ਮਾਲਵਾ ਦੇ 4 ਜ਼ਿਲਿਅਾਂ ’ਚ ਨਹੀਂ ਹੈ ਪਾਸਪੋਰਟ ਕੇਂਦਰ ਦੀ ਸਹੂਲਤ

06/21/2018 1:27:22 AM

ਫਿਰੋਜ਼ਪੁਰ(ਮਲਹੋਤਰਾ, ਜੈਨ,ਕੁਮਾਰ)-ਮਾਲਵਾ ਦੇ 4 ਜ਼ਿਲਿਆਂ ਦੇ ਲੋਕਾਂ ਨੂੰ ਜਲਦ ਹੀ ਪਾਸਪੋਰਟ ਸੇਵਾ ਕੇਂਦਰ ਮਿਲਣ ਜਾ ਰਿਹਾ ਹੈ ਤੇ ਅੰਮ੍ਰਿਤਸਰ ਦੇ ਚੱਕਰਾਂ ਤੋਂ ਛੁਟਕਾਰਾ ਵੀ। ਸ਼ਹਿਰੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਵਿਦੇਸ਼ ਮੰਤਰਾਲੇ ਨੂੰ ਚਿੱਠੀ ਭੇਜ ਕੇ ਮੰਗ ਕੀਤੀ ਹੈ ਕਿ ਸਰਹੱਦੀ ਜ਼ਿਲੇ ਫਿਰੋਜ਼ਪੁਰ ’ਚ ਪਾਸਪੋਰਟ ਸੇਵਾ ਕੇਂਦਰ ਖੋਲ੍ਹਿਆ ਜਾਵੇ ਤਾਂ ਕਿ ਲੋਕਾਂ ਨੂੰ ਪਾਸਪੋਰਟ ਸੰਬੰਧੀ ਸੇਵਾਵਾਂ ਇੱਥੇ ਹੀ ਮਿਲ ਸਕਣ। ਪਿੰਕੀ ਨੇ ਕਿਹਾ ਕਿ ਉਨ੍ਹਾਂ ਚੋਣਾਂ ਦੌਰਾਨ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਫਿਰੋਜ਼ਪੁਰ ’ਚ ਪਾਸਪੋਰਟ ਸੇਵਾ ਕੇਂਦਰ ਖੋਲ੍ਹਿਆ ਜਾਵੇਗਾ ਤੇ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਦੀ ਗੱਲ ਮੰਨਦਿਆਂ ਹੋਇਆਂ ਇਸ ਨੂੰ ਮਨਜੂਰ ਕਰ ਲਿਆ ਹੈ ਤੇ ਜਲਦ ਹੀ ਇਹ ਸੇਵਾਵਾਂ ਸ਼ੁਰੂ ਹੋ ਜਾਣਗੀਆਂ ਤੇ ਫਿਰੋਜ਼ਪੁਰ, ਮੁਕਤਸਰ, ਫਾਜ਼ਿਲਕਾ ਤੇ ਫਰੀਦਕੋਟ ਜ਼ਿਲਿਆਂ ਦੇ ਲੋਕਾਂ ਨੂੰ ਇਸਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਕੇਂਦਰ ਇੱਥੇ ਸ਼ੁਰੂ ਹੋਣ ਨਾਲ 120 ਕਿਲੋਮੀਟਰ ਦੇ ਸਫਰ ਤੋਂ ਮੁਕਤੀ ਮਿਲੇਗੀ ਤੇ ਸਡ਼ਕਾਂ ’ਤੇ ਟਰੈਫਿਕ ਵੀ ਘਟੇਗਾ। 
ਟੀਮ ਕਰ ਚੁੱਕੀ ਹੈ ਨਿਰੀਖਣ
 ਪਿਛਲੇ ਦਿਨੀਂ ਅੰਮ੍ਰਿਤਸਰ ਦੇ ਪਾਸਪੋਰਟ ਅਧਿਕਾਰੀ ਰਾਜ ਕੁਮਾਰ ਬਾਲੀ ਵੱਲੋਂ ਮੁੱਖ ਡਾਕਘਰ ਦਾ ਨਿਰੀਖਣ ਕੀਤਾ ਗਿਆ ਸੀ ਤਾਂ ਉਨ੍ਹਾਂ ਦਫਤਰ ’ਚ ਬਣੇ ਹਾਲ ਦੀ ਮੰਗ ਕੀਤੀ ਤਾਂ ਪਤਾ ਲੱਗਾ ਹੈ ਕਿ ਡਾਕ ਵਿਭਾਗ ਦੇ ਅਧਿਕਾਰੀਆਂ ਨੇ ਪਾਸਪੋਰਟ ਸੇਵਾ ਕੇਂਦਰ ਲਈ ਇਹ ਹਾਲ ਦੇਣ ਤੋਂ ਸਾਫ ਇਨਕਾਰੀ ਕਰ ਦਿੱਤੀ ਹੈ ਜਦਕਿ ਸੇਵਾ ਕੇਂਦਰ ਲਈ ਹੋਰ ਕਿਸੇ ਥਾਂ ਦੇਣ ਦੀ ਹਾਮੀ ਜ਼ਰੂਰ ਵਿਭਾਗ ਨੇ ਭਰੀ ਹੈ।
ਉੱਚ ਅਧਿਕਾਰੀਆਂ ਨੂੰ ਚਿੱਠੀਆਂ ਭੇਜੀਆਂ ਹਨ : ਪ੍ਰਕਾਸ਼ ਸਿੰਘ
ਡਾਕ ਵਿਭਾਗ ਦੇ ਸੁਪਰੀਡੈਂਟ ਪ੍ਰਕਾਸ਼ ਸਿੰਘ ਨੇ ਆਖਿਆ ਕਿ ਪਾਸਪੋਰਟ ਸੇਵਾ ਕੇਂਦਰ ਖੋਲ੍ਹਣ ਲਈ ਘੱਟੋਂ-ਘੱਟ 300 ਸਕੇਅਰ ਫੁੱਟ ਜਗ੍ਹਾਂ ਦੀ ਲੋਡ਼ ਹੈ ਤੇ ਉਨ੍ਹਾਂ ਦੁਆਰਾ 398 ਸਕੇਅਰ ਫੁੱਟ ਜਗ੍ਹਾ ਕੇਂਦਰ ਅਧਿਕਾਰੀਆਂ ਨੂੰ ਦਿਖਾਈ ਗਈ। ਇਸ ਸਬੰਧੀ ਚਿੱਠੀ ਬਣਾ ਕੇ ਉਨ੍ਹਾਂ ਡਾਕ ਵਿਭਾਗ ਉਚ-ਅਧਿਕਾਰੀਆਂ ਨੂੰ ਵੀ ਭੇਜ ਦਿੱਤੀ ਹੈ।


Related News