਰਨਗਰ ਰੇਲਵੇ ਟ੍ਰੈਕ 'ਤੇ ਸਟੀਮ ਇੰਜਣ ਦੌੜਿਆ ਸੀ। ਲੋਕੋ ਇੰਸਪੈਕਟਰ ਨਾਜਿਰ ਹੁਸੈਨ ਨੇ ਦੱਸਿਆ ਕਿ ਐਤਵਾਰ ਨੂੰ ਸਕੂਲੀ ਬੱਚੇ ਜਾ ਹੋਰ ਗਰੁੱਪ ਵੀ ਸਟੀਮ ਇੰਚਣ ਨਾਲ ਯਾਤਰਾ ਦਾ ਮਜ਼ਾ ਲੈ ਸਕਦੇ ਹਨ। ਇਸ ਦੇ ਲਈ ਯਾਤਰੀ ਪਾਲਮਪੁਰ, ਬੈਜਨਾਥ ਸਮੇਤ ਪਠਾਨਕੋਟ 'ਚ ਵੀ ਬੁਕਿੰਗ ਕਰਵਾ ਸਕਣਗੇ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਮੰਡਲ ਵਲੋਂ ਹੁਣ ਤੱਕ ਕਿਰਾਏ ਸਬੰਧੀ ਕੋਈ ਸੂਚਨਾ ਨਹੀਂ ਮਿਲੀ ਹੈ। ਜਿਵੇਂ ਹੀ ਕਿਰਾਏ ਸਬੰਧੀ ਆਦੇਸ਼ ਜਾਰੀ ਹੋਣਗੇ, ਸਟੀਮ ਇੰਜਣ ਲਈ ਯਾਤਰੀਆਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਜਾਵੇਗੀ।