ਪਠਾਨਕੋਟ : ਨਵੇਂ ਸਾਲ ''ਤੇ ਪੁਲਸ ਨੇ ਚਲਾਇਆ ਸਰਚ ਅਭਿਆਨ
Tuesday, Dec 31, 2019 - 05:42 PM (IST)
ਪਠਾਨਕੋਟ (ਧਰਮਿੰਦਰ ਠਾਕੁਰ) - ਤਿੰਨ ਸਾਲ ਪਹਿਲਾਂ ਨਵੇਂ ਸਾਲ ਦੇ ਅਗਲੇ ਦਿਨ ਪਠਾਨਕੋਟ ਏਅਰਬੇਸ 'ਤੇ ਹੋਇਆ ਅੱਤਵਾਦੀ ਹਮਲਾ ਅੱਜ ਵੀ ਜਦੋਂ ਲੋਕਾਂ ਦੇ ਜਹਿਨ 'ਚ ਆਉਂਦਾ ਹੈ ਤਾਂ ਰੂਹ ਕੰਬ ਜਾਂਦੀ ਹੈ। ਉਸ ਹਮਲੇ ਤੋਂ ਲੈ ਕੇ ਹੁਣ ਤੱਕ ਲਗਾਤਾਰ ਪੁਲਸ ਪ੍ਰਸ਼ਾਸਨ ਵਲੋਂ ਜ਼ਿਲੇ ਦੇ ਹਰ ਹਿੱਸੇ 'ਚ ਤਿੱਖੀ ਨਜ਼ਰ ਰੱਖੀ ਹੋਈ ਹੈ ਤਾਂ ਕਿ ਜ਼ਿਲੇ 'ਚ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਨਵੇਂ ਸਾਲ ਦੀ ਸ਼ੁਰੂਆਤ ਮੌਕੇ ਲੋਕਾਂ ਵਲੋਂ ਮਨਾਏ ਜਾ ਰਹੇ ਜਸ਼ਨ ਨੂੰ ਲੈ ਕੇ ਪੁਲਸ ਨੇ ਸ਼ਹਿਰ 'ਚ ਚੌਕਸੀ ਵਧਾ ਦਿੱਤੀ ਹੈ। ਪੁਲਸ ਪ੍ਰਸ਼ਾਸਨ ਵਲੋਂ ਜ਼ਿਲੇ ਭਰ ਦੇ ਵੱਖ-ਵੱਖ ਇਲਾਕਿਆਂ 'ਚ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਹਲਕਾ ਭੋਆ ਵਿਖੇ ਵੀ ਪੁਲਸ ਵਲੋਂ ਪਿੰਡਾਂ 'ਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਆਉਣ ਜਾਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪਠਾਨਕੋਟ 'ਚ ਨਵੇਂ ਸਾਲ ਮੌਕੇ ਕੋਈ ਘਟਨਾ ਨਾ ਵਾਪਰ ਸਕੇ, ਦੇ ਸਬੰਧ 'ਚ ਪੁਲਸ ਨੇ ਕਮਰ ਕੱਸ ਲਈ ਹੈ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕੋਈ ਸ਼ੱਕੀ ਵਿਅਕਤੀ ਜਾਂ ਚੀਜ ਦਿਖਾਈ ਦੇਵੇ ਤਾਂ ਉਹ ਇਸ ਦੀ ਜਾਣਕਾਰੀ ਪੁਲਸ ਨੂੰ ਦੇਣ।